• Home
  • ਪਟਿਆਲਾ ਪੁਲਿਸ ਨੇ ਫੜੀ ਇੱਕ ਕਰੋੜ ਰੁਪਏ ਦੀ ਪੁਰਾਣੀ ਕਰੰਸੀ-ਤਿੰਨ ਜਣੇ 1.54 ਲੱਖ ਦੀ ਨਵੀਂ ਕਰੰਸੀ, ਪਾਬੰਦੀਸ਼ੁਦਾ ਪਿਸਤੌਲ, 13 ਜਿੰਦਾ, 9 ਚੱਲੇ ਕਾਰਤੂਸਾਂ ਤੇ ਇੱਕ ਕਾਰ ਸਮੇਤ ਗ੍ਰਿਫ਼ਤਾਰ

ਪਟਿਆਲਾ ਪੁਲਿਸ ਨੇ ਫੜੀ ਇੱਕ ਕਰੋੜ ਰੁਪਏ ਦੀ ਪੁਰਾਣੀ ਕਰੰਸੀ-ਤਿੰਨ ਜਣੇ 1.54 ਲੱਖ ਦੀ ਨਵੀਂ ਕਰੰਸੀ, ਪਾਬੰਦੀਸ਼ੁਦਾ ਪਿਸਤੌਲ, 13 ਜਿੰਦਾ, 9 ਚੱਲੇ ਕਾਰਤੂਸਾਂ ਤੇ ਇੱਕ ਕਾਰ ਸਮੇਤ ਗ੍ਰਿਫ਼ਤਾਰ

ਪਟਿਆਲਾ, 19 ਮਾਰਚ: ਲੋਕ ਸਭਾ ਚੋਣਾਂ-2019 ਸਬੰਧੀਂ ਲਾਗੂ ਹੋਏ ਆਦਰਸ਼ ਚੋਣ ਜਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਦਿਆਂ ਜ਼ਿਲ੍ਹਾ ਪਟਿਆਲਾ ਪੁਲਿਸ ਨੇ ਅੱਜ ਦੇਰ ਸ਼ਾਮ ਰਾਜਪੁਰਾ ਤੋਂ ਇੱਕ ਕਰੋੜ ਰੁਪਏ ਦੀ ਪੁਰਾਣੀ ਕਰੰਸੀ ਅਤੇ ਪਾਬੰਦੀਸ਼ੁਦਾ .455 ਬੋਰ ਦੇ ਇੱਕ ਪਿਸਤੌਲ ਅਤੇ 13 ਜਿੰਦਾ ਤੇ 9 ਚੱਲੇ ਕਾਰਤੂਸਾਂ ਸਮੇਤ 3 ਜਣਿਆਂ ਨੂੰ ਗ੍ਰਿਫ਼ਤਾਰ ਕਰਨ 'ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇੱਥੇ ਅੱਜ ਦੇਰ ਰਾਤ ਆਪਣੇ ਦਫ਼ਤਰ ਵਿਖੇ ਕਾਹਲੀ 'ਚ ਸੱਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਪਾਸੋਂ 1.54 ਲੱਖ ਰੁਪਏ ਦੀ ਨਵੀਂ ਕਰੰਸੀ ਨੋਟ ਵੀ ਬਰਾਮਦ ਹੋਏ ਹਨ। ਸ. ਸਿੱਧੂ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਅਤੇ ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ ਰਾਜੂ ਦੀਆਂ ਹਦਾਇਤਾਂ ਅਨੁਸਾਰ ਚੋਣ ਜਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਪਟਿਆਲਾ ਪੁਲਿਸ ਨੇ ਜ਼ਿਲ੍ਹੇ ਭਰ 'ਚ ਨਾਕਾਬੰਦੀ ਕਰਕੇ ਮੁਸ਼ਤੈਦੀ ਕੀਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ ਪਟਿਆਲਾ ਸ੍ਰੀ ਕੁਮਾਰ ਅਮਿਤ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਪਟਿਆਲਾ ਪੁਲਿਸ ਨੇ ਬੀਤੇ ਦਿਨੀਂ ਜਿੱਥੇ ਪਹਿਲਾਂ 92 ਲੱਖ ਰੁਪਏ ਤੋਂ ਵਧੇਰੇ ਦੀ ਰਾਸ਼ੀ ਬਰਾਮਦ ਕੀਤੀ ਸੀ, ਉਥੇ ਹੀ ਕੱਲ੍ਹ ਨਾਭਾ ਤੋਂ ਵੀ 13 ਲੱਖ ਰੁਪਏ ਤੋਂ ਵਧੇਰੇ ਦੀ ਨਗ਼ਦੀ ਬਰਾਮਦ ਕਰਕੇ ਪਟਿਆਲਾ ਪੁਲਿਸ ਵੱਲੋਂ ਜ਼ਿਲ੍ਹੇ ਅੰਦਰ ਚੋਣ ਜਾਬਤੇ ਨੂੰ ਪੂਰੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ। ਸ. ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਫੜੀ ਗਈ ਪੁਰਾਣੀ ਕਰੰਸੀ ਅਤੇ ਅਸਲੇ ਸਬੰਧੀਂ ਥਾਣਾ ਰਾਜਪੁਰਾ ਵਿਖੇ ਪੁਲਿਸ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਦੀ ਪੂਰੀ ਜਾਂਚ ਕਰਕੇ ਪਤਾ ਲਾਇਆ ਜਾਵੇਗਾ ਕਿ ਇਹ ਕਰੰਸੀ ਕਿੱਥੋਂ ਆਈ ਅਤੇ ਕਿਸ ਮੰਤਵ ਲਈ ਵਰਤੀ ਜਾਣੀ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਪੂਰੀ ਸੂਚਨਾ ਜ਼ਿਲ੍ਹਾਂ ਚੋਣ ਅਫ਼ਸਰ ਸ੍ਰੀ ਕੁਮਾਰ ਅਮਿਤ ਨੂੰ ਦੇਣ ਸਮੇਤ ਆਮਦਨ ਕਰ ਵਿਭਾਗ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਵੀ ਦਿੱਤੀ ਜਾਵੇਗੀ।  ਐਸ.ਐਸ.ਪੀ. ਨੇ ਦੱਸਿਆ ਕਿ ਫੜੇ ਗਏ ਤਿੰਨ ਜਣਿਆਂ 'ਚ ਕੰਵਰਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਗਉਪੁਰ ਕੁਰੂਕਸ਼ੇਤਰਾ, ਮੁਸਤਕੀਨ ਪੁੱਤਰ ਮਹੁੰਮਦ ਜਮੀਨ ਵਾਸੀ ਮੌਲੀ ਜੱਗਰਾਂ ਅਤੇ ਬਲਦੇਵ ਕੁਮਾਰ ਪੁੱਤਰ ਮੂਲ ਚੰਦ ਵਾਸੀ ਰੂਪ ਨਗਰ ਅੰਬਾਲਾ ਕੈਂਟ ਸ਼ਾਮਲ ਹਨ। ਇਨ੍ਹਾਂ ਨੂੰ ਐਚ.ਆਰ. 01 ਏ 8146 ਵਰਨਾ ਕਾਰ 'ਚ ਆਉਂਦਿਆਂ ਨੂੰ ਡੀ.ਐਸ.ਪੀ. ਰਾਜਪੁਰਾ ਸ. ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਭੁਪਿੰਦਰ ਸਿੰਘ ਐਸ.ਐਚ.ਓ. ਥਾਣਾ ਸਿਟੀ ਦੀ ਪੁਲਿਸ ਪਾਰਟੀ ਨੇ ਮਿਡਵੇ ਢਾਬਾ ਮੁੱਖ ਜੀ.ਟੀ. ਰੋਡ ਰਾਜਪੁਰਾ ਨੇੜੇ ਲਾਏ ਨਾਕੇ ਤੋਂ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੀ ਕਰੰਸੀ ਵਿੱਚ 85 ਲੱਖ ਰੁਪਏ ਦੇ 1000-1000 ਰੁਪਏ ਦੇ ਪੁਰਾਣੇ ਨੋਟ ਅਤੇ 15 ਲੱਖ ਰੁਪਏ ਦੇ 500-500 ਰੁਪਏ ਦੇ ਪੁਰਾਣੇ ਨੋਟ ਸਨ।  ਸ. ਸਿੱਧੂ ਨੇ ਦੱਸਿਆ ਕਿ ਇਨ੍ਹਾਂ ਦੇ ਇੱਸ ਪਾਸੇ ਆਉਣ ਦੀ ਪੁਲਿਸ ਨੂੰ ਗੁਪਤਾ ਸੂਚਨਾ ਸੀ ਜਿੱਸ ਦੇ ਮੱਦੇਨਜ਼ਰ ਨਾਕਾਬੰਦੀ ਕੀਤੀ ਗਈ ਸੀ ਤੇ ਇਨ੍ਹਾਂ ਦੀ ਗੱਡੀ ਨੂੰ ਆਉਂਦਿਆਂ ਦੇਖ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰੰਤੂ ਇਨ੍ਹਾਂ ਨੇ ਆਪਣੀ ਗੱਡੀ ਪਿਛੇ ਮੋੜਨ ਦਾ ਯਤਨ ਕੀਤਾ ਪਰੰਤੂ ਇਸ ਪੁਲਿਸ ਨੇ ਮੁਸ਼ਤੈਦੀ ਦਿਖਾਉਂਦਿਆਂ ਕਾਬੂ ਕਰ ਲਿਆ। ਉਨ੍ਹਾਂ ਕਿਹਾ ਕਿ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਇਹ ਪਾਬੰਦੀ ਸ਼ੁਦਾ ਪਿਸਤੌਲ ਕਿਸਦਾ ਹੈ, ਕਿਉਂਕਿ ਇਸ ਦਾ ਲਾਇਸੈਂਸ ਨਹੀਂ ਦਿਖਾ ਸਕੇ ਅਤੇ ਜੇਕਰ ਇਨ੍ਹਾਂ ਦਾ ਹੈ ਤਾਂ ਇਹ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਡੀ.ਐਮ. ਦੇ ਹੁਕਮਾਂ ਮੁਤਾਬਕ ਜਮਾਂ ਕਿਉਂ ਨਹੀਂ ਕਰਵਾਇਆ ਗਿਆ। ਸ. ਸਿੱਧੂ ਨੇ ਦੱਸਿਆ ਕਿ ਇਨ੍ਹਾਂ ਵਿਰੁੱਧ ਦੀ ਸਪੈਸੀਫਾਇਡ ਬੈਂਕ ਨੋਟ ਐਕਟ 2017 ਅਤੇ 420 ਆਈ.ਪੀ.ਸੀ. ਸਮੇਤ 25, 27/54/59 ਆਰਮਜ ਐਕਟ ਤਹਿਤ ਥਾਣਾ ਸਿਟੀ ਰਾਜਪੁਰਾ ਵਿਖੇ ਪੁਲਿਸ ਕੇਸ ਦਰਜ ਕਰ ਲਿਆ ਗਿਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਪੀ. ਜਾਂਚ ਸ. ਹਰਮੀਤ ਸਿੰਘ ਹੁੰਦਲ, ਡੀ.ਐਸ.ਪੀ. ਰਾਜਪੁਰਾ ਸ. ਮਨਪ੍ਰੀਤ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ।ਨੰ: ਲਸਪ (ਪ੍ਰੈ.ਰੀ.)-2019/275ਫੋਟੋ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਫੜੀ ਗਈ ਪੁਰਾਣੀ ਤੇ ਨਵੀਂ ਕਰੰਸੀ ਅਤੇ ਬਰਾਮਦ ਹੋਏ ਪਿਸਤੌਲ ਬਾਰੇ ਜਾਣਕਾਰੀ ਦਿੰਦੇ ਹੋਏ। ਉਨ੍ਹਾਂ ਦੇ ਨਾਲ ਐਸ.ਪੀ. ਜਾਂਚ ਸ. ਹਰਮੀਤ ਸਿੰਘ ਹੁੰਦਲ, ਡੀ.ਐਸ.ਪੀ. ਰਾਜਪੁਰਾ ਸ. ਮਨਪ੍ਰੀਤ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਨਜ਼ਰ ਆ ਰਹੇ ਹਨ।