• Home
  • ਮਤ ਅਧਿਕਾਰ ਦੀ ਵਰਤੋਂ ਹੀ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਦਕਰ ਨੂੰ ਸੱਚੀ ਸ਼ਰਧਾਂਜਲੀ – ਵਿਨੈ ਬਬਲਾਨੀ

ਮਤ ਅਧਿਕਾਰ ਦੀ ਵਰਤੋਂ ਹੀ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਦਕਰ ਨੂੰ ਸੱਚੀ ਸ਼ਰਧਾਂਜਲੀ – ਵਿਨੈ ਬਬਲਾਨੀ

ਨਵਾਂਸ਼ਹਿਰ, 14 ਅਪਰੈਲ-ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਦਕਰ ਦੀ 128ਵੀਂ ਜੈਅੰਤੀ ਅੱਜ ਇੱਥੇ ਜ਼ਿਲ੍ਹਾ ਪੱਧਰ ’ਤੇ ਸਮਾਗਮ ਕਰਕੇ ਮਨਾਈ ਗਈ, ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ਼੍ਰੀ ਵਿਨੈ ਬਬਲਾਨੀ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਡਾ. ਬੀ ਆਰ ਅੰਬੇਦਕਰ ਦੀ ਤਸਵੀਰ ’ਤੇ ਫੁੱਲ-ਪੱਤੀਆਂ ਅਰਪਿਤ ਕਰਨ ਨਾਲ ਕੀਤੀ ਗਈ। ਇਸ ਸਬੰਧ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੇ.ਸੀ. ਕਾਲਜ ਵਿਖੇ ਕੀਤੇ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਵਿਨੈ ਬਬਲਾਨੀ ਨੇ ਕਿਹਾ ਕਿ ਡਾ. ਅੰਬੇਦਕਰ ਸਮਾਜਿਕ ਅਤੇ ਆਰਥਿਕ ਬਰਾਬਰੀ ਦੇ ਹਾਮੀ ਸਨ। ਇਹ ਆਰਥਿਕ ਤੇ ਸਮਾਜਿਕ ਬਰਾਬਰੀ ਸਾਡੇ ਲੋਕਤੰਤਰੀ ਅਧਿਕਾਰ ਵੋਟ ਨਾਲ ਜੁੜੀ ਹੋਈ ਹੈ, ਇਸ ਲਈ ਸਾਨੂੰ ਉਨ੍ਹਾਂ ਦੇ ਜਨਮ ਦਿਹਾੜੇ ਮੌਕੇ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਆਉਂਦੀ 19 ਮਈ ਨੂੰ ਵੋਟ ਦੇ ਅਧਿਕਾਰ ਦੀ ਹਰ ਹਾਲ ਵਿੱਚ ਵਰਤੋਂ ਕਰਕੇ ਲੋਕਤੰਤਰ ਨੂੰ ਮਜ਼ਬੂਤ ਕਰੀਏ। ਉਨ੍ਹਾਂ ਸਮਾਗਮ ’ਚ ਮੌਜੂਦ ਲੋਕਾਂ ਖਾਸਤੌਰ ’ਤੇ ਨੌਜੁਆਨ ਵਰਗ ਨੂੰ ਸਮਾਜਿਕ ਤਬਦੀਲੀ ਦੇ ਵਾਹਕ ਕਰਾਰ ਦਿੰਦਿਆ ਕਿਹਾ ਕਿ ਨੌਜੁਆਨ ਸ਼ਕਤੀ ’ਚ ਅਥਾਹ ਊਰਜਾ ਹੁੰਦੀ ਹੈ ਅਤੇ ਜੇਕਰ ਅਸੀਂ ਇਸ ਊਰਜਾ ਨੂੰ ਸਹੀ ਰੂਪ ਵਿੱਚ ਵਰਤੋਂ ’ਚ ਲਿਆਵਾਂਗੇ, ਤਾਂ ਹੀ ਸੰਵਿਧਾਨ ਰਾਹੀਂ ਮਿਲੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਰਦੇ ਹੋਏ, ਰਾਸ਼ਟਰ ਨਿਰਮਾਣ ’ਚ ਯੋਗਦਾਨ ਦੇ ਪਾਵਾਂਗੇ। ਉਨ੍ਹਾਂ ਨੇ ਡਾ. ਬੀ.ਆਰ. ਅੰਬੇਦਕਰ ਵਲੋਂ ਗਰੀਬ ਪਰਿਵਾਰ ’ਚ ਜਨਮ ਲੈਣ ਦੇ ਬਾਵਜੂਦ ਵਿਦੇਸ਼ੀ ਯੂਨੀਵਰਸਿਟੀਆਂ ਤੋਂ ਪੜ੍ਹਾਈ ਕਰਕੇ ਉੱਚ ਕੋਟੀ ਦੇ ਵਿਦਵਾਨ ਅਤੇ ਆਗੂ ਬਣਨ ਦਾ ਹਵਾਲਾ ਦਿੰਦਿਆ ਵਿਦਿਆਰਥੀਆਂ ਨੂੰ ਕਿਹਾ ਕਿ ਸਮਾਜ ਵਿੱਚ ਵਿਚਰਨ ਲਈ ਵਿਦਵਤਾ ਲਾਜ਼ਮੀਂ ਹੈ ਅਤੇ ਵਿਦਵਾਨ ਬਣਨ ਲਈ ਪੜ੍ਹਾਈ। ਉਨ੍ਹਾਂ ਕਿਹਾ ਕਿ ਡਾ. ਅੰਬੇਦਕਰ ਵਲੋਂ ਦੇਸ਼ ਦੇ ਸੰਵਿਧਾਨ ਨਿਰਮਾਣ ਵਿੱਚ ਪਾਏ ਅਦੁੱਤੀ ਯੋਗਦਾਨ, ਕਮਜ਼ੋਰ ਵਰਗਾਂ ਅਤੇ ਔਰਤਾਂ ਨੂੰ ਬਰਾਬਰਤਾ ਦੇ ਅਧਿਕਾਰ ਦਿਵਾਉਣ ਲਈ ਸੰਵਿਧਾਨ ’ਚ ਕੀਤੇ ਉਪਬੰਧ ਅੱਜ ਵੀ ਸਾਰਥਿਕ ਹਨ।  ਇਸ ਮੌਕੇ ਡਾ. ਬੀ.ਆਰ. ਅੰਬੇਦਕਰ ਦੇ ਜੀਵਨ ਅਤੇ ਫਲਸਫ਼ੇ ’ਤੇ ਚਾਨਣਾ ਪਾਉਂਦਿਆਂ ਸ਼੍ਰੀ ਸੋਖੀ ਰਾਮ ਬੱਜੋ ਅਤੇ ਸ਼੍ਰੀ ਬੀਰਬਲ ਤੱਖੀ ਨੇ ਕਿਹਾ ਕਿ ਡਾ. ਅੰਬੇਦਕਰ 20ਵੀਂ ਸਦੀ ਦੇ ਉੱਚ ਕੋਟੀ ਦੇ ਵਿਦਵਾਨ ਅਤੇ ਸਮਾਜ ਸੁਧਾਰਕ ਹੋਏ ਹਨ, ਜਿਨ੍ਹਾਂ ਨੇ ਗਰੀਬ ਪਰਿਵਾਰ ਤੇ ਆਰਥਿਕ ਦੁਸ਼ਵਾਰੀਆਂ ਦੇ ਬਾਵਜੂਦ ਸਮਾਜ ਦੇ ਦੱਬੇ-ਕੁਚਲੇ ਵਰਗ ਨੂੰ ਜਿਊਣ ਦਾ ਰਾਹ ਦਿਖਾਇਆ। ਉਨ੍ਹਾਂ ਕਿਹਾ ਕਿ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਵਜੋਂ ਅਤੇ ਸੰਵਿਧਾਨ ਤਿਆਰ ਕਰਨ ਵਾਲੀ ਕਮੇਟੀ ਦੇ ਮੁਖੀ ਵਜੋਂ ਇਨ੍ਹਾਂ ਨੇ ਦੇਸ਼ ਨੂੰ ਲੋਕ ਰਾਜੀ, ਧਰਮ ਨਿਰਪੱਖ ਅਤੇ ਸਮਾਜਵਾਦੀ ਸੰਵਿਧਾਨ ਦੇ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਉਨ੍ਹਾਂ ਕਿਹਾ ਕਿ ਡਾ. ਬੀ.ਆਰ. ਅੰਬੇਦਕਰ ਦਲਿਤਾਂ ਦੇ ਮਸੀਹਾ ਵਜੋਂ ਹਮੇਸ਼ਾਂ ਜਾਣੇ ਜਾਂਦੇ ਰਹਿਣਗੇ।  ਇਸ ਮੌਕੇ ਜ਼ਿਲ੍ਹਾ ਭਲਾਈ ਅਫ਼ਸਰ ਰਜਿੰਦਰ ਕੁਮਾਰ ਵਲੋਂ ਵੀ ਡਾ.ਬੀ.ਆਰ. ਅੰਬੇਦਕਰ ਦੇ ਜੀਵਨ ਬਿਰਤਾਂਤ ਬਾਰੇ ਦੱਸਿਆ ਗਿਆ। ਬਾਬਾ ਗੋਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਬੰਗਾ ਦੀਆਂ ਵਿਦਿਆਰਥਣਾਂ ਵਲੋਂ ਗਿੱਧਾ ਪੇਸ਼ ਕੀਤਾ ਗਿਆ ਅਤੇ ਲੋਕਤੰਤਰੀ ਬੋਲੀਆਂ ਪਾਈਆਂ ਗਈਆਂ।  ਸਮਾਗਮ ਦੌਰਾਨ ਸਵੀਪ ਗਤੀਵਿਧੀਆਂ ਤਹਿਤ ਵਿਦਿਆਰਥੀਆਂ ਦੇ ਚੋਣਾਂ ਅਤੇ ਡਾ. ਬੀ.ਆਰ. ਅੰਬੇਦਕਰ ਦੇ ਜੀਵਨ ਨਾਲ ਸਬੰਧਤ ਕੁਇਜ਼ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂਆਂ ਨੂੰ ਮੌਕੇ ’ਤੇ ਹੀ ਇਨਾਮ ਦਿੱਤੇ ਗਏ।  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਅਨੁਪਮ ਕਲੇਰ, ਐਸ.ਡੀ.ਐਮ. ਨਵਾਂਸ਼ਹਿਰ ਡਾ. ਵਿਨੀਤ ਕੁਮਾਰ, ਤਹਿਸੀਲਦਾਰ ਨਵਾਂਸ਼ਹਿਰ ਅਰਵਿੰਦ ਪ੍ਰਕਾਸ਼ ਵਰਮਾ, ਕੇ.ਸੀ. ਕਾਲਜ ਦੇ ਪਿ੍ਰੰਸੀਪਲ ਵੀ.ਕੇ. ਜੋਸ਼ੀ, ਜ਼ਿਲ੍ਹਾ ਸਾਇੰਸ ਸੁਪਰਵਾਇਜਰ ਡਾ. ਸੁਰਿੰਦਰਪਾਲ ਅਗਨੀਹੋਤਰੀ, ਜ਼ਿਲ੍ਹਾ ਗਾਇਡੈਂਸ ਕਾਊਂਸਲਰ ਵਿਪਨ ਕੁਮਾਰ, ਕੇ.ਸੀ. ਕਾਲਜ ਤੋਂ ਸ਼੍ਰੀ ਦਵਿੰਦਰ, ਡੀ.ਆਰ. ਮੋਹਨ ਸਿੰਘ, ਕਾਰਜਕਾਰੀ ਇੰਜੀਨਅਰ ਪੰਚਾਇਤੀ ਰਾਜ ਆਰ.ਕੇ. ਵਰਮਾ, ਨੋਡਲ ਅਫ਼ਸਰ ਈ.ਵੀ. ਐਮ. ਜਗਦੀਸ਼ ਸਿੰਘ ਕਾਹਮਾ ਤੇ ਹੋਰ ਅਧਿਕਾਰੀ ਮੌਜੂਦ ਸਨ।