• Home
  • ਸਮਾਜ ਨੂੰ ਸਹੀ ਸੇਧ ਦੇਣ ਵਿੱਚ ਕਿਤਾਬਾਂ ਦੀ ਭੂਮਿਕਾ ਅਹਿਮ : ਡਾ. ਸ ਸ ਜੌਹਲ

ਸਮਾਜ ਨੂੰ ਸਹੀ ਸੇਧ ਦੇਣ ਵਿੱਚ ਕਿਤਾਬਾਂ ਦੀ ਭੂਮਿਕਾ ਅਹਿਮ : ਡਾ. ਸ ਸ ਜੌਹਲ

ਪੀਏਯੂ ਵਿੱਚ ਮਨਾਇਆ ਗਿਆ ਵਿਸ਼ਵ ਪੁਸਤਕ ਦਿਹਾੜਾ

ਲੁਧਿਆਣਾ 23 ਅਪ੍ਰੈਲ
ਪੀਏਯੂ ਵਿੱਚ ਅੱਜ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਦੀ ਪ੍ਰੇਰਨਾ ਅਧੀਨ ਵਿਸ਼ਵ ਪੁਸਤਕ ਦਿਵਸ ਦੇ ਸੰਬੰਧ ਵਿੱਚ ਹੋਈ ਇੱਕ ਇਕੱਤਰਤਾ ਵਿੱਚ ਅਜੋਕੇ ਸਮੇਂ ਵਿੱਚ ਪੁਸਤਕ ਦੀ ਸਾਰਥਿਕਤਾ ਬਾਰੇ ਪ੍ਰਸਿੱਧ ਵਿਦਵਾਨਾਂ ਅਤੇ ਬੁੱਧੀਜੀਵੀਆਂ ਨੂੰ ਸੰਬੋਧਨ ਕਰਨ ਲਈ ਪ੍ਰਸਿੱਧ ਅਰਥ ਸ਼ਾਸਤਰੀ ਅਤੇ ਕੇਂਦਰੀ ਯੂਨੀਵਰਸਿਟੀ ਪੰਜਾਬ ਬਠਿੰਡਾ ਦੇ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਉਹਨਾਂ ਤੋਂ ਬਿਨਾਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ, ਮੌਜੂਦਾ ਪ੍ਰਧਾਨ ਪ੍ਰੋ. ਰਵਿੰਦਰ ਭੱਠਲ ਅਤੇ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਵੀ ਇਸ ਮੌਕੇ ਹਾਜ਼ਰ ਸਨ ।
ਯੂਨੀਵਰਸਿਟੀ ਦੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਗੁਰਿੰਦਰ ਕੌਰ ਸੰਘਾ ਨੇ ਇਹਨਾਂ ਲੇਖਕਾਂ ਤੇ ਬੁੱਧੀਜੀਵੀਆਂ ਦਾ ਸਵਾਗਤ ਕਰਦਿਆਂ ਪੀਏਯੂ ਦੀਆਂ ਸ਼ਬਦ ਸੱਭਿਆਚਾਰ ਨਾਲ ਜੁੜੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਅਤੇ ਇਹ ਵੀ ਅਹਿਦ ਕੀਤਾ ਕਿ ਪੀਏਯੂ ਵੱਲੋਂ ਵਿਗਿਆਨ ਦੇ ਨਾਲ-ਨਾਲ ਪੁਸਤਕ ਸੱਭਿਆਚਾਰ ਨੂੰ ਅੱਗੇ ਵਧਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ।
ਡਾ. ਸ ਸ ਜੌਹਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਮਾਜਕ ਬੁਰਾਈਆਂ ਦੇ ਖਾਤਮੇ ਲਈ ਪਿੰਡ ਪਿੰਡ ਚ ਖੇਡ ਮੈਦਾਨ ਅਤੇ ਕਿਤਾਬਾਂ ਭਰਪੂਰ ਲਾਇਬਰੇਰੀਆਂ ਸਭ ਤੋਂ ਅਹਿਮ ਭੂਮਿਕਾ ਅਦਾ ਕਰ ਸਕਦੀਆਂ ਹਨ । ਉਹਨਾਂ ਨੇ ਪੰਚਾਇਤਾਂ ਨੂੰ ਲਾਇਬ੍ਰੇਰੀਆਂ ਉਸਾਰਨ ਲਈ ਅੱਗੇ ਆਉਣ ਦਾ ਸੱਦਾ ਦਿੰਦਿਆਂ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਸੇਧਿਤ ਕਰਨ ਦੀ ਅਪੀਲ ਕੀਤੀ । ਉਹਨਾਂ ਕਿਹਾ ਕਿ ਕਿਤਾਬਾਂ ਨੂੰ ਪੜ੍ਹਨ ਤੋਂ ਬਾਅਦ ਅੱਗੇ ਤੋਰ ਦੇਣਾ ਗਿਆਨ ਨੂੰ ਗਤੀਸ਼ੀਲ ਰੱਖਣਾ ਹੈ । ਡਾ. ਜੌਹਲ ਨੇ ਕਿਹਾ ਕਿ ਵਿਕਸਿਤ ਤਕਨੀਕ ਦੇ ਦੌਰ ਵਿੱਚ ਵੀ ਕਿਤਾਬ ਦਾ ਬਦਲ ਕੋਈ ਹੋਰ ਚੀਜ਼ ਨਹੀਂ ਹੋ ਸਕਦੀ ਪਰ ਨਾਲ ਹੀ ਉਹਨਾਂ ਨੇ ਨਵੀਆਂ ਤਕਨੀਕਾਂ ਦੀ ਵਰਤੋਂ ਨਾਲ ਗਿਆਨ ਨੂੰ ਅੱਗੇ ਸੰਚਾਰਿਤ ਕਰਨ ਦੀ ਵਕਾਲਤ ਵੀ ਕੀਤੀ।
ਪੰਜਾਬੀ ਸਾਹਿਤ ਅਕੈਡਮੀ ਦੇ ਸਾਬਕਾ ਪ੍ਰਧਾਨਤੇ ਇਸ ਯੂਨੀਵਰਸਿਟੀ ਦੇ ਸੇਵਾਮੁਕਤ ਅਧਿਆਪਕ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਨੇ ਪੰਜਾਬ ਵਿੱਚ ਰਿਗਵੇਦ ਦਾ ਇਸ ਧਰਤੀ ਤੇ ਰਚਿਆ ਜਾਣਾ ਵਿਸ਼ੇਸ਼ ਮਹੱਤਵ ਵਾਲੀ ਗੱਲ ਕਿਹਾ । ਉਹਨਾਂ ਕਿਹਾ ਕਿ ਕਿਤਾਬ ਨਵੇਂ ਮਾਧਿਅਮਾਂ ਦੇ ਦੌਰ ਵਿੱਚ ਵੀ ਮਨੁੱਖ ਦੀ ਹੋਂਦ ਦਾ ਸੱਚਾ ਸਾਥੀ ਹੈ । ਕਿਤਾਬ ਦੀ ਛੋਹ ਅਪਣੱਤ ਨਾਲ ਭਰਪੂਰ ਅਤੇ ਰੂਹ ਨੂੰ ਰੱਜ ਪ੍ਰਦਾਨ ਕਰਨ ਵਾਲੀ ਹੁੰਦੀ ਹੈ । ਉਹਨਾਂ ਪੰਜਾਬ ਸਟੇਟ ਲਾਇਬ੍ਰੇਰੀ ਐਕਟ ਬਣਨ ਦੇ ਰਾਹ ਵਿੱਚ ਆ ਰਹੀਆਂ ਇਤਿਹਾਸਕ ਔਕੜਾਂ ਦੀ ਗੱਲ ਕੀਤੀ ਅਤੇ ਡਾ. ਮਹਿੰਦਰ ਸਿੰਘ ਰੰਧਾਵਾ ਵੱਲੋਂ ਪੰਜਾਬ ਵਿੱਚ ਪੁਸਤਕਾਂ ਪੜ੍ਹਨ ਦੀ ਰੁਚੀ ਵਧਾਉਣ ਲਈ ਕੀਤੇ ਕਾਰਜਾਂ ਨੂੰ ਯਾਦ ਕੀਤਾ ।
ਸੂਚਨਾ ਦੇ ਨਵੇਂ ਤਕਨੀਕੀ ਦੌਰ ਵਿੱਚ ਲਾਇਬ੍ਰੇਰੀਆਂ ਨੂੰ ਆਪਸ ਵਿੱਚ ਜੋੜਨ ਲਈ ਸਾਂਝੇ ਢਾਂਚੇ ਦੀ ਸਥਾਪਨਾ ਲਈ ਪੀਏਯੂ ਨੂੰ ਪਹਿਲ ਕਰਨ ਦਾ ਸੱਦਾ ਦਿੰਦਿਆਂ ਪ੍ਰੋਫੈਸਰ ਗਿੱਲ ਨੇ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਿੱਤਾ । ਇਸ ਮੌਕੇ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਨੇ ਖੇਤੀ ਯੂਨੀਵਰਸਿਟੀ ਨਾਲ ਸਾਂਝ ਦੇ ਪਲਾਂ ਨੂੰ ਯਾਦ ਕਰਦਿਆਂ ਕਿਤਾਬ ਨੂੰ ਹਰ ਪੰਜਾਬੀ ਘਰ ਤੱਕ ਪਹੁੰਚਾਉਣ ਲਈ ਵਿਆਪਕ ਕੋਸ਼ਿਸ਼ਾਂ ਕਰਨ ਦੀ ਲੋੜ ਤੇ ਜ਼ੋਰ ਦਿੱਤਾ ।
ਹਰਪ੍ਰੀਤ ਸੰਧੂ ਵੱਲੋਂ ਡਿਜ਼ਾਇਨ ਕੀਤਾ ਵਿਸ਼ਵ ਪੁਸਤਕ ਦਿਹਾੜੇ ਨਾਲ ਸੰਬੰਧਤ ਪੋਸਟਰ ਰਿਲੀਜ਼ ਕੀਤਾ ਗਿਆ । ਡਾ. ਜੌਹਲ, ਗੁਰਭਜਨ ਗਿੱਲ, ਪ੍ਰੋਫੈਸਰ ਰਵਿੰਦਰ ਭੱਠਲ ਆਦਿ ਵਿਦਵਾਨਾਂ ਨੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਗੁਰਪ੍ਰੀਤ ਸਿੰਘ ਤੂਰ, ਮਨਜਿੰਦਰ ਧਨੋਆ, ਗੁਰਭਜਨ ਗਿੱਲ, ਸਰਬਜੀਤ ਸੋਹੀ, ਮਨਜੀਤ ਸਿੰਘ ਬਾਜਵਾ, ਹਰਪ੍ਰੀਤ ਸਿੰਘ ਸੰਧੂ, ਪ੍ਰੋ: ਸੁਖਵੰਤ ਸਿੰਘ ਗਿੱਲ ਦੀਆਂ ਲਿਖੀਆਂ ਕਿਤਾਬਾਂ ਦਾ ਸੈੱਟ ਯੂਨੀਵਰਸਿਟੀ ਦੀ ਲਾਇਬ੍ਰੇਰੀ ਲਈ ਡਾ: ਅਸੋਕ ਕੁਮਾਰ ਨਨੂੰ ਭੇਂਟ ਕੀਤਾ । '
ਇਸ ਮੌਕੇ ਚੰਗੀ ਖੇਤੀ' ਦਾ ਨਵਾਂ ਅੰਕ ਵੀ ਡਾ: ਸ ਸ ਜੌਹਲ ਸਮੇਤ ਹਾਜ਼ਰ ਬੁੱਧੀਜੀਵੀਆਂ ਅਤੇ ਮਾਹਿਰਾਂ ਵੱਲੋਂ ਜਾਰੀ ਕੀਤਾ ਗਿਆ। ਪੰਜਾਬੀ ਕਵੀ ਪ੍ਰੋਫੈਸਰ ਰਵਿੰਦਰ ਸਿੰਘ ਭੱਠਲ ਅਤੇ ਤ੍ਰੈਲੋਚਨ ਲੋਚੀ ਨੇ ਕਿਤਾਬਾਂ ਦੀ ਮਹਿਮਾ ਬਾਰੇ ਆਪਣੀਆਂ ਕਵਿਤਾਵਾਂ ਸੁਣਾਈਆਂ।
ਇਸ ਮੌਕੇ ਹੋਰਨਾਂ ਤੋਂ ਬਿਨਾਂ ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ, ਡੀਨ ਖੇਤੀਬਾੜੀ ਕਾਲਜ ਡਾ. ਐਸ ਐਸ ਕੁੱਕਲ, ਡੀਨ ਖੇਤੀ ਇੰਜਨੀਅਰਿੰਗ ਕਾਲਜ ਡਾ. ਅਸ਼ੋਕ ਕੁਮਾਰ, ਡੀਨ ਗ੍ਰਹਿ ਵਿਗਿਆਨ ਕਾਲਜ ਡਾ. ਸੰਦੀਪ ਬੈਂਸ, ਵਧੀਕ ਨਿਰਦੇਸ਼ਕ ਖੋਜ ਡਾ. ਕੇ ਐਸ ਥਿੰਦ ਅਤੇ ਡਾ. ਪੀ ਪੀ ਐਸ ਪੰਨੂ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਐਸ ਬੁੱਟਰ, ਤੇਜ ਪ੍ਰਤਾਪ ਸਿੰਘ ਸੰਧੂ, ਡਾ: ਅਨੁਰਾਗ ਸਿੰਘ , ਡਾ: ਰੇਣੂਕਾ ਸਰਬਜੀਤ ਸਿੰਘ ਪੰਜਾਬੀ ਕਵੀ ਡਾ: ਜਗਵਿੰਦਰ ਜੋਧਾ, ਡਾ: ਅਨਿਲ ਸ਼ਰਮਾ ਨਾਟਕਕਾਰ, ਸ਼ੀਤਲ ਚਾਵਲਾ,ਹਰਬੰਸ ਮਾਲਵਾ, ਰਾਜਦੀਪ ਤੂਰ ਅਤੇ ਵੱਡੀ ਗਿਣਤੀ ਵਿੱਚ ਪੀਏਯੂ ਦੇ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ । ਸਮੁੱਚੇ ਸਮਾਗਮ ਦੀ ਕਾਰਵਾਈ ਦੀ ਜ਼ੁੰਮੇਵਾਰੀ ਅਪਰ ਨਿਰਦੇਸ਼ਕ ਸੰਚਾਰ ਡਾ. ਜਗਦੀਸ਼ ਕੌਰ ਨੇ ਨਿਭਾਈ।