• Home
  • ਮਜਦੂਰ ਵੱਲੋਂ ਖੁਦਕੁਸ਼ੀ-ਕਾਂਗਰਸੀ ਆਗੂ ਤੇ ਥਾਣੇ ਦੇ ਮੁਨਸ਼ੀ ਸਮੇਤ 7 ਵਿਰੁੱਧ ਮੁਕੱਦਮਾ ਦਰਜ

ਮਜਦੂਰ ਵੱਲੋਂ ਖੁਦਕੁਸ਼ੀ-ਕਾਂਗਰਸੀ ਆਗੂ ਤੇ ਥਾਣੇ ਦੇ ਮੁਨਸ਼ੀ ਸਮੇਤ 7 ਵਿਰੁੱਧ ਮੁਕੱਦਮਾ ਦਰਜ

ਗੁਰੂਸਰ ਸੁਧਾਰ, (ਲੁਧਿਆਣਾ )- (ਗਿੱਲ) ਗਰੀਬੀ ਅਤੇ ਕਰਜ਼ੇ ਦੀ ਮਾਰ ਹੇਠ ਆਏ ਲਾਗਲੇ ਪਿੰਡ ਰਾਜੋਆਣਾ ਕਲਾਂ ਦੇ 42 ਸਾਲਾ ਦਲਿਤ ਮਜਦੂਰ ਰਾਮ ਪ੍ਰਕਾਸ਼ ਸਿੰਘ ਨੇ ਬੀਤੀ ਸ਼ਾਮ ਆਪਣੇ ਘਰ ਵਿੱਚ ਹੀ ਕੋਈ ਜ਼ਹਿਰੀਲਾ ਪਦਾਰਥ ਨਿਗਲਕੇ ਮੌਤ ਨੂੰ ਗਲੇ ਲਾ ਲਿਆ। ਮ੍ਰਿਤਕ ਦਲਿਤ ਮਜਦੂਰ ਵੱਲੋਂ ਤਿੰਨ ਪੰਨਿਆਂ ਦੇ ਹੱਥ ਲਿਖਤ “ਖੁੱਦਕੁਸ਼ੀ ਨੋਟ” ਵਿੱਚ ਇਲਾਕੇ ਦੇ ਸਿਰਕੱਢ ਦਲਿਤ ਕਾਂਗਰਸੀ ਆਗੂ ਪਰਮਜੀਤ ਸਿੰਘ ਪਿੰਡ ਟੂਸਾ, ਥਾਣਾ ਸੁਧਾਰ ਦੇ ਮੁੱਖ ਮੁਨਸ਼ੀ ਗੁਰਪ੍ਰੀਤ ਸਿੰਘ ਤੋਂ ਇਲਾਵਾ ਇੱਕ ਔਰਤ ਸਮੇਤ ਚਾਰ ਹੋਰਨਾਂ ਨੂੰ ਆਪਣੀ ਮੌਤ ਲਈ ਜਿੰਮੇਵਾਰ ਠਹਿਰਾਇਆ ਗਿਆ ਹੈ।ਥਾਣਾ ਸੁਧਾਰ ਵਿੱਚ ਇੰਨ੍ਹਾਂ ਸਾਰਿਆਂ ਵਿਰੁਧ ਭਾਰਤੀ ਦੰਡਾਵਲੀ ਦੀ ਧਾਰਾ 306 ਅਧੀਨ ਮੁਕੱਦਮਾਂ ਨੰਬਰ 117 ਦਰਜ ਕਰਕੇ ਪੁਲਿਸ ਨੇ ਕਾਰਵਾਈ ਅਰੰਭ ਦਿੱਤੀ ਹੈ।
ਮ੍ਰਿਤਕ ਰਾਮ ਪ੍ਰਕਾਸ਼ ਸਿੰਘ ਦੀ ਪਤਨੀ ਕਮਲਜੀਤ ਕੌਰ ਨੇ ਲੁਧਿਆਣਾ ਦਿਹਾਤੀ ਪੁਲਿਸ ਅਧੀਨ ਆਉਂਦੇ ਥਾਣਾ ਸੁਧਾਰ ਦੇ ਮੁੱਖੀ ਬਿਕਰਮਜੀਤ ਸਿੰਘ ਕੋਲ ਦਰਜ ਕਰਾਏ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਬੀਤੀ ਸ਼ਾਮ ਜਦੋਂ ਉਹ ਆਪਣੇ ਘਰ ਵਿੱਚ ਕਪੜੇ ਧੋ ਰਹੀ ਸੀ ਅਤੇ ਬੱਚੇ ਬਾਹਰ ਖੇਡ ਰਹੇ ਸਨ, ਰਾਮ ਪ੍ਰਕਾਸ਼ ਸਿੰਘ ਨੇ ਘਰ ਆ ਕੇ ਕਮਰੇ ਦਾ ਅੰਦਰੋਂ ਦਰਵਾਜਾ ਬੰਦ ਕਰ ਲਿਆ ਅਤੇ ਕੁਝ ਸਮੇਂ ਬਾਅਦ ਖੁੱਦ ਹੀ ਦਰਵਾਜਾ ਖੋਲ੍ਹ ਕੇ ਕਿਹਾ ਕਿ ਉਸ ਨੇ ਆਪਣਾ ਕੰਮ ਤਮਾਮ ਕਰ ਲਿਆ ਹੈ।ਜਦੋਂ ਉਸ ਨੂੰ ਸੁਧਾਰ ਦੇ ਸਰਕਾਰੀ ਹਸਪਤਾਲ ਲੈ ਕੇ ਜਾ ਰਹੇ ਸਨ ਤਾਂ ਉਹ ਰਾਹ ਵਿੱਚ ਹੀ ਦਮ ਤੋੜ ਗਿਆ ਅਤੇ ਉਸ ਦੀ ਮ੍ਰਿਤ ਦੇਹ ਹਸਪਤਾਲ ਵਿੱਚ ਹੀ ਰੱਖ ਕੇ ਜਦੋਂ ਘਰ ਜਾ ਕੇ ਦੇਖਿਆ ਤਾਂ ਇੱਕ ਕਾਪੀ ਮਿਲੀ ਜਿਸ ਵਿੱਚ ਮੇਰੇ ਪਤੀ ਵੱਲੌ ਮੌਤ ਤੋਂ ਪਹਿਲਾਂ ਆਪਣਾ ਬਿਆਨ ਲਿਖਿਆ ਮਿਲਿਆ।ਜਿਸ ਅਨੁਸਾਰ ਹਲਵਾਰਾ ਵਾਸੀ ਸਰਬਜੀਤ ਸਿੰਘ ਨੂੰ ਆਪਣੇ ਨਾਮ ‘ਤੇ ਮੋਟਰ ਸਾਈਕਲ ਲੈ ਕੇ ਦਿੱਤਾ ਸੀ ਜੋ ਉਸ ਨੇ ਅੱਗੇ ਵੇਚ ਦਿੱਤਾ, ਫਾਈਨੈਂਸ ਕੰਪਨੀ ਨੇ ਉਸ ਉਪਰ ਕੇਸ ਲਾ ਦਿੱਤਾ।ਫਾਈਨੈਂਸ ਕੰਪਨੀ ਦੇ ਕੇਵਲ ਸਿੰਘ ਜਲਾਲਦੀਵਾਲ, ਸਿਕੰਦਰ ਸਿੰਘ ਰੁੜਕਾ, ਬਿੱਲੂ ਸਿੰਘ ਹਲਵਾਰਾ ਅਤੇ ਜਸਵੀਰ ਕੌਰ ਪਤਨੀ ਜਸਵੀਰ ਸਿੰਘ ਦੇ ਨਾਮ ਦਰਜ ਕਰਕੇ ਇੰਨ੍ਹਾਂ ਸਾਰਿਆਂ ਨੂੰ ਮੌਤ ਲਈ ਜਿੰਮੇਵਾਰ ਠਹਿਰਾਇਆ ਹੈ।ਆਪਣੇ ਖੁੱਦਕੁਸ਼ੀ ਨੋਟ ਵਿੱਚ ਉਸ ਨੇ ਕਾਂਗਰਸੀ ਦਲਿਤ ਆਗੂ ਪ੍ਰਮਜੀਤ ਸਿੰਘ ਦਾ ਜਿਕਰ ਕਰਦਿਆਂ ਉਸ ਦੇ ਰੋਲ ਦਾ ਖੁਲਾਸਾ ਕੀਤਾ ਹੈ ਅਤੇ ਮ੍ਰਿਤਕ ਨੇ ਦੋਸ਼ ਲਾਇਆ ਕਿ ਦਲਿਤ ਆਗੂ ਰਾਹੀਂ ਉਸ ਨੇ ਮੁਨਸ਼ੀ ਨੂੰ ਚਾਰ ਹਜ਼ਾਰ ਰੁਪਏ ਦਿੱਤੇ ਸਨ ਪਰ ਇਸ ਦੇ ਬਾਵਜੂਦ ਉਸ ਨੂੰ ਇਨਸਾਫ ਨਹੀਂ ਮਿਲਿਆ।ਅੱਜ ਜਾਂਚ ਦੌਰਾਨ ਜਦੋਂ ਪੁਰਾਣਾ ਰਿਕਾਰਡ ਘੋਖਿਆ ਗਿਆ ਤਾਂ ਸਾਹਮਣੇ ਆਇਆ ਕਿ ਮ੍ਰਿਤਕ ਵੱਲੋਂ 13 ਜੂਨ ਨੂੰ ਦਿੱਤੀ ਦਰਖਾਸਤ 11 ਜੁਲਾਈ ਤੱਕ ਤਾਂ ਕਿਸੇ ਨੂੰ ਮਾਰਕ ਤੱਕ ਵੀ ਨਹੀਂ ਕੀਤੀ ਗਈ ਸੀ।ਜਿਸ ਕਾਰਨ ਮੁੱਖ ਮੁਨਸੀ ਅਤੇ ਕਾਂਗਰਸੀ ਆਗੂ ਦੀ ਭੁਮਿਕਾ ਵਧੇਰੇ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ।ਮ੍ਰਿਤਕ ਨੇ ਆਪਣੇ ਬਿਆਨ ਵਿੱਚ ਇਹ ਵੀ ਆਪਣੇ ਪਰਿਵਾਰ ਦੇ ਹੋਣ ਵਾਲੇ ਹੋਰ ਨੁਕਸਾਨ ਲਈ ਕਾਂਗਰਸ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਹੈ।ਉਸ ਨੇ ਆਪਣੇ ਬੱਚਿਆਂ ਲਈ ਸਰਕਾਰ ਕੋਲ ਨੌਕਰੀ ਦੀ ਗੁਹਾਰ ਵੀ ਖੁੱਦਕਸ਼ੀ ਨੋਟ ਵਿੱਚ ਲਾਈ ਹੈ।
ਮ੍ਰਿਤਕ ਦੀ ਪਤਨੀ ਵੱਲੋਂ ਖੁੱਦਕੁਸ਼ੀ ਨੋਟ ਵਾਲੀ ਕਾਪੀ ਪੇਸ਼ ਕਰਦਿਆਂ ਇਹ ਵੀ ਦੋਸ਼ ਲਾਇਆ ਕਿ ਉਸ ਨੇ ਵੀ ਕਈ ਵਾਰ ਥਾਣੇ ਆਕੇ ਦੁਹਾਈਆਂ ਦਿੱਤੀਆਂ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।ਪੁਲਿਸ ਵੱਲੋਂ ਲਾਸ਼ ਅਤੇ ਜਹਿਰੀਲੀ ਦਵਾਈ ਵਾਲੀ ਸ਼ੀਸ਼ੀ ਨੂੰ ਕਬਜੇ ਵਿੱਚ ਲੈ ਲਿਆ ਗਿਆ ਹੈ।ਮ੍ਰਿਤਕ ਦੇ ਛੋਟੇ ਭਰਾ ਤਰਲੋਚਨ ਸਿੰਘ ਜੋ ਦੁਬੱਈ ਤੋਂ ਵਾਪਸ ਆ ਰਿਹਾ ਹੈ ਦੀ ਉਡੀਕ ਕੀਤੀ ਜਾ ਰਹੀ ਹੈ ਅਤੇ ਉਸ ਦੇ ਆਉਣ ‘ਤੇ ਹੀ ਮ੍ਰਿਤਕ ਮਜਦੂਰ ਦਾ ਪੋਸਟ ਮਾਰਟਮ ਕਰਵਾਇਆ ਜਾਵੇਗਾ।ਅੱਜ ਥਾਣਾ ਸੁਧਾਰ ਵਿੱਚ ਡੀ.ਐਸ.ਪੀ ਸਪੈਸ਼ਲ ਬਰਾਂਚ ਰਣਧੀਰ ਸਿੰਘ ਅਤੇ ਡੀ.ਐਸ.ਪੀ ਦਾਖਾ ਹਰਕਮਲ ਕੌਰ ਬਰਾੜ ਜਾਂਚ ਦੀ ਨਿਗਰਾਨੀ ਲਈ ਪੁੱਜੇ ਹੋਏ ਸਨ।ਇਸ ਸਬੰਧੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਅਮਰ ਸਿੰਘ ਬੋਪਾਰਾਏ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜੇਕਰ ਕਿਸੇ ਕਾਂਗਰਸੀ ਆਗੂ ਦਾ ਦੋਸ਼ ਸਾਬਤ ਹੋਇਆ ਤਾਂ ਉਸ ਵਿਰੁਧ ਪਾਰਟੀ ਵੱਲੋਂ ਵੀ ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾਵੇਗੀ।
ਇਸੇ ਦੌਰਾਨ ਮੌਕੇ ‘ਤੇ ਪੁੱਜੇ ਲਾਲ ਝੰਡਾ ਪੰਜਾਬ ਭੱਠਾ ਵਰਕਰਜ਼ ਯੂਨੀਅਨ ਦੇ ਸੁਬਾਈ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਤਰਸੇਮ ਜੋਧਾਂ, ਆਲ ਇੰਡੀਆ ਰੋਡ ਟਰਾਂਸਪੋਰਟ ਵਰਕਰਜ਼ ਫੈਡਰੇਸ਼ਨ ਦੀ ਰਾਸ਼ਟਰੀ ਕਾਰਜ਼ਕਾਰਨੀ ਦੇ ਆਗੂ ਸੰਤੋਖ ਗਿੱਲ, ਭੱਠਾ ਮਜਦੂਰ ਆਗੂ ਪ੍ਰਕਾਸ਼ ਹਿੱਸੋਵਾਲ ਅਤੇ ਮਨਰੇਗਾ ਮਜਦੂਰ ਯੂਨੀਅਨ ਦੇ ਆਗੂ ਸਤਨਾਮ ਸਿੰਘ ਰਾਜੋਆਣਾ ਨੇ ਐਲਾਨ ਕੀਤਾ ਕਿ ਮ੍ਰਿਤਕ ਦੇ ਭਰਾ ਦੇ ਬਾਹਰੋਂ ਆਉਣ ਤੋਂ ਬਾਅਦ ਮ੍ਰਿਤਕ ਦੇ ਅੰਤਿਮ ਸਸਕਾਰ ਬਾਰੇ ਪਰਿਵਾਰ ਦੀ ਸਹਿਮਤੀ ਨਾਲ ਫੈਸਲਾ ਲਿਆ ਜਾਵੇਗਾ। ਉਨ੍ਹਾਂ ਸਾਰੇ ਦੋਸ਼ੀਆਂ ਨੂੰ ਫੌਰੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।ਉਨ੍ਹਾਂ ਪੁਲਿਸ ਦੀ ਢਿੱਲਮੱਠ ਵਿਰੁਧ ਖਬਰਦਾਰ ਕਰਦਿਆਂ ਸੰਘਰਸ਼ ਵਿੱਢਣ ਦਾ ਐਲਾਨ ਕੀਤਾ।ਐਸ.ਐਸ.ਪੀ ਵਰਿੰਦਰ ਸਿੰਘ ਬਰਾੜ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਕੋਸ਼ਿਸ਼ਾਂ ਜਾਰੀ ਹਨ ਉਨ੍ਹਾਂ ਪਰਿਵਾਰ ਨੂੰ ਇਨਸਾਫ ਦਾ ਭਰੋਸਾ ਦਿਵਾਇਆ।