• Home
  • ਜਦੋਂ ਯੂਪੀ ਪੁਲਿਸ ਬਣੀ ਗੁੰਡਾ, ਐਪਲ ਕੰਪਨੀ ਦੇ ਮੈਨੇਜਰ ਨੂੰ ਮਾਰੀ ਗੋਲੀ

ਜਦੋਂ ਯੂਪੀ ਪੁਲਿਸ ਬਣੀ ਗੁੰਡਾ, ਐਪਲ ਕੰਪਨੀ ਦੇ ਮੈਨੇਜਰ ਨੂੰ ਮਾਰੀ ਗੋਲੀ

ਲਖਨਊ, (ਖ਼ਬਰ ਵਾਲੇ ਬਿਊਰੋ): ਗੋਮਤੀਨਗਰ ਐਕਟੈਨਸ਼ਨ ਖੇਤਰ 'ਚ ਦੋ ਪੁਲਿਸ ਮੁਲਾਜ਼ਮਾਂ ਨੇ ਐਪਲ ਕੰਪਨੀ ਦੇ ਏਰੀਆ ਮੈਨੇਜਰ ਨੂੰ ਗੋਲੀ ਮਾਰ ਦਿੱਤੀ ਤੇ ਉਸ ਦੀ ਮੌਤ ਹੋ ਗਈ। ਇਹ ਘਟਨਾ ਬੀਤੀ ਰਾਤ 1.30 ਵਜੇ ਦੀ ਹੈ। ਜਦੋਂ ਕਰਮਚਾਰੀ ਆਪਣੀ ਗੱਡੀ 'ਚ ਜਾ ਰਿਹਾ ਸੀ ਤਾਂ ਦੋ ਸਿਪਾਹੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਗੋਲੀ ਲੱਗਣ ਕਾਰਨ ਉਸ ਦੀ ਗੱਡੀ ਡਿਵਾਇਡਰ ਨਾਲ ਟਕਰਾ ਗਈ ਤੇ ਉਸ ਦੀ ਮੌਤ ਹੋ ਗਈ
ਇਸ ਮਾਮਲੇ ਬਾਰੇ ਐਸਐਸਪੀ ਕਲਾਨਿਧੀ ਨੇਥਾਨੀ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮਾਂ ਨੇ ਨਾਕੇ 'ਤੇ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਸੀ ਪਰ ਡਰਾਇਵਰ ਨੇ ਗੱਡੀ ਨਾ ਰੋਕੀ ਸਗੋਂ ਗੱਡੀ ਮੁਲਾਜ਼ਮਾਂ ਦੇ ਮੋਟਰ ਸਾਈਕਲ 'ਚ ਵੱਜੀ। ਪੁਲਿਸ ਮੁਲਾਜ਼ਮਾਂ ਨੇ ਇਸ ਤੋਂ ਬਾਅਦ ਗੋਲੀ ਚਲਾ ਦਿੱਤੀ। ਉਨਾਂ ਦਸਿਆ ਕਿ ਦੋਹਾਂ ਸਿਪਾਹੀਆਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਉਧਰ ਮ੍ਰਿਤਕ ਨਾਲ ਕੰਮ ਕਰਨ ਵਾਲੀ ਸਨਾ ਦਾ ਕਹਿਣਾ ਹੈ ਕਿ ਉਹ ਤੇ ਵਿਵੇਕ ਉਰਫ਼ ਵਿਨੈ ਤਿਵਾੜੀ ਸੀਐਮਐਸ ਗੋਮਤੀਨਗਰ ਕੋਲ ਗੱਡੀ ਰੋਕ ਕੇ ਖੜੇ ਸਨ ਤੇ ਸਾਹਮਣੇ ਤੋਂ ਦੋ ਪੁਲਿਸ ਵਾਲੇ ਆਏ ਜਿਨਾਂ ਨੇ ਉਨਾਂ ਨੂੰ ਉਥੋਂ ਜਾਣ ਲਈ ਇਸ਼ਾਰਾ ਕੀਤਾ। ਜਿਸ ਤੋਂ ਬਾਅਦ ਵਿਵੇਕ ਨੇ ਗੱਡੀ ਤੋਰ ਲਈ ਪਰ ਪੁਲਿਸ ਵਾਲਿਆਂ ਨੇ ਪਿਛੋਂ ਗੋਲੀ ਚਲਾ ਦਿੱਤੀ ਤੇ ਗੋਲੀ ਵਿਵੇਕ ਦੇ ਸਿਰ 'ਚ ਵੱਜੀ ਤੇ ਕਾਰ ਡਿਵਾਇਡਰ ਨਾਲ ਟਕਰਾ ਗਈ। ਜ਼ਖ਼ਮੀ ਵਿਵੇਕ ਨੂੰ ਜ਼ਖ਼ਮੀ ਹਾਲਤ 'ਚ ਲੋਹੀਆ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ।