• Home
  • ਵੱਡਾ ਫੈਸਲਾ :-ਫੂਲਕਾ ਦੇਣਗੇ ਵਿਧਾਇਕ ਦੇ ਅਹੁਦੇ ਤੋਂ 17 ਨੂੰ ਅਸਤੀਫ਼ਾ.! ਪੰਜ ਕਾਂਗਰਸੀ ਮੰਤਰੀਆਂ ਨੂੰ ਕੀਤਾ ਚੈਲੰਜ.

ਵੱਡਾ ਫੈਸਲਾ :-ਫੂਲਕਾ ਦੇਣਗੇ ਵਿਧਾਇਕ ਦੇ ਅਹੁਦੇ ਤੋਂ 17 ਨੂੰ ਅਸਤੀਫ਼ਾ.! ਪੰਜ ਕਾਂਗਰਸੀ ਮੰਤਰੀਆਂ ਨੂੰ ਕੀਤਾ ਚੈਲੰਜ.

ਚੰਡੀਗੜ, (ਖ਼ਬਰ ਵਾਲੇ ਬਿਊਰੋ):ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਉਘੇ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਉਹ 17 ਸਤੰਬਰ ਨੂੰ ਆਪਣਾ ਅਸਤੀਫ਼ਾ ਸਪੀਕਰ ਨੂੰ ਸੌਂਪ ਦੇਣਗੇ। ਉਨਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀਆਂ ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਸੁਖਜਿੰਦਰ ਰੰਧਾਵਾ, ਤ੍ਰਿਪਤ ਬਾਜਵਾ ਤੇ ਚਰਨਜੀਤ ਚੰਨੀ ਨੇ ਮੇਰੇ ਅਸਤੀਫ਼ਾ ਦੇਣ ਦੇ ਅਲਟੀਮੇਟਮ ਤੋਂ ਬਾਅਦ ਕਿਹਾ ਸੀ ਕਿ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਡੀਜੀਪੀ ਵਿਰੁਧ 15 ਦਿਨਾਂ 'ਚ ਕਾਰਵਾਈ ਕਰਨੀ ਸੰਭਵ ਨਹੀਂ ਪਰ ਅੱਜ ਮੈਂ ਉਨਾਂ ਮੰਤਰੀਆਂ ਨੂੰ ਚਨੌਤੀ ਦਿੰਦਾ ਹਾਂ ਕਿ ਉਹ ਮੇਰੇ ਨਾਲ ਬਹਿਸ ਕਰਨ ਤੇ ਮੈਂ ਦਸਾਂਗਾ ਕਿ ਕਿਵੇਂ 15 ਦਿਨਾਂ 'ਚ ਕਾਰਵਾਈ ਕਰਨੀ ਸੰਭਵ ਹੈ ਕਿਉਂਕਿ ਮੈਂ ਵਕਾਲਤ ਦਾ ਵਿਦਿਆਰਥੀ ਹਾਂ। ਉਨਾਂ ਇਹ ਵੀ ਕਿਹਾ ਕਿ ਭਾਵੇਂ ਮੈਂ ਇਹ ਫ਼ੈਸਲਾ ਭਾਵੁਕ ਹੋ ਕੇ ਲਿਆ ਸੀ, ਪਰ ਮੈਂ ਅਪਣੀ ਜਗ•ਾ ਠੀਕ ਹਾਂ ਕਿਉਂਕਿ ਮੈਂ ਗੁਰੂ ਗ੍ਰੰਥ ਸਾਹਿਬ ਦਾ ਆਦਰ ਕਰਦਾ ਹੈ ਤੇ ਇਸੇ ਲਈ ਬਹਿਬਲ ਕਲਾਂ ਕਾਂਡ ਮੌਕੇ ਪੀੜਤਾਂ ਨੂੰ ਮਿਲਣ ਲਈ ਵੀ ਗਿਆ ਸੀ ਤੇ ਉਨਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦੇਣ ਦੀ ਗੱਲ ਵੀ ਕਹੀ ਸੀ ਅਤੇ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਘਟਨਾ ਦੇ ਰੋਸ ਵਜੋਂ ਸਾਈਕਲ ਯਾਤਰਾ ਵੀ ਕੀਤੀ ਸੀ ।

ਉਨਾਂ ਕਿਹਾ ਕਿ ਭਾਵੇਂ ਉਨਾਂ ਅਸਤੀਫ਼ੇ ਬਾਰੇ ਪਾਰਟੀ ਨਾਲ ਕੋਈ ਸਲਾਹ ਨਹੀਂ ਕੀਤੀ, ਪਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਪਾਰਟੀ ਨੇ ਮੈਨੂੰ ਟਿਕਟ ਦਿਤੀ ਹੈ , ਇਸ ਦਾ ਮਤਲਬ ਇਹ ਨਹੀਂ ਕਿ ਮੈਂ ਆਪਣੇ ਤੌਰ 'ਤੇ ਕੋਈ ਫ਼ੈਸਲਾ ਨਹੀਂ ਲੈ ਸਕਦਾ। ਉਨਾਂ ਕਿਹਾ ਕਿ ਮੈਂ ਇਸ ਰਸਤੇ 'ਤੇ ਇਕੱਲਾ ਨਿਕਲਿਆ ਹਾਂ ਤੇ ਇਕੱਲਾ ਹੀ ਕਾਂਗਰਸ ਲਈ ਕਾਫ਼ੀ ਹਾਂ। ਉਨਾਂ ਦਸਿਆ ਕਿ ਅਸਤੀਫ਼ਾ ਦਰਅਸਲ 16 ਨੂੰ ਦੇਣਾ ਸੀ ਪਰ ਇਸ ਤਾਰੀਕ ਨੂੰ ਐਤਵਾਰ ਹੈ ਤੇ 16 ਨੂੰ ਮੈਂ ਦਰਬਾਰ ਸਾਹਿਬ ਜਾਵਾਂਗਾ ਤੇ 17 ਨੂੰ ਆਪਣਾ ਅਸਤੀਫ਼ਾ ਸਪੀਕਰ ਨੂੰ ਸੌਂਪ ਦੇਵਾਂਗਾ।