• Home
  • ਕੈਪਟਨ ਵੱਲੋਂ ਜਲਿਆਂ ਵਾਲਾ ਬਾਗ਼ ਸ਼ਤਾਬਦੀ ਦਾ ਸਿਆਸੀਕਰਨ ਕਰਨ ਵਾਸਤੇ ਮੋਦੀ ਦੀ ਤਿੱਖੀ ਆਲੋਚਨਾ

ਕੈਪਟਨ ਵੱਲੋਂ ਜਲਿਆਂ ਵਾਲਾ ਬਾਗ਼ ਸ਼ਤਾਬਦੀ ਦਾ ਸਿਆਸੀਕਰਨ ਕਰਨ ਵਾਸਤੇ ਮੋਦੀ ਦੀ ਤਿੱਖੀ ਆਲੋਚਨਾ

ਚੰਡੀਗੜ, 14 ਅਪ੍ਰੈਲ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਠੂਆ ਵਿਖੇ ਕੀਤੀ ਟਿੱਪਣੀ ’ਤੇ ਤਿੱਖਾ ਇਤਰਾਜ਼ ਪ੍ਰਗਟ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲਿਆਂਵਾਲਾ ਬਾਗ਼ ਸ਼ਤਾਬਦੀ ਦੇ ਮੌਕੇ ਘਟੀਆ ਸਿਆਸਤ ਕਰਨ ਲਈ ਮੋਦੀ ਦੀ ਤਿੱਖੀ ਆਲੋਚਨਾ ਕੀਤੀ ਹੈ।  ਕੇਂਦਰ ਸਰਕਾਰ ਵੱਲੋਂ ਆਯੋਜਿਤ ਜਲਿਆਂਵਾਲਾ ਬਾਗ਼ ਸਮਾਰੋਹ ਮੌਕੇ ਮੋਦੀ ਵੱਲੋਂ ਕੀਤੇ ਗਏ ਹਮਲੇ ’ਤੇ ਪਲਟਵਾਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਦੀਆਂ ਪਹਿਲਕਦਮੀਆਂ ਅਤੇ ਪ੍ਰੋਗਰਾਮਾਂ ਦਾ ਸਮਰਥਨ ਕਰਨ ਦੀ ਬਜਾਏ ਜਾਣਬੁੱਝ ਕੇ ਮੁਕਾਬਲੇ ਦਾ ਸਮਾਰੋਹ ਰੱਖਿਆ।  ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਪਿਛਲੇ ਦੋ ਸਾਲਾਂ ਦੋਰਾਨ ਅਨੇਕਾਂ ਵਾਰ ਨਿੱਜੀ ਤੌਰ ’ਤੇ ਪ੍ਰਧਾਨ ਮੰਤਰੀ ਤੱਕ ਪਹੁੰਚ ਕਰ ਕੇ ਸ਼ਾਨਦਾਰ ਤਰੀਕੇ ਨਾਲ ਇਤਿਹਾਸਕ ਸ਼ਤਾਬਦੀ ਮਨਾਉਣ ਲਈ ਬੇਨਤੀ ਕੀਤੀ ਸੀ ਪਰ ਕੇਂਦਰ ਸਰਕਾਰ ਇਸ ਦਾ ਢੁੱਕਵਾਂ ਹੁੰਗਾਰਾ ਭਰਨ ਵਿੱਚ ਅਸਫ਼ਲ ਰਹੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਉਲਟ ਮੋਦੀ ਸਰਕਾਰ ਨੇ ਲੋਕ ਸਭਾ ਚੋਣਾਂ ਦੇ ਪਿਛੋਕੜ ਵਿੱਚ ਸਿਆਸੀ ਲਾਹਾ ਲੈਣ ਵਾਸਤੇ ਆਪਣਾ ਖੁਦ ਦਾ ਸਮਾਰੋਹ ਮਨਾਉਣ ਦਾ ਫੈਸਲਾ ਕੀਤਾ। ਉਨਾਂ ਕਿਹਾ ਕਿ ਇਨਾਂ ਤੱਥਾਂ ਦੀ ਰੋਸ਼ਨੀ ਵਿੱਚ ਇਹ ਗੱਲ ਬਹੁਤ ਜਿਆਦਾ ਝੰਜੋੜਨ ਵਾਲੀ ਹੈ ਕਿ ਪ੍ਰਧਾਨ ਮੰਤਰੀ ਖੁਦ ਜਲਿਆਂਵਾਲਾ ਬਾਗ਼ ਟ੍ਰਸਟ ਦੇ ਚੇਅਰਮੈਨ ਹਨ।  ਮੁੱਖ ਮੰਤਰੀ ਨੇ ਆਪਣੇ ਟਵੀਟ ਵਿੱਚ ਵੀ ਲਿਖਿਆ ਹੈ,‘‘ਨਰਿੰਦਰ ਮੋਦੀ ਜੀ ਤੁਹਾਡੀ ਜਲਿਆਂਵਾਲਾ ਬਾਗ਼ ਬਾਰੇ ਕਠੂਆ ਵਿਖੇ ਕੀਤੀ ਟਿੱਪਣੀ ਹੈਰਾਨੀਜਨਕ ਹੈ। ਤੁਸੀਂ ਇਸ ਉਦਾਸਮਈ ਮੌਕੇ ਨੂੰ ਘਟੀਆ ਸਿਆਸਤ ਲਈ ਵਰਤਿਆ ਹੈ। ਤੁਸੀਂ ਮੇਰੀ ਸਰਕਾਰ ਨੂੰ ਮਦਦ ਦੇਣ ਦੀ ਬਜਾਏ ਮੁਕਾਬਲੇ ਵਿੱਚ ਆਪਣਾ ਸਮਾਰੋਹ ਮਨਾਉਣ ਦਾ ਫੈਸਲਾ ਕੀਤਾ ਜਿਸ ਦੇ ਵਾਸਤੇ ਅਸੀਂ ਦੋ ਸਾਲ ਤੱਕ ਬੇਨਤੀਆਂ ਕਰਦੇ ਰਹੇ।’’ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਵਿਪਰੀਤ ਕਾਂਗਰਸ ਲੀਡਰਸ਼ਿਪ ਆਪਣੀਆਂ ਸੂਬਾ ਸਰਕਾਰਾਂ ਨੂੰ ਨਾਦਰਸ਼ਾਹੀ ਹੁਕਮ ਦੇਣ ਵਿੱਚ ਵਿਸ਼ਵਾਸ ਨਹੀਂ ਰੱਖਦੀ। ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਦੀ ਇਸ ਟਿੱਪਣੀ ’ਤੇ ਪਲਟਵਾਰ ਕੀਤਾ ਜਿਸ ਵਿੱਚ ਉਨਾਂ ਕਿਹਾ ਸੀ ਕਿ ਕੈਪਟਨ ਆਪਣੀ ਹਾਈ ਕਮਾਂਡ ਦੇ ਦਬਾਅ ਹੇਠ ਕੇਂਦਰ ਸਰਕਾਰ ਦੇ ਸਮਾਰੋਹ ਵਿੱਚ ਸ਼ਾਮਲ ਨਹੀਂ ਹੋਏ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,‘‘ਇਹ ਗੱਲਾਂ ਭਾਜਪਾ ਵਿੱਚ ਵਾਪਰਦੀਆਂ ਹੋਣਗੀਆਂ ਜਿਸ ਨੂੰ ਤੁਸੀਂ ਨਾਦਰਸ਼ਾਹੀ ਢੰਗ ਤਰੀਕੇ ਨਾਲ ਚਲਾ ਰਹੇ ਹੋ।’’ ਮੁੱਖ ਮੰਤਰੀ ਨੇ ਕਿਹਾ ਕਿ ਵੋਟਰਾਂ ਨੂੰ ਭਰਮਾਉਣ ਵਾਸਤੇ ਇੰਨੇ ਹੇਠਾ ਤੱਕ ਚਲੇ ਜਾਣਾ ਸ਼ੋਭਾ ਨਹੀਂ ਦਿੰਦਾ। ਉਨਾਂ ਨੇ ਮੋਦੀ ਨੂੰ ਅਪੀਲ ਕੀਤੀ ਕਿ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਨਿਵਾਣਾਂ ਤੱਕ ਨਾ ਲਿਜਾਣ। ਕੈਪਟਨ ਅਮਰਿੰਦਰ ਸਿੰਘ ਨੇ ਅੰਗਰੇਜਾਂ ਵਿਰੁੱਧ ਆਜ਼ਾਦੀ ਸੰਘਰਸ਼ ਜਾਂ ਸਰਹੱਦਾਂ ਦੀ ਰਾਖੀ ਰੱਖਦੇ ਹੋਏ ਰੋਜ਼ਾਨਾ ਮਾਰੇ ਜਾ ਰਹੇ ਫੌਜੀਆਂ ਜਾਂ ਪੁਲਵਾਮਾ ਵਰਗੇ ਆਈ.ਐਸ.ਆਈ. ਦੇ ਸਮਰਥਨ ਨਾਲ ਕੀਤੇ ਹਮਲਿਆਂ ਦੇ ਸ਼ਹੀਦਾਂ ਦੀ ਵਰਤੋਂ ਆਪਣੀਆਂ ਸਿਆਸੀ ਖਾਹਿਸ਼ਾਂ ਦੀ ਪੂਰਤੀ ਲਈ ਨਾ ਕਰਨ ਲਈ ਪ੍ਰਧਾਨ ਮੰਤਰੀ ਨੂੰ ਆਖਿਆ।  ਆਪਣੇ ਸਿਆਸੀ ਉਦੇਸ਼ਾਂ ਲਈ ਝੂਠੇ ਭੰਡੀ ਪ੍ਰਚਾਰ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨ ਲਈ ਪ੍ਰਧਾਨ ਮੰਤਰੀ ਦੀ ਤਿੱਖੀ ਆਲੋਚਨਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਨੇ ਜਲਿਆਂਵਾਲਾ ਬਾਗ਼ ਸ਼ਤਾਬਦੀ ਸਮਾਰੋਹ ਦੇ ਮੌਕੇ ਸ਼ਾਮਲ ਨਾ ਹੋ ਕੇ ਪਹਿਲਾਂ ਇਸ ਖੂਨੀ ਸਾਕੇ ਦੇ ਸ਼ਹੀਦਾਂ ਦੀ  ਬੇਇਜ਼ਤੀ ਕੀਤੀ ਅਤੇ ਉਸ ਤੋਂ ਬਾਅਦ ਇਸ ਮੌਕੇ ਦਾ ਸਿਆਸੀਕਰਨ ਕਰਨ ਦਾ ਰਾਹ ਅਪਣਾਇਆ।  ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਮੋਦੀ ਇਸ ਘਟੀਆ ਸਿਆਸੀ ਖੇਡ ਵਿੱਚ ਰੁਝਾ ਹੋਇਆ ਸੀ ਉਸ ਵੇਲੇ ਉਹ ਖੁਦ ਸੂਬਾ ਪੱਧਰੀ ਸ਼ਤਾਬਦੀ ਸਮਾਰੋਹ ਵਿੱਚ ਹਿੱਸਾ ਲੈਣ ਲਈ ਜਲਿਆਂਵਾਲਾ ਬਾਗ਼ ਯਾਦਗਾਰ ਵਿਖੇ ਹਾਜ਼ਰ ਸਨ। ਸੂਬਾ ਸਰਕਾਰ ਨੇ ਕਈ ਮਹੀਨੇ ਪਹਿਲਾਂ ਇਸ ਸ਼ਤਾਬਦੀ ਨੂੰ ਮਨਾਉਣ ਦਾ ਪ੍ਰੋਗਰਾਮ ਉਲੀਕਿਆ ਸੀ। ਇਸ ਦੇ ਬਾਵਜੂਦ ਕੇਂਦਰ ਸਰਕਾਰ ਇਸ ਸ਼ਤਾਬਦੀ ਨੂੰ ਮਨਾਉਣ ਲਈ ਸਮਰਥਨ ਦੇਣ ਤੋਂ ਅਸਫ਼ਲ ਰਹੀ। ਉਨਾਂ ਕਿਹਾ ਕਿ ਅੰਮਿ੍ਰਤਸਰ ਵਿਖੇ ਸ਼ਤਾਬਦੀ ਸਮਾਰੋਹ ਮਨਾਉਣ ਤੋਂ ਬਾਅਦ ਉਹ ਇਕਦਮ ਚੰਡੀਗੜ ਵਿਖੇ ਦੀ ਟਿ੍ਰਬਿਊਨ ਟ੍ਰਸਟ ਵੱਲੋਂ ਆਯੋਜਿਤ ਇਸ ਤਰਾਂ ਦੇ ਇਕ ਹੋਰ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਚਲੇ ਗਏ।  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲਾਂਕਿ ਇਕ ਕੈਬਨਿਟ ਮੰਤਰੀ (ਓ.ਪੀ. ਸੋਨੀ) ਨੂੰ ਕੇਂਦਰ ਸਰਕਾਰ ਦੇ ਸਮਾਰੋਹ ਵਿੱਚ ਹਾਜ਼ਰ ਹੋਣ ਲਈ ਨਿਯੁਕਤ ਕੀਤਾ ਗਿਆ ਸੀ ਜਿਸ ਵਿੱਚ ੳੱਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਹਾਜ਼ਰ ਸਨ। ਉਨਾਂ ਕਿਹਾ ਕਿ ਹਰ ਜ਼ਰੂਰੀ ਪ੍ਰੋਟੋਕੋਲ ਦੀ ਪਾਲਣਾ ਕੀਤੀ ਗਈ ਹੈ।