• Home
  • ਇਹ ਕੌਣ ਨੇ ਮੈਨੂੰ ਪਾਰਟੀ ‘ਚੋਂ ਕੱਢਣ ਵਾਲੇ-ਮੇਰੇ ਬਾਪ ਨੇ ਬਾਦਲ ਤੋਂ ਵੱਧ ਜੇਲ ਕੱਟੀ : ਸੇਖਵਾਂ

ਇਹ ਕੌਣ ਨੇ ਮੈਨੂੰ ਪਾਰਟੀ ‘ਚੋਂ ਕੱਢਣ ਵਾਲੇ-ਮੇਰੇ ਬਾਪ ਨੇ ਬਾਦਲ ਤੋਂ ਵੱਧ ਜੇਲ ਕੱਟੀ : ਸੇਖਵਾਂ

ਚੰਡੀਗੜ: ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਜਿਵੇਂ ਹੀ ਅਕਾਲੀ ਦਲ ਦੀ ਕੋਰ ਕਮੇਟੀ ਤੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਬਾਦਲਾਂ ਤੇ ਮਜੀਠੀਆ ਵਿਰੁਧ ਮੋਰਚਾ ਖੋਲਿਆ ਤਾਂ ਅਕਾਲੀ ਦਲ ਦੇ ਅਕਾਵਾਂ ਦਾ ਸੁਨੇਹਾ ਆ ਗਿਆ ਕਿ ਜਥੇਦਾਰ ਸੇਖਵਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।
ਇਸ ਬਾਰੇ ਜਥੇਦਾਰ ਸੇਖਵਾਂ ਨੇ 'ਖ਼ਬਰ ਵਾਲੇ ਡਾਟ ਕਾਮ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਖਬੀਰ ਵਰਗੇ ਕੌਣ ਹਨ ਜਿਹੜੇ ਮੈਨੂੰ ਪਾਰਟੀ 'ਚੋਂ ਕੱਢ ਸਕਣ ਕਿਉਂਕਿ ਅਕਾਲੀ ਦਲ ਇਨਾਂ ਦੇ ਬਾਪ ਦੀ ਜਾਗੀਰ ਨਹੀਂ ਹੈ। ਉਨਾਂ ਕਿਹਾ ਕਿ ਇਹ ਪਾਰਟੀ ਸਾਡੇ ਪੁਰਖਿਆਂ ਨੇ ਪਰਵਾਨ ਚੜਾਇਆ ਤੇ ਮੇਰੇ ਪਿਤਾ ਉਜਾਗਰ ਸਿੰਘ ਸੇਖਵਾਂ ਨੇ ਵੱਡੇ ਬਾਦਲ ਤੋਂ ਵੱਧ ਜੇਲਾਂ ਕੱਟੀਆਂ ਸਨ। ਉਹ ਕਪੂਰੀ ਮੋਰਚੇ ਦੇ ਡਿਕਟੇਟਰ ਵੀ ਰਹੇ ਤੇ ਇੱਕ ਵਾਰ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਵੀ ਰਹੇ। ਉਨਾਂ ਦਸਿਆ ਕਿ ਇੰਦਰਾ ਗਾਂਧੀ ਦੀ ਨਾਦਰਸ਼ਾਹੀ ਹਕੂਮਤ ਸਮੇਂ ਉਨਾਂ ਦੇ ਪਿਤਾ ਥਾਣੇ ਜੇਲ 'ਚ ਬੰਦ ਰਹੇ ਜਿਹੜੀ ਕਿ ਕਾਲੇਪਾਣੀ ਦੀ ਜੇਲ ਤੋਂ ਵੀ ਘਟੀਆ ਸੀ।
ਸੇਖਵਾਂ ਨੇ ਕਿਹਾ ਕਿ ਸੁਖਬੀਰ ਕੋਲ ਕਿਹੜੀ ਪ੍ਰਾਪਤੀ ਹੈ ਜਿਸ ਕਾਰਨ ਉਸ ਨੂੰ ਪਾਰਟੀ ਦੇ ਸਭ ਤੋਂ ਉਚੇ ਅਹੁਦੇ 'ਤੇ ਬਿਠਾ ਦਿੱਤਾ ਗਿਆ ਤੇ ਸੁਖਬੀਰ ਦੱਸੇ ਕਿ ਉਸ ਨੇ ਕਿੰਨੀਆਂ ਜੇਲਾਂ ਕੱਟੀਆਂ ਤੇ ਮੋਰਚੇ ਲਾਏ। ਉਨਾਂ ਕਿਹਾ ਕਿ ਉਨਾਂ 'ਤੇ ਵੀ ਦੇਸ਼ ਧ੍ਰੋਹ ਦਾ ਮਾਮਲਾ ਦਰਜ ਹੋਇਆ ਸੀ ਤੇ ਪੰਜ ਸਾਲ ਦੀ ਸਜ਼ਾ ਹੋਈ ਸੀ। ਉਨਾਂ ਕਿਹਾ ਕਿ ਸੁਖਬੀਰ ਕੋਲ ਇਹੀ ਯੋਗਤਾ ਹੈ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਹਨ।
ਸੇਖਵਾਂ ਨੇ ਡਾ. ਦਲਜੀਤ ਸਿੰਘ ਚੀਮਾ ਬਾਰੇ ਕਿਹਾ ਕਿ ਉਹ ਤਾਂ ਇੱਕ ਮੁਲਾਜ਼ਮ ਹਨ ਤੇ ਮੁਲਾਜ਼ਮਗਿਰੀ ਕਰ ਰਹੇ ਹਨ। ਉਨਾਂ ਕਿਹਾ ਕਿ ਹੁਣ ਅਸੀਂ ਚੰਗੇ ਮੁਲਾਜ਼ਮ ਰੱਖਾਂਗੇ।