• Home
  • ਮੁਸ਼ਕਿਲ ਹਾਲਾਤ ਵਿੱਚ ਰਹਿ ਕੇ ਦੇਸ਼ ਦੀ ਸੇਵਾ ਕਰਦੇ ਹਨ ਫੌਜੀ-ਫੌਜ ਕਾਰਨ ਦੇਸ਼ ਸੁਰੱਖਿਅਤ : ਸਿੱਧੂ

ਮੁਸ਼ਕਿਲ ਹਾਲਾਤ ਵਿੱਚ ਰਹਿ ਕੇ ਦੇਸ਼ ਦੀ ਸੇਵਾ ਕਰਦੇ ਹਨ ਫੌਜੀ-ਫੌਜ ਕਾਰਨ ਦੇਸ਼ ਸੁਰੱਖਿਅਤ : ਸਿੱਧੂ

ਐਸ. ਏ. ਐਸ. ਨਗਰ: ਮੁਸ਼ਕਿਲ ਤੋਂ ਮੁਸ਼ਕਿਲ ਹਾਲਾਤ ਵਿੱਚ ਭਾਰਤ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਫੌਜੀਆਂ ਕਾਰਨ ਹੀ ਦੇਸ਼ ਸੁਰੱਖਿਅਤ ਹੈ। ਇਨ੍ਹਾਂ ਬਹਾਦਰ ਫੌਜੀਆਂ ਕਾਰਨ ਹੀ ਦੇਸ਼ ਦੀ ਹੋਂਦ ਕਾਇਮ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ਼੍ਰੀ ਬਲਬੀਰ ਸਿੰਘ ਸਿੱਧੂ ਨੇ ਸੈਨਿਕ ਰੈਸਟ ਹਾਊਸ ਐਸ. ਏ. ਐਸ. ਨਗਰ ਨੂੰ ਉੱਚ ਦਰਜੇ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਆਪਣੇ ਅਖਤਿਆਰੀ ਫੰਡ 'ਚੋਂ 5 ਲੱਖ ਰੁਪਏ ਦਾ ਚੈੱਕ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਐਸ. ਏ. ਐਸ. ਨਗਰ ਲੈਫ. ਕਰਨਲ ( ਸੇਵਾ ਮੁਕਤ ) ਪੀ. ਐਸ. ਬਾਜਵਾ, ਨੂੰ ਦੇਣ ਮੌਕੇ ਕੀਤਾ।

ਸ਼੍ਰੀ ਸਿੱਧੂ ਨੇ ਇਸ ਮੌਕੇ ਸਾਬਕਾ ਸੈਨਿਕਾਂ ਦਾ ਦੇਸ਼ ਦੀ ਰੱਖਿਆ ਵਿੱਚ ਪਾਏ ਵੱਢਮੁੱਲੇ ਯੋਗਦਾਨ ਲਈ ਧੰਨਵਾਦ ਕਰਦਿਆਂ ਉਨ੍ਹਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ 'ਤੇ ਹੱਲ ਕਰਨ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਹੋਰ ਕਿਸੇ ਨੌਕਰੀ ਵਿੱਚ ਜਾਨ ਦਾ ਇੰਨਾ ਖਤਰਾ ਨਹੀਂ ਹੁੰਦਾ ਪਰ ਇਕ ਫੌਜੀ ਹਰ ਸਮੇਂ ਆਪਣੀ ਜਾਨ ਦੇਸ਼ ਲਈ ਜੋਖਿਮ ਵਿੱਚ ਪਾਈ ਰੱਖਦਾ ਹੈ। ਇਸ ਲਈ ਫੌਜੀਆਂ ਵੱਲੋਂ ਕੀਤੀ ਦੇਸ਼ ਦੀ ਸੇਵਾ ਦਾ ਮੁੱਲ ਕੋਈ ਨਹੀਂ ਉਤਾਰ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੈਨਿਕਾਂ ਅਤੇ ਸਾਬਕਾ ਸੈਨਿਕਾਂ ਨਾਲ ਜੁੜੇ ਮਾਮਲਿਆਂ ਨੂੰ ਬੜੀ ਗੰਭੀਰਤਾ ਨਾਲ ਲੈਂਦੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਤਤਪਰਤਾ ਨਾਲ ਨਿਬੇੜਨ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਉਨ੍ਹਾਂ ਆਉਣ ਵਾਲੇ ਸਮੇਂ ਵਿੱਚ ਵੀ ਸਾਬਕਾ ਸੈਨਿਕਾਂ ਦੀ ਇਸੇ ਤਰ੍ਹਾਂ ਮਦਦ ਕਰਨ ਦਾ ਭਰੋਸਾ ਦਿਵਾਇਆ।

ਇਸ ਉਪਰੰਤ ਕੈਬਨਿਟ ਮੰਤਰੀ ਸ਼੍ਰੀ ਸਿੱਧੂ ਨੇ ਸੈਨਿਕ ਰੈਸਟ ਹਾਊਸ ਵਿਖੇ ਚਲ ਰਹੇ ਇੰਸਟੀਚਿਊਟ ਦੀ  ਵਿਦਿਆਰਥਣ ਰਾਜਪਿੰਦਰ ਕੌਰ ਨੂੰ ਪੀ. ਜੀ. ਡੀ. ਸੀ. ਏ.  'ਚੋਂ 9.24 ਸੀ. ਜੀ. ਪੀ. ਏ. ਪ੍ਰਾਪਤ  ਕਰਨ ਵਜੋਂ ਸਨਮਾਨਿਤ ਕੀਤਾ ਅਤੇ ਸਿਪਾਹੀ ਮਿਹਰ ਸਿੰਘ ਪਿੰਡ ਤੰਗੌਰੀ ਨੂੰ ਵ੍ਹੀਲ ਚੇਅਰ ਦਿੱਤੀ ਗਈ। ਇਸ ਤੋਂ ਪਹਿਲਾਂ ਕਰਨਲ ਆਰ. ਐਸ. ਬੋਪਾਰਾਏ ਅਤੇ ਲੈਫੀ. ਕਰਨਲ ਪੀ. ਐਸ. ਬਾਜਵਾ ਨੇ ਸ਼੍ਰੀ ਸਿੱਧੂ ਦਾ ਸਵਾਗਤ ਕਰਦਿਆਂ ਸੈਨਿਕ ਰੈਸਟ ਹਾਊਸ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣ 'ਤੇ ਧੰਨਵਾਦ ਕੀਤਾ। ਇਸ ਮੌਕੇ ਸ਼੍ਰੀ ਸਿੱਧੂ ਦੇ ਸਿਆਸੀ ਸਕੱਤਰ ਸ਼੍ਰੀ ਹਰਕੇਸ਼ ਚੰਦ ਸ਼ਰਮਾ ਮਛਲੀਕਲਾਂ, ਬ੍ਰਿਗੇਡੀਅਰ ਕੇ. ਜੇ. ਸਿੰਘ ਡਾਇਰੈਕਟਰ ਵੈਟਰਨ ਸਹਾਇਤਾ ਕੇਂਦਰ, ਕਰਨਲ ਐਚ. ਪੀ. ਸਿੰਘ ( ਸੇਵਾ ਮੁਕਤ ), ਕਰਨਲ ਬਲਵੀਰ ਸਿੰਘ, ਕਮਾਂਡਰ ਜਗਵੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਾਬਕਾ ਸੈਨਿਕ ਮੌਜੂਦ ਸਨ। ਅਖੀਰ ਵਿੱਚ ਲੈਫ. ਕਰਨਲ ਕ੍ਰਿਪਾਲ ਸਿੰਘ ਗੜਾਂਗ ( ਸੇਵਾ ਮੁਕਤ ) ਉਪ ਪ੍ਰਧਾਨ ਜ਼ਿਲ੍ਹਾ ਸੈਨਿਕ ਬੋਰਡ ਨੇ ਸ਼੍ਰੀ ਸਿੱਧੂ ਅਤੇ ਆਏ ਹੋਏ ਸਾਬਕਾ ਸੈਨਿਕਾਂ/ਵਿਧਵਾਵਾਂ ਦਾ ਧੰਨਵਾਦ ਕੀਤਾ।