• Home
  • ਲੋਕ ਮੁੱਦਿਆਂ ਤੋਂ ਭੱਜ ਰਹੇ ਨੇ ਕੈਪਟਨ ਅਮਰਿੰਦਰ-ਹਰਪਾਲ ਸਿੰਘ ਚੀਮਾ

ਲੋਕ ਮੁੱਦਿਆਂ ਤੋਂ ਭੱਜ ਰਹੇ ਨੇ ਕੈਪਟਨ ਅਮਰਿੰਦਰ-ਹਰਪਾਲ ਸਿੰਘ ਚੀਮਾ

ਕੈਪਟਨ ਤੇ ਬਾਦਲਾਂ ਨੇ 'ਆਪ' ਦਾ ਵਜੂਦ ਖ਼ਤਮ ਕਰਨ ਦੀ ਦਿੱਤੀ ਸੁਪਾਰੀ-ਅਮਨ ਅਰੋੜਾ

ਚੰਡੀਗੜ੍ਹ,  ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਦਲ ਦੀ ਬੈਠਕ 'ਚ ਕੈਪਟਨ ਸਰਕਾਰ 'ਤੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ 2 ਸਾਲਾਂ ਦੇ ਨਖਿੱਧ ਸ਼ਾਸਨ 'ਤੇ ਪਰਦਾ ਪਾਉਣ ਲਈ ਜਿੱਥੇ ਗੈਰ-ਜ਼ਰੂਰੀ ਗੱਲਾਂ ਨੂੰ ਚੋਣ ਮੁੱਦੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉੱਥੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਅਤੇ ਕੀਤੇ ਵਾਅਦਿਆਂ ਤੋਂ ਭਟਕਾਉਣ ਲਈ ਗੈਰ-ਜ਼ਰੂਰੀ ਬਿਆਨਬਾਜ਼ੀ ਕਰ ਰਹੇ ਹਨ।
ਵਿਧਾਇਕ ਦਲ ਦੀ ਬੈਠਕ ਉਪਰੰਤ ਪੱਤਰਕਾਰਾਂ ਦੇ ਰੂਬਰੂ ਹੋ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਅਤੇ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ ਨੇ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ, ਸੁਖਪਾਲ ਸਿੰਘ ਖਹਿਰਾ ਅਤੇ ਮੋਦੀ-ਅਮਿਤ ਸ਼ਾਹ ਜੋੜੀ 'ਤੇ ਤਿੱਖੇ ਹਮਲੇ ਕੀਤੇ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਸਰਬਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ, ਮੀਤ ਹੇਅਰ, ਰੁਪਿੰਦਰ ਕੌਰ ਰੂਬੀ, ਜੈ ਕਿਸ਼ਨ ਸਿੰਘ ਰੋੜੀ, ਅਮਰਜੀਤ ਸਿੰਘ ਸੰਦੋਆ ਅਤੇ ਕੁਲਵੰਤ ਸਿੰਘ ਪੰਡੋਰੀ ਮੌਜੂਦ ਸਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 2 ਸਾਲ ਦੇ ਨਿਕੰਮੇ ਕਾਰਜਕਾਲ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਨੂੰ ਇਨ੍ਹਾਂ ਚੋਣਾਂ 'ਚ ਹਾਰ ਨਜ਼ਰ ਆਉਣ ਲੱਗੀ ਹੈ। ਨਮੋਸ਼ੀ ਭਰੀ ਹਾਰ ਤੋਂ ਬਚਣ ਲਈ ਕੈਪਟਨ ਜਿੱਥੇ ਬਾਦਲਾਂ ਨਾਲ ਕੁੱਝ ਸੀਟਾਂ 'ਤੇ ਫਰੈਂਡਲੀ ਮੈਚ ਖੇਡ ਰਹੇ ਹਨ, ਉੱਥੇ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਧਮਕੀਆਂ ਦੇਣ 'ਤੇ ਉਤਰ ਆਏ ਹਨ। ਇਸ ਨਾਲ ਹੀ ਦੂਜੀਆਂ ਪਾਰਟੀਆਂ ਦੇ ਵਿਧਾਇਕ ਤੋੜ ਕੇ ਆਪਣੀ ਚੰਮ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਬੇਸ਼ੱਕ ਇਸ ਨਾਲ ਲੋਕਾਂ 'ਤੇ ਜ਼ਿਮਨੀ ਚੋਣ ਦਾ ਕਿੰਨਾ ਵੀ ਵਾਧੂ ਭਾਰ ਕਿਉਂ ਨਾ ਪੈ ਜਾਵੇ।
ਕੈਪਟਨ ਦੇ ਉਮੀਦਵਾਰਾਂ ਨੇ ਚੋਣਾਂ 'ਚ ਨਸ਼ੇ, ਮਨੀ ਪਾਵਰ ਅਤੇ ਮਸਲ ਪਾਵਰ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ। ਬਠਿੰਡਾ ਤੋਂ ਉਮੀਦਵਾਰ ਰਾਜਾ ਵੜਿੰਗ ਵੱਲੋਂ ਬੁਢਲਾਡਾ ਦੇ ਇੱਕ ਸਮਾਜ ਸੇਵੀ ਨੂੰ 50 ਹਜ਼ਾਰ ਰੁਪਏ ਨਾਲ ਖ਼ਰੀਦਣ ਦੀ ਕੋਸ਼ਿਸ਼ ਇਸ ਦੀ ਪ੍ਰਤੱਖ ਮਿਸਾਲ ਹੈ। ਚੀਮਾ ਨੇ ਦੱਸਿਆ ਕਿ ਉਨ੍ਹਾਂ ਇਸ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰ ਦਿੱਤੀ ਹੈ। ਇਸ ਕੇਸ ਬਾਰੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਵਿਸਤਾਰ ਨਾਲ ਦੱਸਿਆ।
ਇਸ ਮੌਕੇ ਅਮਨ ਅਰੋੜਾ ਨੇ ਦਾਅਵਾ ਕੀਤਾ ਕਿ ਧਰਾਤਲ ਪੱਧਰ 'ਤੇ ਸਥਿਤੀ 'ਆਪ' ਦੇ ਹੱਕ 'ਚ ਹੈ, ਕਿਉਂਕਿ ਲੋਕ ਕੈਪਟਨ, ਬਾਦਲਾਂ ਅਤੇ ਮੋਦੀ ਤੋਂ ਖੁੱਲ ਕੇ ਪੁੱਛ ਰਹੇ ਹਨ ਕਿ ਉਨ੍ਹਾਂ ਕੀਤੇ ਵਾਅਦੇ ਵਫ਼ਾ ਕਿਉਂ ਨਹੀਂ ਕੀਤੇ।
ਅਮਨ ਅਰੋੜਾ ਨੇ ਕਿਹਾ ਕਿ ਲੋਕਾਂ ਨਾਲ ਝੂਠ ਬੋਲਣ ਅਤੇ ਜੁਮਲੇਬਾਜੀ ਕਰਨ 'ਚ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀ ਉਸਤਾਦ ਸਾਬਤ ਹੋਏ ਹਨ। ਇਸ ਕਰਕੇ ਅੱਜ ਉਨ੍ਹਾਂ ਨੂੰ ਆਪਣੀ 2 ਸਾਲਾਂ ਦੀ ਕਾਰਗੁਜ਼ਾਰੀ 'ਤੇ ਵੋਟਾਂ ਮੰਗਣ ਦੀ ਥਾਂ ਮੰਤਰੀਆਂ ਵਿਧਾਇਕਾਂ ਨੂੰ ਧਮਕੀਆਂ ਦੇ ਰਹੇ ਹਨ ਅਤੇ ਦਲ ਬਦਲੀ 'ਚ ਪੰਜਾਬ ਦੇ ਭਜਨ ਲਾਲ ਬਣਨ ਲੱਗੇ ਹਨ।
ਅਮਨ ਅਰੋੜਾ ਨੇ ਸਵਾਲ ਕੀਤਾ ਕਿ ਜੇਕਰ 'ਮਿਸ਼ਨ-13'  'ਤੇ ਕਾਂਗਰਸ ਨੂੰ 13 ਸੀਟਾਂ ਨਹੀਂ ਆਉਂਦੀਆਂ ਤਾਂ ਕੀ ਉਹ ਮੁੱਖ ਮੰਤਰੀ ਦਾ ਅਹੁਦਾ ਛੱਡ ਦੇਣਗੇ।
ਅਰੋੜਾ ਨੇ ਕਿਹਾ ਕਿ ਆਪਣੇ 78 ਵਿਧਾਇਕਾਂ 'ਤੇ ਭਰੋਸਾ ਨਾ ਕਰਕੇ ਕੈਪਟਨ ਅਮਰਿੰਦਰ ਸਿੰਘ ਦਲ ਬਦਲੂਆਂ ਦਾ ਸਹਾਰਾ ਲੈਣ ਲੱਗੇ ਹਨ। ਅਰੋੜਾ ਨੇ ਕਿਹਾ ਕਿ ਜੋ ਲੇਕ ਇਮਾਨਦਾਰ ਸਿਆਸਤ ਅਤੇ ਪੰਜਾਬ ਨੂੰ ਸਮਰਪਿਤ ਹਨ, ਲੋਕ ਉਨ੍ਹਾਂ ਦੀ ਕਦਰ ਕਰਦੇ ਹਨ। ਉਨ੍ਹਾਂ 'ਆਪ' ਵਿਧਾਇਕਾਂ 'ਚ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਪੰਜਾਬ ਲਈ ਇੱਕ ਮਿਸ਼ਨ 'ਤੇ ਕੰਮ ਕਰ ਰਹੇ ਹਨ, ਕਮਿਸ਼ਨ 'ਤੇ ਨਹੀਂ।
ਅਰੋੜਾ ਨੇ ਕਿਹਾ ਕਿ ਇੱਕ ਵੱਡੀ ਸਾਜ਼ਿਸ਼ ਤਹਿਤ ਕੈਪਟਨ-ਬਾਦਲ ਅਤੇ ਮੋਦੀ-ਅਮਿਤ ਸ਼ਾਹ ਮਿਲ ਕੇ 'ਆਪ' ਦਾ ਵਜੂਦ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਇਸ ਲਈ ਉਨ੍ਹਾਂ ਕੁੱਝ ਲੋਕਾਂ ਨੂੰ ਸੁਪਾਰੀ ਦਿੱਤੀ ਹੈ, ਜੋ ਖ਼ੁਦਮੁਖ਼ਤਿਆਰੀ, ਪੰਜਾਬੀਅਤ ਅਤੇ ਜ਼ਮੀਰ ਦੇ ਨਾਂ 'ਤੇ ਚੀਚੀ ਨੂੰ ਖ਼ੂਨ ਲਗਾ ਕੇ ਸ਼ਹੀਦ ਬਣਨ ਨੂੰ ਫਿਰਦੇ ਹਨ। ਅਰੋੜਾ ਨੇ ਕਿਹਾ ਕਿ ਜੇਕਰ ਖਹਿਰਾ ਸੱਚਮੁੱਚ ਅਸਤੀਫ਼ਾ ਦੇਣਾ ਚਾਹੁੰਦਾ ਸੀ ਤਾਂ ਉਸ ਨੂੰ ਅੰਗਰੇਜ਼ੀ 'ਚ 3 ਸਫ਼ਿਆਂ ਦੀ ਹੀਰ ਲਿਖਣ ਦੀ ਲੋੜ ਨਾ ਹੁੰਦੀ, ਉਹ ਆਪਣੇ ਚੇਲੇ ਨਾਜ਼ਰ ਸਿੰਘ ਮਾਨਸ਼ਾਹੀਆ ਵਾਂਗ ਇੱਕ ਲਾਇਨ ਦਾ ਸਹੀ ਅਸਤੀਫ਼ਾ ਲਿਖ ਕੇ ਦਿੰਦੇ।
ਅਮਨ ਅਰੋੜਾ ਨੇ ਕਿਹਾ ਕਿ ਇਨ੍ਹਾਂ ਸਭ ਦੀ ਬਿੱਲੀ ਥੈਲਿਓਂ ਬਾਹਰ ਨਿਕਲ ਆਈ ਹੈ, ਲੋਕਾਂ ਨੂੰ ਸਭ ਪਤਾ ਲੱਗ ਗਿਆ ਹੈ।