• Home
  • ਕੈਪਟਨ ਸਰਕਾਰ ਵੱਲੋਂ ਪੰਜਾਬ ਵਿੱਚ ਕਸ਼ਮੀਰੀ ਵਿਦਿਆਰਥੀਆਂ ਲਈ 181 ਨੰਬਰ ’ਤੇ ਵਿਸ਼ੇਸ਼ ਡੈਸਕ ਸਥਾਪਤ

ਕੈਪਟਨ ਸਰਕਾਰ ਵੱਲੋਂ ਪੰਜਾਬ ਵਿੱਚ ਕਸ਼ਮੀਰੀ ਵਿਦਿਆਰਥੀਆਂ ਲਈ 181 ਨੰਬਰ ’ਤੇ ਵਿਸ਼ੇਸ਼ ਡੈਸਕ ਸਥਾਪਤ

ਚੰਡੀਗੜ, 23 ਫਰਵਰੀ;ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਾਦੀ ਤੋਂ ਆਏ ਵਿਦਿਆਰਥੀਆਂ ਦੀ ਮਦਦ ਦਾ ਭਰੋਸਾ ਦੇਣ ਤੋਂ ਕੁਝ ਦਿਨਾਂ ਬਾਅਦ ਪੰਜਾਬ ਪੁਲੀਸ ਨੇ ਕਸ਼ਮੀਰ ਦੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਫੌਰੀ ਨਿਪਟਾਰੇ ਲਈ ਵਿਸ਼ੇਸ਼ ਡੈਸਕ ਸਥਾਪਤ ਕੀਤਾ ਹੈ।ਇਹ ਡੈਸਕ ਪੁਲੀਸ ਦੇ ਟੌਲ ਫਰੀ ਨੰਬਰ 181 ’ਤੇ ਮੁਹੱਈਆ ਹੋਵੇਗਾ ਅਤੇ ਸੂਬੇ ਵਿੱਚ ਕਸ਼ਮੀਰ ਦੇ ਵਿਦਿਆਰਥੀਆਂ ਲਈ ਕਿਸੇ ਕਿਸਮ ਦੀ ਪ੍ਰੇਸ਼ਾਨੀ ਹੋਣ ’ਤੇ ਤੁਰੰਤ ਅਤੇ ਠੋਸ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇਗਾ।ਪੁਲਵਾਮਾ ਹਮਲੇ ਤੋਂ ਬਾਅਦ ਮੁਲਕ ਦੇ ਵੱਖ-ਵੱਖ ਹਿੱਸਿਆਂ ਵਿੱਚ ਕਸ਼ਮੀਰੀ ਵਿਦਿਆਰਥੀਆਂ ਅਤੇ ਹੋਰਾਂ ਨੂੰ ਤੰਗ-ਪ੍ਰੇਸ਼ਾਨ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਇਹ ਸਰਗਰਮ ਕਦਮ ਚੁੱਕਿਆ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਦਹਿਸ਼ਤੀ ਹਮਲਾ ਵਾਪਰਨ ਦੇ ਕੁਝ ਘੰਟਿਆਂ ਦੇ ਅੰਦਰ ਹੀ ਉਨਾਂ ਦੀ ਸਰਕਾਰ ਵੱਲੋਂ ਸੂਬੇ ਵਿੱਚ ਕਸ਼ਮੀਰੀਆਂ ਦੀ ਪੂਰੀ ਸੁਰੱਖਿਆ ਅਤੇ ਹਿਫਾਜ਼ਤ ਨੂੰ ਯਕੀਨੀ ਬਣਾਉਂਦਿਆਂ ਕਿਹਾ ਸੀ ਕਿ ਕਿਸੇ ਨੂੰ ਵੀ ਉਨਾਂ ਨੂੰ ਪ੍ਰੇਸ਼ਾਨ ਕਰਨ ਦੀ ਹਰਗਿਜ਼ ਇਜਾਜ਼ਤ ਨਹੀਂ ਦਿੱਤੀ ਜਾਵੇਗੀ।ਵੱਖ-ਵੱਖ ਸੂਬਿਆਂ ਵਿੱਚ ਕਸ਼ਮੀਰੀ ਵਿਦਿਆਰਥੀਆਂ, ਵਪਾਰੀਆਂ ਅਤੇ ਹੋਰਾਂ ’ਤੇ ਹਮਲਿਆਂ ਦੀਆਂ ਰਿਪੋਰਟਾਂ ਸਾਹਮਣੇ ਆਉਣ ’ਤੇ ਪੰਜਾਬ ਵਿੱਚ ਇਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਸ਼ਮੀਰ ਵਾਂਗ ਕਸ਼ਮੀਰੀ ਵੀ ਭਾਰਤ ਦਾ ਬਰਾਬਰ ਹਿੱਸਾ ਹਨ ਅਤੇ ਆਈ.ਐਸ.ਆਈ. ਦੇ ਹੱਥਠੋਕੇ ਅੱਤਵਾਦੀਆਂ ਦੀ ਕਾਰਵਾਈ ਲਈ ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾ ਕੇ ਜ਼ੁਲਮ ਢਾਹੁਣਾ ਜਾਂ ਪ੍ਰੇਸ਼ਾਨ ਕਰਨਾ ਗੈਰ-ਸੰਵਿਧਾਨਕ ਹੋਣ ਦੇ ਨਾਲ-ਨਾਲ ਅਣਮਨੁੱਖੀ ਵਰਤਾਰਾ ਹੈ।ਕਸ਼ਮੀਰੀ ਵਿਦਿਆਰਥੀਆਂ ਲਈ ਸ਼ੁਰੂ ਕੀਤੇ ਵਿਸ਼ੇਸ਼ ਡੈਸਕ ਦਾ ਉਦੇਸ਼ ਪੰਜਾਬ ਵਿੱਚ ਰਹਿ ਰਹੇ ਕਸ਼ਮੀਰੀਆਂ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਵਾਉਣਾ ਹੈ। ਜੰਮੂ-ਕਸ਼ਮੀਰ ਦੇ ਲੋਕਾਂ/ਵਿਦਿਆਰਥੀਆਂ ਨੂੰ ਕਿਸੇ ਤਰਾਂ ਪ੍ਰੇਸ਼ਾਨੀ ਜਾਂ ਡਰਾਉਣ-ਧਮਕਾਉਣ ਦੀ ਕਿਸੇ ਵੀ ਸ਼ਿਕਾਇਤ ਦੇ ਨਿਪਟਾਰੇ ਲਈ ਫੌਰੀ ਕਾਰਵਾਈ ਕੀਤੀ ਜਾਇਆ ਕਰੇਗੀ। ਪੀੜਤ ਵੱਲੋਂ 181 ਨੰਬਰ ’ਤੇ ਕਾਲ ਕਰਨ ਜਾਂ ਮੋਬਾਈਲ ਨੰਬਰ ੭੬੯੬੧-੮੧੧੮੧ ’ਤੇ ਵੱਟਸਐਪ ਮੈਸੇਜ ਭੇਜਿਆ ਜਾ ਸਕਦਾ ਹੈ। ਇਸੇ ਤਰਾਂ ਪੀੜਤ ਵੱਲੋਂ ਆਪਣੀ ਸ਼ਿਕਾਇਤ 0172-6626181 ਨੰਬਰ ’ਤੇ ਫੈਕਸ ਅਤੇ 0੧੮੧. ’ਤੇ ਈ-ਮੇਲ ਕੀਤੀ ਜਾ ਸਕਦੀ ਹੈ।ਪੰਜਾਬ ਪੁਲੀਸ ਨੇ ਸ਼ਿਕਾਇਤਾਂ ’ਤੇ ਫੌਰੀ ਜਵਾਬ ਦੇਣ ਅਤੇ ਨਿਪਟਾਰੇ ਦੀ ਦੇਖ-ਰੇਖ ਲਈ ਡੀ.ਆਈ.ਜੀ. (ਲਾਅ ਐਂਡ ਆਰਡਰ) ਸੁਰਜੀਤ ਸਿੰਘ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਹੈ। ਪੰਜਾਬ ਪੁਲੀਸ ਦੇ ਨੋਟੀਫਿਕੇਸ਼ਨ ਮੁਤਾਬਕ ਡੀ.ਆਈ.ਜੀ. ਸੂਬੇ ਦੇ ਅਧਿਕਾਰ ਖੇਤਰ ਵਿੱਚ ਰਹਿ ਰਹੇ ਜੰਮੂ ਕਸ਼ਮੀਰ ਦੇ ਵਿਦਿਆਰਥੀਆਂ/ਲੋਕਾਂ ਨਾਲ ਸਬੰਧਤ ਮਸਲਿਆਂ ਅਤੇ ਸ਼ਿਕਾਇਤਾਂ ਦੀ ਨਿਗਰਾਨੀ ਕਰਨਗੇ।ਨੋਟੀਫਿਕੇਸ਼ਨ ਮੁਤਾਬਕ ਜੰਮੂ ਕਸ਼ਮੀਰ ਦਾ ਕੋਈ ਵੀ ਵਿਅਕਤੀ/ਵਿਦਿਆਰਥੀ ਸੰਕਟਕਾਲੀਨ ਸਥਿਤੀ ਵਿੱਚ ਨੋਡਲ ਅਫਸਰ ਦੇ ਮੋਬਾਈਲ ਨੰਬਰ 94645-00004 ਜਾਂ ਚੰਡੀਗੜ ਦੇ ਸੈਕਟਰ-9 ਵਿੱਚ ਸਥਿਤ ਪੰਜਾਬ ਪੁਲੀਸ ਹੈੱਡਕੁਆਰਟਰ ਵਿਖੇ ਉਨਾਂ ਦੇ ਦਫ਼ਤਰ ਦੇ ਨੰਬਰ 0172-2747767 ’ਤੇ ਪਹੁੰਚ ਕਰ ਸਕਦਾ ਹੈ।ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਮੁੱਖ ਮੰਤਰੀ ਨੇ ਪੁਲੀਸ ਵਿਭਾਗ ਨੂੰ ਹਦਾਇਤ ਕੀਤੀ ਕਿ ਪੰਜਾਬ ਵਿੱਚ ਕਸ਼ਮੀਰੀਆਂ ਦੀਆਂ ਸ਼ਿਕਾਇਤਾਂ ਸਾਹਮਣੇ ਆਉਣ ’ਤੇ ਉਨਾਂ ਦੇ ਤੁਰੰਤ ਨਿਪਟਾਰੇ ਨੂੰ ਯਕੀਨੀ ਬਣਾਇਆ ਜਾਵੇ। ਉਨਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਸ ਸਬੰਧ ਵਿੱਚ ਕਿਸੇ ਤਰਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।---------