• Home
  • ਸਿੱਖਿਆ ਬੋਰਡ ਦੇ 50ਵੇਂ ਵਰੇ ਗੰਢ ਸਮਾਗਮ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ ਗਏ

ਸਿੱਖਿਆ ਬੋਰਡ ਦੇ 50ਵੇਂ ਵਰੇ ਗੰਢ ਸਮਾਗਮ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ ਗਏ

   ਐੱਸ.ਏ.ਐੱਸ ਨਗਰ , ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਅਤੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਬੜੀ ਸ਼ਰਧਾਪੂਰਵਕ ਮਨਾਏ ਗਏ| ਇਹ ਸਮਾਗਮ ਪੰਜਾਬ ਸਕੂਲ ਸਿੱਖਿਆ ਬੋਰਡ ਦੀ 50ਵੀਂ ਵਰੇ ਗੰਢ ਨੂੰ ਸਮਰਪਿਤ ਕਰਦਿਆ ਹੋਇਆ ਗੁਰਮਤਿ ਵਿਚਾਰ ਸਭਾ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ 09 ਫਰਵਰੀ ਨੂੰ  ਅਰੰਭ ਕਰਵਾਏ ਗਏ ਸਨ| ਅੱਜ 11 ਫਰਵਰੀ ਨੂੰ ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਭੋਗ ਪਾਏ ਗਏ | ਇਨ੍ਹਾਂ ਸਮਾਗਮਾਂ ਵਿੱਚ ਭਾਈ ਨਿਰਵੈਰ ਸਿੰਘ ਖਾਲਸਾ ਮੋਹਾਲੀ ਵਾਲੇ, ਭਾਈ ਅਮਨਦੀਪ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ, ਭਾਈ ਦਵਿੰਦਰ ਸਿੰਘ ਅਕਾਲ ਆਸ਼ਰਮ ਸੋਹਾਣੇ ਵਾਲਿਆਂ ਵੱਲੋਂ ਕੀਰਤਨ ਅਤੇ ਕਥਾ ਵਿਚਾਰਾਂ ਕੀਤੀਆਂ ਗਈਆਂ| ਇਸ ਉਪਰੰਤ ਭਾਈ ਪ੍ਰਿਤਪਾਲ ਸਿੰਘ ਬੈਂਸ, ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਜੱਥੇ ਵੱਲੋਂ ਕਵੀਸ਼ਰੀ ਅਤੇ ਵਾਰਾਂ ਗਾ ਕੇ ਆਇਆ ਸੰਗਤਾਂ ਨੂੰ ਨਿਹਾਲ ਕੀਤਾ|
  ਰਸਭਿੰਨੇ ਕੀਰਤਨ ਦੀ ਸਮਾਪਤੀ ਉਪਰੰਤ ਆਨੰਦ ਸਾਹਿਬ ਜੀ ਦੇ ਪਾਠ, ਅਰਦਾਸ ਅਤੇ ਹੁਕਮਨਾਮਾ ਜੀ ਦੇ ਸਲੋਕ ਸਰਵਣ ਕੀਤੇ ਗਏ| ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ ਰੋਸ਼ਨੀ ਵਿੱਚ ਗੁਰਮਤਿ ਵਿਚਾਰਾਂ ਕੀਤੀਆਂ | ਉਨ੍ਹਾਂ ਨੇ ਕਿਹਾ ਕਿ ਇਸ ਸਾਲ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਦਾ 550ਵਾਂ ਪ੍ਰਕਾਸ਼ ਸਾਲ ਮਨਾ ਰਹੇ ਹਾਂ| ਗੁਰੂ ਦੀ ਵਿਚਾਰਧਾਰਾ ਨਾਲ ਜੁੜਨ ਨੂੰ ਸੌਖਾ ਕਰਨ ਲਈ, ਸੰਭਵ ਬਨਾਉਣ ਲਈ, ਸ੍ਰੀ ਕਰਤਾਰਪੁਰ ਸਾਹਿਬ ਤੱਕ ਜਾਣਾ ਸੌਖਾ ਕੀਤਾ ਗਿਆ ਹੈ, ਨਨਕਾਣਾ ਸਾਹਿਬ ਤੱਕ ਦੇ ਦਰਸ਼ਨ ਦੀਦਾਰੇ ਵੀ ਸੰਭਵ ਲੱਗਣ ਲੱਗ ਪਏ ਹਨ| ਸ੍ਰੀ ਗੁਰੂ ਨਾਨਕ ਸਾਹਿਬ ਦੀ ਦਸਵੀਂ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ  ਜੀ ਦਾ ਜਨਮ ਸਥਾਨ ਹੋਣ ਦਾ ਮਾਣ ਪਟਨਾ ਸਾਹਿਬ ਨੂੰ ਪ੍ਰਾਪਤ ਹੈ ਜਿੱਥੇ ਸੰਨ 1666 ਵਿੱਚ ਮਾਤਾ ਗੁਜਰੀ ਜੀ ਦੀ ਕੁੱਖੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਵਿੱਚ ਆਪ ਨੇ ਗੋਬਿੰਦ ਰਾਇ ਵਜੋਂ ਜਨਮ ਲਿਆ ਸੀ| ਦਸਮੇਸ਼ ਪਿਤਾ ਨੇ ਵੱਖ-ਵੱਖ ਭਾਸ਼ਾਵਾਂ ਵਿੱਚ ਨਿਪੁੰਨਤਾ ਹਾਸਿਲ ਕੀਤੀ ਤੇ ਆਪ ਘੋੜ ਸਵਾਰੀ ਅਤੇ ਸ਼ਸਤਰ ਵਿੱਦਿਆ ਦੇ ਧਨੀ ਹੋਣ ਤੋਂ ਇਲਾਵਾ ਮਹਾਨ ਕਵੀ ਅਤੇ ਸਾਹਿਤਕਾਰ ਵੀ ਸਨ| ਗੁਰੂ ਘਰ ਨੇ ਆਮ  ਲੋਕਾਂ ਵਾਂਗ ਜੀਵਨ ਜਿਉਂਕੇ ਸਾਡੇ ਲਈ ਅਜਿਹੀਆਂ ਕਈ ਮਿਸਾਲਾਂ ਪੇਸ਼ ਕੀਤੀਆਂ ਹਨ, ਜਿਨ੍ਹਾਂ ਬਾਰੇ ਸੋਚਣਾ ਹਾਲੇ ਵੀ ਸਾਡੇ ਲਈ ਸੰਭਵ ਨਹੀਂ, ਅਜਿਹੀ ਇੱਕ ਮਿਸਾਲ ਦਸਮ ਪਿਤਾ ਵੱਲੋਂ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਸ੍ਰੀ ਤੇਗ ਬਹਾਦੁਰ ਜੀ ਨੂੰ ਕਸ਼ਮੀਰੀ ਪੰਡਿਤਾਂ ਦੀ ਫਰਿਆਦ ਸੁਣ ਕੇ, ਤਿਲਕ ਜੰਝੂ ਦੀ ਰਾਖੀ ਲਈ ਦਿੱਲੀ ਵੱਲ ਜਾਣ ਭਾਵ ਰੱਖਿਆ ਲਈ ਕੁਰਬਾਨੀ ਦੇਣ ਦਾ ਸੁਝਾਅ ਦੇਣਾ ਹੈ| ਮਿਸਾਲ ਇੱਥੇ ਹੀ ਨਹੀਂ ਮੁੱਕਦੀ ਸਗੋਂ ਮੁਗਲ ਸ਼ਾਸਕਾਂ ਵੱਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਖਿਲਾਫ ਜੰਗਾਂ ਲੜਨਾ ਤੇ ਸੈਨਾ ਤਿਆਰ ਕਰਨਾ, ਆਪਣੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਜੀ ਦੀ ਕੁਰਬਾਨੀ ਸਾਰੇ ਸੰਸਾਰ ਵਿੱਚ ਹੀ ਵਿਲੱਖਣ ਮੰਨੀਆਂ ਜਾਂਦੀਆਂ ਮਿਸਾਲਾਂ ਹਨ|  ਆਪ ਜੀ ਨੇ ਆਪਣਾ ਸਾਰਾ ਜੀਵਨ ਅਤੇ ਪਰਿਵਾਰ ਦੇਸ਼, ਕੌਮ ਅਤੇ ਧਰਮ ਦੀ ਖਾਤਰ ਵਾਰ ਦਿੱਤਾ ਤੇ ਸਾਰੇ ਸੰਸਾਰ ਵਿੱਚ ਸਿਰਫ ਇੱਕ ਆਪ ਹੀ ਸਰਬੰਸਦਾਨੀ ਵਜੋਂ ਉਭਰੇ| 1699 ਈਸਵੀ ਵਿੱਚ ਆਪ ਜੀ ਵੱਲੋਂ ਕੀਤੀ ਗਈ ਖਾਲਸਾ ਪੰਥ ਦੀ ਸਾਜਨਾ ਨੇ ਸਮਾਜ ਦੇ ਕਮਜ਼ੋਰ ਅਤੇ ਮਜ਼ਲੂਮ ਲੋਕਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਅਵਾਜ਼ ਚੁੱਕਣੀ ਸਿਖਾਈ, ਸਦੀਆਂ ਤੋਂ ਹਕੂਮਤੀ ਗੁਲਾਮੀ ਦੀਆਂ ਜੰਜੀਰਾਂ ਤੋਂ ਅਜਾਦ ਕਰਵਾਇਆ ਤੇ ਸਵੈਮਾਣ ਨਾਲ ਜਿਊਣਾ ਸਿਖਾਇਆ|
  ਉਨ੍ਹਾਂ ਨੇ ਵਿਚਾਰ ਪੇਸ਼ ਕਰਦਿਆ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਾਡੇ ਲਈ ਗੁਰਬਾਣੀ ਦੇ ਸਿਧਾਂਤ ਅਨੁਸਾਰ ਕਿਰਤ ਕਰਨ, ਨਾਮ ਜਪਣ ਅਤੇ  ਵੰਡ ਕੇ ਛਕਣ ਦੇ ਜੀਵਨ ਰਾਹ ਸਾਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਸਮਾਜ ਸੇਵਾ ਅਤੇ ਹਰ ਲੋੜਵੰਦ ਦੀ ਮਦਦ ਕਰਨ ਦੀ ਰਾਹ ਵਿਖਾਉਂਦੇ ਹਨ ਤੇ ਇਹੀ ਸਿਧਾਂਤ ਸਾਨੂੰ ਰੋਜ਼ਾਨਾ ਆਮ ਜ਼ਿੰਦਗੀ ਤੇ ਦਫਤਰੀ ਸਮੇਂ ਵੀ ਆਪਣੇ ਕਾਰਜ ਨੂੰ ਸਿਰੇ ਚਾੜਨ ਲਈ ਸਹਾਈ ਹਨ| ਰੋਜ਼ਾਨਾ ਆਮ ਦਫਤਰ ਸਮੇਂ ਸਿਰ ਕਾਰਜ ਲਈ ਹਾਜ਼ਰ ਹੋਣਾ, ਦਫਤਰੀ ਕੰਮ ਨੂੰ ਸਮੇਂ ਸਿਰ ਪੂਰਾ ਕਰਨਾ ਅਤੇ ਆਪਣੇ ਕੰਮਾਂ ਲਈ ਬੋਰਡ ਦਫਤਰ ਤੱਕ ਆਉਣ ਵਾਲੀ ਪਬਲਿਕ/ ਇਨਕੁਆਰੀ ਨੂੰ ਸੁਚੱਜੇ ਢੰਗ ਨਾਲ ਡੀਲ ਕਰਨਾ ਸਾਨੂੰ ਆਪਣੇ ਵਿਹਾਰ ਦਾ ਹਿੱਸਾ ਬਣਾਉਣਾ ਚਾਹੀਦਾ ਹੈ| ਸਾਨੂੰ ਆਪਣੀ ਡਿਊਟੀ ਤਨਦੇਹੀ ਅਤੇ ਪੁਰੀ ਇਮਾਨਦਾਰੀ ਨਾਲ ਕਰਨੀ ਹੀ ਗੁਰੂਆਂ ਵੱਲੋਂ ਸੇਧਤ ਰਾਹ ਦਾ ਪਹਿਲਾ ਤੇ ਨਿਗੂਣਾ ਜਿਹਾ ਕਦਮ ਹੈ| ਗੁਰੂਆਂ ਦੇ ਜੀਵਨ ਤੋਂ ਸੇਧ ਲੈਂਦੇ ਹੋਏ ਸਾਨੂੰ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਅਜੋਕੇ ਰੂਪ ਵਿੱਚ ਇਹ ਸਿਧਾਂਤ ਆਪਣੇ ਜੀਵਨ ਵਿੱਚ ਅਪਣਾਵਾਂਗੇ| ਇਹ ਕਾਰਜ ਹੀ ਸਾਡੇ ਵੱਲੋਂ ਮਨਾਏ ਜਾਂਦੇ ਪੁਰਬ ਸਫਲ ਕਰਨ ਵਿੱਚ ਸਹਾਈ ਸਿੱਧ ਹੋਵੇਗਾ| ਇਸ ਸਮਾਗਮ ਮੌਕੇ ਗੁਰਮਤਿ ਵਿਚਾਰ ਸਭਾ ਵੱਲੋਂ ਪੌਦਿਆਂ ਦਾ ਲੰਗਰ ਵੀ ਲਗਾਇਆ ਜਾ ਰਿਹਾ ਹੈ|  ਪ੍ਰਦੂਸ਼ਨ ਨਾਲ ਭਰੇ ਵਾਤਾਵਰਨ ਵਿੱਚ ਜਿੱਥੇ ਚਾਰੋ ਪਾਸੇ ਪੌਣ-ਪਾਣੀ ਪਲੀਤ ਹੋ ਗਿਆ ਹੈ, ਉੱਥੇ ਕੇਵਲ ਰੁੱਖ ਹੀ ਇਸਨੂੰ ਸ਼ੁੱਧ ਕਰਨ ਲਈ ਸਹਾਈ ਹੋ ਸਕਦੇ ਹਨ| ਵਾਤਾਵਰਣ ਦੀ ਸੰਭਾਲ ਲਈ ਇਹੀ ਇੱਕ ਉਪਰਾਲਾ ਮਨੁੱਖ ਦੇ ਹੱਥ ਵੱਸ ਹੈ ਤੇ ਪੌਦਿਆਂ ਦਾ ਲੰਗਰ, ਬੋਰਡ ਵੱਲੋਂ ਇਸ ਉਪਰਾਲੇ ਵਿੱਚ ਇੱਕ ਛੋਟੀ ਜਿਹੀ ਦੇਣ ਹੈ| 
  ਅੱਜ ਦੇ ਇਸ ਸਮਾਗਮ ਵਿੱਚ ਕੈਪਟਨ ਸੰਦੀਪ ਸਿੰਘ ਸੰਧੂ, ਓ.ਐੱਸ.ਡੀ ਟੂ ਮੁੱਖ ਮੰਤਰੀ, ਪੰਜਾਬ ਜੀ ਨੇ ਉਚੇਚੇ ਤੌਰ ਤੇ ਹਾਜ਼ਰੀ ਭਰੀ| ਵਾਈਸ ਚੇਅਰਮੈਨ ਬਲਦੇਵ ਸਚਦੇਵਾ, ਸਕੱਤਰ ਪ੍ਰਸ਼ਾਂਤ ਕੁਮਾਰ ਗੋਇਲ, ਡਿਪਟੀ ਮੇਅਰ, ਮਨਜੀਤ ਸਿੰਘ ਸੇਠੀ, ਸਾਬਕਾ ਪ੍ਰਧਾਨ (ਕਰਮਚਾਰੀ ਜੱਥੇਬੰਦੀ) ਗੁਰਦੀਪ ਸਿੰਘ ਢਿਲੋਂ, ਰਣਜੀਤ ਸਿੰਘ ਮਾਨ, ਬਲਦੇਵ ਸਿੰਘ ਸੋਹਲ, ਸਾਬਕਾ ਕੰਟਰੋਲਰ, ਹਰਲਾਲ ਸਿੰਘ ਸਾਬਕਾ ਸਕੱਤਰ/ਡਾਇਰੈਕਟਰ , ਗੁਰਮੀਤ ਸਿੰਘ ਰੰਧਾਵਾ ਉੱਪ ਸਕੱਤਰ ਅਤੇ ਬੋਰਡ ਤੋਂ ਰਿਟਾਇਰਡ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ | ਸਮੂਹ ਬੋਰਡ ਮੁਲਾਜਮਾਂ, ਡੀ.ਪੀ.ਆਈ. ਦਫਤਰ ਦੇ ਮੁਲਾਜਮਾਂ ਦਾ , ਐਸ. ਸੀ.ਆਰ.ਟੀ. ਵਿਭਾਗ ਅਤੇ ਬੋਰਡ ਬਿਲੰਡਿੰਗ ਦੇ ਕੰਪਲੈਕਸ ਵਿੱਚ ਮੌਜੂਦ ਹੋਰ ਦਫਤਰਾਂ ਦੇ ਮੁਲਾਜਮਾਂ ਨੇ ਚਾਹ ਦੇ ਲੰਗਰ , ਪ੍ਰਸ਼ਾਦਿਆ ਦੀ ਸੇਵਾ, ਲੱਸੀ ਦੇ ਲੰਗਰ, ਸੂਪ ਦੇ ਲੰਗਰ, ਫਰੂਟ ਚਾਟ ਦੇ ਲੰਗਰ ਅਤੇ  ਜੋੜਾ ਘਰ ਦੀ ਸੇਵਾ ਵਿੱਚ  ਆਪਣਾ ਯੋਗਦਾਨ ਪਾਇਆ| ਅੰਤ ਵਿੱਚ ਗੁਰਮਤਿ ਵਿਚਾਰ ਸਭਾ ਦੇ ਪ੍ਰਧਾਨ, ਹਰਪਾਲ ਸਿੰਘ ਨੇ ਸਾਰੇ ਦਫਤਰਾਂ ਦੇ ਮੁਲਾਜ਼ਮਾਂ ਦਾ ਧੰਨਵਾਦ ਕਰਦਿਆਂ ਹੋਇਆ, ਵੱਖ-ਵੱਖ ਤਰ੍ਹਾਂ ਦੀ ਸੇਵਾ ਨਿਭਾਉਣ ਦੀ ਭਰਪੂਰ ਸ਼ਲਾਘਾ ਕੀਤੀ|