• Home
  • ਅਰਜਨਟੀਨਾ ਵਿਖੇ ਯੂਥ ਉਲੰਪਿਕਸ ਵਿੱਚ ਧੁੰਮਾਂ ਪਾਏਗਾ ਮਾਨਸਾ ਦਾ ਖਿਡਾਰੀ

ਅਰਜਨਟੀਨਾ ਵਿਖੇ ਯੂਥ ਉਲੰਪਿਕਸ ਵਿੱਚ ਧੁੰਮਾਂ ਪਾਏਗਾ ਮਾਨਸਾ ਦਾ ਖਿਡਾਰੀ

ਮਾਨਸਾ, (ਖ਼ਬਰ ਵਾਲੇ ਬਿਊਰੋ): ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ ਵਿਖੇ 6 ਤੋਂ 18 ਅਕਤੂਬਰ ਤੱਕ ਹੋਣ ਜਾ ਰਹੀਆਂ ਤੀਸਰੀਆਂ ਯੂਥ ਉਲੰਪਿਕਸ ਖੇਡਾਂ ਦੇ ਰੋਇੰਗ ਮੁਕਾਬਲਿਆਂ ਵਿੱਚ ਮਾਨਸਾ ਦਾ ਇਕ ਹੋਰ ਖਿਡਾਰੀ ਆਪਣੇ ਜੌਹਰ ਵਿਖਾਉਂਦਾ ਨਜ਼ਰ ਆਏਗਾ।।
'ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਦੀ ਰੋਪੜ ਰੋਇੰਗ ਅਕੈਡਮੀ' ਦਾ 18 ਵਰਿਆਂ ਦਾ ਉੱਭਰਦਾ ਖਿਡਾਰੀ ਸਤਨਾਮ ਸਿੰਘ ਜ਼ਿਲ•ਾ ਮਾਨਸਾ ਦੇ ਪਿੰਡ ਫੱਤਾ ਮਾਲੋਕਾ ਦਾ ਰਹਿਣ ਵਾਲਾ ਹੈ, ਜੋ ਯੂਥ ਉਲੰਪਿਕਸ ਵਿੱਚ ਆਪਣੇ ਉਤਰ ਪ੍ਰਦੇਸ਼ ਦੇ ਸਾਥੀ ਖਿਡਾਰੀ ਅਸ਼ੀਸ਼ ਗੋਲੀਆਨ ਨਾਲ ਰੋਇੰਗ ਦੇ 7 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਮੈਨਜ਼ ਪੇਅਰ ਮੁਕਾਬਲਿਆਂ ਵਿੱਚ ਦਮ-ਖਮ ਦਿਖਾਏਗਾ।

ਖਿਡਾਰੀ ਸਤਨਾਮ ਸਿੰਘ ਸਮੇਤ ਵੱਖ-ਵੱਖ ਖੇਡਾਂ ਲਈ ਅਰਜਨਟੀਨਾ ਰਵਾਨਾ ਹੋਈ 68 ਮੈਂਬਰੀ ਭਾਰਤੀ ਟੀਮ ਨੂੰ ਮਾਨਸਾ ਵਾਸੀਆਂ ਦੀ ਤਰਫੋਂ ਸ਼ੁਭਕਾਮਨਾਵਾਂ ਦਿੰਦਿਆਂ ਮਾਨਸਾ ਦੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਉਮੀਦ ਜਤਾਈ ਕਿ ਮਾਨਸਾ ਜ਼ਿਲਾ ਨਾਲ ਸਬੰਧਤ ਕਿਸ਼ਤੀ ਚਾਲਕ ਸਵਰਨ ਸਿੰਘ ਵਿਰਕ ਤੇ ਸੁਖਮੀਤ ਸਿੰਘ ਅਤੇ ਕਬੱਡੀ ਖਿਡਾਰੀ ਮਨਪ੍ਰੀਤ ਕੌਰ ਵੱਲੋਂ ਏਸ਼ੀਆਈ ਖੇਡਾਂ ਵਿੱਚੋਂ ਸੋਨੇ ਤੇ ਚਾਂਦੀ ਦੇ ਤਮਗ਼ੇ ਜਿੱਤਣ ਤੋਂ ਬਾਅਦ ਹੁਣ ਸਤਨਾਮ ਸਿੰਘ ਜ਼ਿਲ•ਾ ਮਾਨਸਾ ਦਾ ਨਾਂ ਪੂਰੀ ਦੁਨੀਆਂ ਵਿੱਚ ਰੌਸ਼ਨ ਕਰੇਗਾ।।
ਜ਼ਿਲਾ ਖੇਡ ਅਫ਼ਸਰ ਸ੍ਰੀ ਹਰਪਿੰਦਰ ਸਿੰਘ ਨੇ ਦੱਸਿਆ ਕਿ ਫੱਤਾ ਮਾਲੋਕਾ ਦੇ ਅਮਰੀਕ ਸਿੰਘ ਦਾ ਹੋਣਹਾਰ ਪੁੱਤਰ ਸਤਨਾਮ ਸਿੰਘ ਭਾਰਤ ਦੀ 2 ਮੈਂਬਰੀ ਰੋਇੰਗ ਟੀਮ 'ਚ ਸ਼ਾਮਲ ਹੈ। ਉਨਾਂ ਦੱਸਿਆ ਕਿ ਸਤਨਾਮ ਸਿੰਘ ਦੀ ਉਲੰਪਿਕ ਖੇਡਾਂ ਲਈ ਚੋਣ ਪਿਛਲੇ ਵਰੇ ਸਿੰਘਾਪੁਰ ਵਿਖੇ ਹੋਈ ਸੀ।
ਸ੍ਰੀ ਹਰਪਿੰਦਰ ਸਿੰਘ ਨੇ ਖ਼ਾਸ ਤੌਰ 'ਤੇ ਦੱਸਿਆ ਕਿ ਆਪਣੇ ਜੱਦੀ ਪਿੰਡ ਫੱਤਾ ਮਾਲੋਕਾ ਵਿਖੇ ਸਰਕਾਰੀ ਸਕੂਲ ਵਿੱਚ 11ਵੀਂ ਤੱਕ ਦੀ ਪੜਾਈ ਕਰਨ ਵਾਲਾ ਸਤਨਾਮ ਸਿੰਘ ਹੈਂਡਬਾਲ ਖੇਡ ਦੇ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਮੁਕਾਬਲਿਆਂ ਵਿੱਚ ਵੀ ਹਿੱਸਾ ਲੈ ਚੁੱਕਾ ਹੈ।। ਰੋਪੜ ਦੇ ਖ਼ਾਲਸਾ ਸਕੂਲ 'ਚ 12ਵੀਂ ਦੀ ਪੜ•ਾਈ ਦੌਰਾਨ ਉਹ “ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਦੀ ਰੋਪੜ ਰੋਇੰਗ ਅਕੈਡਮੀ'' ਵਿੱਚ ਰੋਇੰਗ ਖੇਡ ਨੂੰ ਪ੍ਰਣਾਇਆ ਗਿਆ। ਇਥੇ ਉਸ ਨੇ ਰੋਇੰਗ ਕੋਚ ਗੁਰਜਿੰਦਰ ਸਿੰਘ ਚੀਮਾ ਦੀ ਨਿਗਰਾਨੀ ਹੇਠ ਸਖ਼ਤ ਮਿਹਨਤ ਕੀਤੀ ਅਤੇ ਉਪਰੰਤ ਹੈਦਰਾਬਾਦ ਵਿਖੇ ਰੋਇੰਗ ਕੋਚ ਕ੍ਰਿਸ਼ਨ ਮੈਨਨ ਤੋਂ ਕਿਸ਼ਤੀ ਚਾਲਕ ਦੇ ਗੁਣ ਸਿੱਖੇ।
ਉਨਾਂ ਦੱਸਿਆ ਕਿ ਸਤਨਾਮ ਸਿੰਘ ਦੱਖਣੀ ਕੋਰੀਆ ਵਿਖੇ ਹੋਈ ਰੋਇੰਗ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ਦੌਰਾਨ ਚਾਂਦੀ ਦਾ ਤਮਗ਼ਾ ਜਿੱਤ ਚੁੱਕਾ ਹੈ ਅਤੇ ਉਸ ਦੀ ਸਖ਼ਤ ਮਿਹਨਤ ਨੂੰ ਵੇਖਦਿਆਂ ਅਰਜਨਟੀਨਾ ਦੀਆਂ ਯੂਥ ਉਲੰਪਿਕਸ ਖੇਡਾਂ ਵਿੱਚ ਵੀ ਉਸ ਤੋਂ ਤਮਗ਼ੇ ਫੁੰਡਣ ਦੀ ਪੂਰੀ ਉਮੀਦ ਰੱਖੀ ਜਾ ਰਹੀ ਹੈ।
ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਦੀ ਰੋਪੜ ਰੋਇੰਗ ਅਕੈਡਮੀ ਦੇ ਕੋਚ ਗੁਰਜਿੰਦਰ ਸਿੰਘ ਚੀਮਾ ਨੇ ਕਿਹਾ ਕਿ ਸਤਨਾਮ ਸਿੰਘ ਪੂਰੇ ਭਾਰਤ ਵਿੱਚੋਂ “ਬੋਅ ਤਕਨੀਕ' ਦਾ ਮਾਹਰ ਹੈ ਅਤੇ ਐਰਗੋ ਮੀਟਰ 'ਤੇ ਉਸ ਦੀ ਪ੍ਰੋਫਾਰਮੈਂਸ ਦੇਸ਼ ਵਿੱਚ ਸਭ ਨਾਲੋਂ ਵਧੀਆ ਹੈ। ਉਨਾਂ ਕਿਹਾ ਕਿ ਅਜਿਹੀਆਂ ਵਿਲੱਖਣਤਾਵਾਂ ਕਰਕੇ ਹੀ ਉਹ 2 ਮੈਂਬਰੀ ਭਾਰਤੀ ਟੀਮ ਵਿੱਚ ਚੁਣਿਆ ਗਿਆ ਅਤੇ ਉਨਾਂ ਨੂੰ ਪੂਰੀ ਉਮੀਦ ਹੈ ਕਿ ਉਹ ਪੰਜਾਬ ਅਤੇ ਦੇਸ਼ ਦਾ ਨਾਮ ਜ਼ਰੂਰ ਰੌਸ਼ਨ ਕਰੇਗਾ।