• Home
  • ਕੈਪਟਨ ਦੇ ਦਰਬਾਰੀਆਂ ਵੱਲੋਂ ਅਸਤੀਫੇ ਦੇਣ ਤੋਂ ਆਨਾਕਾਨੀ ਕਿਉਂ ? ਪੜ੍ਹੋ ਰਾਜ ਦਰਬਾਰ ਦੀ ਖਬਰ.!

ਕੈਪਟਨ ਦੇ ਦਰਬਾਰੀਆਂ ਵੱਲੋਂ ਅਸਤੀਫੇ ਦੇਣ ਤੋਂ ਆਨਾਕਾਨੀ ਕਿਉਂ ? ਪੜ੍ਹੋ ਰਾਜ ਦਰਬਾਰ ਦੀ ਖਬਰ.!

ਚੰਡੀਗੜ੍ਹ :- ਲੋਕ ਸਭਾ ਚੋਣਾਂ ਦੇ ਬਿਗਲ ਵੱਜੇ ਨੂੰ ਇੱਕ ਮਹੀਨਾ ਹੋਣ ਵਾਲਾ ਹੈ ,ਪਰ ਕੈਪਟਨ ਸਰਕਾਰ ਵੱਲੋਂ ਮੁੱਖ ਮੰਤਰੀ ਦਫਤਰ ਨਾਲ ਹੇਠਲੇ ਪੱਧਰ ਤੇ ਆਮ ਲੋਕਾਂ ਨਾਲ ਰਾਬਤਾ ਬਣਾਉਣ ਲਈ ਬਣਾਈ ਗਈ ਪਾਲਿਸੀ ਤਹਿਤ ਬਣਾਏ ਗਏ ਕੈਬਨਿਟ /ਰੈਂਕ ਰਾਜ ਮੰਤਰੀ ਰੈਂਕ ਅਤੇ ਓ ਐੱਸ ਡੀਜ਼ ਦੀ ਫੌਜ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਕੇ ਚੋਣ ਮੈਦਾਨ ਚ ਆਉਣ ਤੋਂ ਕੰਨੀ ਕਤਰਾ ਰਹੀ ਹੈ ,ਜਦਕਿ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠਕਰਾਲ ਵੱਲੋਂ ਪਿਛਲੇ ਦਿਨੀਂ ਆਪਣੇ ਕੈਬਨਿਟ ਰੈਂਕ ਵਾਲੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਗਿਆ ਸੀ ।ਮੁੱਖ ਮੰਤਰੀ ਦਰਬਾਰ ਦੇ ਬਾਕੀ ਸਲਾਹਕਾਰਾਂ ਵੱਲੋਂ ਆਪਣੇ ਅਹੁਦਿਆਂ ਤੋਂ ਅਸਤੀਫੇ ਨਾ ਦੇ ਕੇ ਚੋਣ ਮੈਦਾਨ ਤੋਂ ਦੂਰੀ ਰੱਖਣ ਦੇ ਕਾਰਨਾਂ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਚਰਚਾ ਦਾ ਬਾਜ਼ਾਰ ਗਰਮ ਹੈ ।

ਪਾਠਕਾਂ ਨੂੰ ਦੱਸ ਦੇਈਏ ਕਿ ਰਾਜਸ਼ੀ ਲਾਭ ਵਾਲੇ ਇਹ ਸਰਕਾਰੀ ਅਹੁਦੇ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਨੂੰ ਚੋਣ ਮੈਦਾਨ ਵਿਚ ਜਾਣ ਤੋਂ ਪਹਿਲਾਂ ਅਸਤੀਫੇ ਦੇਣੇ ਲਾਜ਼ਮੀ ਹੁੰਦੇ ਹਨ, ਕਿਉਂਕਿ ਸਰਕਾਰੀ ਲਾਭ ਵਾਲੇ ਇਹ
ਅਹੁਦੇ ਸਰਕਾਰੀ ਮਸ਼ੀਨਰੀ ਦਾ ਹਿੱਸਾ ਸਮਝੇ ਜਾਂਦੇ ਹਨ ,ਜਿਸ ਕਾਰਨ ਚੋਣ ਕਮਿਸ਼ਨ ਕਿਸੇ ਦੀ ਵੀ ਸ਼ਿਕਾਇਤ ਤੇ ਸਖਤ ਕਾਰਵਾਈ ਕਰ ਸਕਦਾ ਹੁੰਦਾ ਹੈ ।

ਅਸਤੀਫ਼ਿਆਂ ਤੋਂ ਕੰਨੀ ਕਤਰਾਉਣ ਵਾਲੇ ਸਲਾਹਕਾਰਾਂ ਬਾਰੇ ਕਾਂਗਰਸ ਦੀ ਹੀ ਇੱਕ ਲਾਬੀ ਚ ਇਹ ਚਰਚਾ ਚੱਲ ਰਹੀ ਹੈ ਕਿ ਇਨ੍ਹਾਂ ਸਲਾਹਕਾਰਾਂ ਵੱਲੋਂ ਅਸਤੀਫ਼ੇ ਇਸ ਲਈ ਨਹੀਂ ਦਿੱਤੇ ਜਾ ਰਹੇ ,ਕਿਉਂਕਿ ਇਨ੍ਹਾਂ ਦੇ ਕੰਮਾਂ ਤੇ ਕਾਂਗਰਸ ਪਾਰਟੀ ਨੂੰ ਸੰਤੁਸ਼ਟੀ ਨਹੀਂ ਹੈ ।,ਕੁਝ ਕਾਂਗਰਸ ਦੇ ਸੀਨੀਅਰ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਜਿਸ ਕੰਮ ਲਈ ਮੁੱਖ ਮੰਤਰੀ ਦੇ ਸਲਾਹਕਾਰ ਬਣਾ ਕੇ ਫੀਲਡ ਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਹੇਠਲੇ ਪੱਧਰ ਤੇ ਵਰਕਰਾਂ ਨਾਲ ਸਰਕਾਰ ਦਾ ਸਿੱਧਾ ਤਾਲਮੇਲ ਕਰਨ ਤੇ ਸਰਕਾਰੇ ਦਰਬਾਰੇ ਕੰਮ ਕਰਵਾਉਣ ਲਈ ਲਗਾਏ ਸਨ ,ਉਸ ਤੋਂ ਚੁਣੇ ਗਏ ਸਲਾਹਕਾਰਾਂ ਨੇ ਦੂਰੀ ਹੀ ਰੱਖੀ ਹੈ । ਸਗੋਂ ਸਬੰਧਤ ਜ਼ਿਲਿਆਂ ਅਧੀਨ ਆਉਂਦੇ ਹਲਕਿਆਂ ਦੇ ਕਈ ਵਿਧਾਇਕਾਂ ਚ ਵੀ ਰੋਸ ਹੈ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੇ ਸਲਾਹਕਾਰਾਂ ਨੇ ਉਨ੍ਹਾਂ ਦੇ ਉਲਟ ਹੀ ਅਕਾਲੀਆਂ ਦੇ ਕੰਮ ਕਰਵਾਏ ਹਨ । ਇਹ ਵੀ ਪਤਾ ਚੱਲਾ ਹੈ ਕਿ ਕੁਝ ਸਲਾਹਕਾਰਾਂ ਦੀ ਤਾਂ ਆਪਣੇ ਬਿਜ਼ਨੈੱਸ ਵਧਾਉਣ ਤੇ ਰੇਤ ਮਾਫੀਆ ਵਗੈਰਾ ਨਾਲ ਵੀ ਜੋੜ ਤੋੜ ਕੀਤੇ ਜਾਣ ਦੇ ਦੋਸ਼ ਲੱਗ ਰਹੇ ਨੇ ।

ਓ ਐੱਸ ਡੀਜ਼ ਦੇ ਕੰਮ ਕਾਰ ਤੋਂ ਨਾਰਾਜ਼ ਕਈ ਹਲਕਾ ਇੰਚਾਰਜ /ਵਿਧਾਇਕਾਂ ਨੇ ਤਾਂ ਪਾਰਟੀ ਦੇ ਵੱਡੇ ਨੇਤਾਵਾਂ ਨੂੰ ਸ਼ਿਕਾਇਤ ਲਹਿਜ਼ੇ ਚ ਇਹ ਵੀ ਕਹਿ ਦਿੱਤਾ ਹੈ ਕਿ ਉਹ ਹੁਣ ਸਲਾਹਕਾਰਾਂ ਨੂੰ ਹੀ ਲੋਕਾਂ ਤੋਂ ਵੋਟਾਂ ਮੰਗਣ ਲਈ ਭੇਜਣ । ਹੁਣ ਇਹ ਦੇਖਣਾ ਹੋਵੇਗਾ ਕਿ ਕਿਹੜੇ ਸਲਾਹਕਾਰ ਅਸਤੀਫੇ ਦੇ ਕੇ ਚੋਣ ਮੇਦਾਨ ਚ ਆਉਂਦੇ ਹਨ ਅਤੇ ਕਿੰਨਾਂ ਨੂੰ ਚੋਣਾਂ ਤੋਂ ਬਾਅਦ ਦੁਬਾਰਾ ਉਨ੍ਹਾਂ ਅਹੁਦਿਆਂ ਤੇ ਹੀ ਨਿਯੁਕਤੀ ਮਿਲਦੀ ਹੈ ।

"ਖ਼ਬਰ ਵਾਲੇ ਡਾਟ ਕਾਮ" ਨੂੰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਬੀਤੀ ਕੱਲ ਸ਼ਾਮ ਮੁੱਖ ਮੰਤਰੀ ਦੀ ਰਿਹਾਇਸ਼ ਤੇ ਮੇਜਰ ਅਮਰਦੀਪ ਸਿੰਘ ,ਪ੍ਰੈੱਸ ਸਕੱਤਰ ਵਿਮਲ ਸੁੰਬਲੀ ,ਕੈਪਟਨ ਸੰਦੀਪ ਸੰਧੂ ,ਅੰਕਿਤ ਬਾਂਸਲ, ਸੰਦੀਪ ਬਰਾੜ ਤੇ ਜਗਦੀਪ ਸੰਧੂ ਵੱਲੋਂ ਆਪਣਾ ਅਸਤੀਫ਼ਾ ਦੇ ਦਿੱਤਾ ਹੈ , ਪਰ ਇਸ ਦੀ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋ ਸਕੀ । ਜਦ ਕਿ ਕੈਬਨਿਟ ਮੰਤਰੀ ਰੈਂਕ ਦੇ ਭਰਤਇੰਦਰ ਸਿੰਘ ਚਾਹਲ ,ਟੀ ਐੱਸ ਸ਼ੇਰਗਿੱਲ ,ਗੁਰਮੇਹਰ ਸਿੰਘ ਸੇਖੋਂ ਆਦਿ ਤੋਂ ਇਲਾਵਾ ਫੀਲਡ ਲਈ ਜ਼ੋਨ ਵੰਡ ਕੇ ਨਿਯੁਕਤ ਕੀਤੇ ਗਏ ਓ ਐੱਸ ਡੀਜ ਦਮਨਜੀਤ ਸਿੰਘ ਮੋਹੀ ,ਸਨੀ ਬਰਾੜ ,ਹਨੀ ਸੇਖੋਂ ,ਹਰਿੰਦਰ ਸਿੰਘ ਭਾਂਬਰੀ ਤੇ ਬਾਵਾ ਸੰਧੂ ਆਦਿ ਵੱਲੋਂ ਅਸਤੀਫ਼ਾ ਦੇਣ ਦੀ ਥਾਂ ਅਜੇ ਤੱਕ ਮੁੱਖ ਮੰਤਰੀ ਦਫਤਰ ਤੋਂ ਦੂਰੀ ਹੀ ਬਣਾਈ ਰੱਖੀ ਹੋਈ ਹੈ ।
ਇੱਥੇ ਇਹ ਵੀ ਦੱਸਣਯੋਗ ਹੈ ਕਿ 10 ਸਾਲ ਲਗਾਤਾਰ ਸੱਤਾ ਚ ਰਹਿਣ ਵਾਲੀ ਅਕਾਲੀ ਸਰਕਾਰ ਦੇ ਮੁਖੀਆ ਸੁਖਬੀਰ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਦਫ਼ਤਰ ਲਈ ਸਰਕਾਰੀ ਲਾਭ ਵਾਲੇ ਅਹੁਦਿਆਂ ਤੇ ਫਿੱਟ ਕੀਤੇ ਸਲਾਹਕਾਰ ,ਜਦੋਂ ਲੋਕ ਸਭਾ ਜਾਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੁੰਦਾ ਸੀ ਤਾਂ ਤੁਰੰਤ ਸਾਰੇ ਓ ਐੱਸ ਡੀਜ / ਸਲਾਹਕਾਰ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਕੇ ਚੋਣ ਮੈਦਾਨ ਚ ਕੁੱਦ ਜਾਂਦੇ ਸਨ ।