• Home
  • ਨਿੱਜੀ ਸਕੂਲਾਂ ਨੇ ਵਿਦਿਆਰਥੀਆਂ ਕੋਲੋਂ ਸਮਰ ਕੈਂਪਾਂ ਦੇ ਨਾਮ ‘ਤੇ ਵਾਧੂ ਕਮਾਈ ਦਾ ਰਾਹ ਲੱਭਿਆ -ਵਾਧੂ ਫ਼ੀਸ ਵਸੂਲਣਾ ਗੈਰ-ਕਾਨੂੰਨੀ – ਡਾਕਟਰ ਗਰਗ

ਨਿੱਜੀ ਸਕੂਲਾਂ ਨੇ ਵਿਦਿਆਰਥੀਆਂ ਕੋਲੋਂ ਸਮਰ ਕੈਂਪਾਂ ਦੇ ਨਾਮ ‘ਤੇ ਵਾਧੂ ਕਮਾਈ ਦਾ ਰਾਹ ਲੱਭਿਆ -ਵਾਧੂ ਫ਼ੀਸ ਵਸੂਲਣਾ ਗੈਰ-ਕਾਨੂੰਨੀ – ਡਾਕਟਰ ਗਰਗ

ਗੁਰੂਸਰ ਸੁਧਾਰ / ਸੰਤੋਖ ਗਿੱਲ
ਬਹੁਤ ਸਾਰੇ ਪ੍ਰਾਈਵੇਟ ਸਕੂਲਾਂ ਨੇ ਤਾਂ "ਸਮਰ ਕੈਂਪਾਂ" ਦੇ ਨਾਂ 'ਤੇ ਮੋਟੀਆਂ ਫ਼ੀਸਾਂ ਵਸੂਲ ਕੇ ਕਮਾਈ ਦਾ ਨਵਾਂ ਰਾਹ ਅਖ਼ਤਿਆਰ ਕਰ ਲਿਆ ਹੈ। ਜਦਕਿ ਕੁੱਝ ਸਰਕਾਰੀ ਸਕੂਲ ਵੀ ਬਿਨਾਂ ਕੋਈ ਵਾਧੂ ਫ਼ੀਸ ਵਸੂਲ ਕੀਤੇ "ਸਮਰ ਕੈਂਪ" ਲਾ ਰਹੇ ਹਨ। ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਦਾ ਇਸ ਸਬੰਧ ਵਿਚ ਕਹਿਣਾ ਹੈ ਕਿ ਅੱਤ ਦੀ ਗਰਮੀ ਵਿਚ ਬੱਚਿਆਂ ਨੂੰ ਸਕੂਲ ਜਾਣਾ ਪੈਂਦਾ ਹੈ, ਇਸ ਕਰ ਕੇ ਉਨ੍ਹਾਂ ਲਈ ਅੱਤ ਦੀ ਗਰਮੀ ਤੋਂ ਬਚਾਅ ਲਈ ਸਮੱਸਿਆ ਤਾਂ ਉਸੇ ਤਰ੍ਹਾਂ ਬਰਕਰਾਰ ਹੈ। ਪਰ ਨਾਲ ਦੀ ਨਾਲ ਉਹ ਇਹ ਵੀ ਸੋਚਦੇ ਹਨ ਕਿ ਘਰ ਵਿਚ ਵੀ ਬੱਚਿਆਂ ਨੂੰ ਗਰਮੀ ਤੋਂ ਬਚਾਉਣ ਲਈ ਬੰਨ੍ਹ ਕੇ ਰੱਖਣਾ ਸੰਭਵ ਨਹੀਂ ਹੈ, ਘੱਟੋ-ਘੱਟ ਸਕੂਲ ਕੁੱਝ ਸਿੱਖ ਕੇ ਆਉਣਗੇ। ਨਹੀਂ ਤਾਂ ਘਰ ਵਿਚ ਬੱਚੇ ਟੀਵੀ, ਫ਼ੋਨ ਜਾਂ ਕੰਪਿਊਟਰ ਗੇਮਾਂ 'ਤੇ ਵਕਤ ਬਰਬਾਦ ਹੀ ਕਰਦੇ ਹਨ, ਇਸ ਤੋਂ ਚੰਗਾ ਹੈ ਉਹ ਸਕੂਲ ਹੀ ਚਲੇ ਜਾਣ।
ਇਸ ਵਾਰ ਨਿੱਜੀ ਸਕੂਲਾਂ ਨੇ ਇਨ੍ਹਾਂ ਕੈਂਪਾਂ ਨੂੰ ਦਿਲਕਸ਼ ਬਣਾਉਣ ਲਈ ਖੇਡਾਂ ਦਾ ਵੀ ਤੜਕਾ ਲਾਇਆ ਹੈ। ਇਸ ਸਬੰਧੀ ਜਦੋਂ ਕੁੱਝ ਨਿੱਜੀ ਸਕੂਲਾਂ ਦੇ ਪ੍ਰਿੰਸੀਪਲਾਂ ਜਾਂ ਡਾਇਰੈਕਟਰਾਂ ਨਾਲ ਗੱਲ ਕਰਨ ਦਾ ਯਤਨ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਿਸੇ ਵਿਦਿਆਰਥੀ ਨਾਲ ਜ਼ਬਰਦਸਤੀ ਨਹੀਂ ਕੀਤੀ ਜਾ ਰਹੀ। ਸਗੋਂ ਉਨ੍ਹਾਂ ਦੀ ਮੰਗ ਨੂੰ ਧਿਆਨ 'ਚ ਰੱਖ ਕੇ ਹੀ ਕੈਂਪ ਲਾਏ ਜਾ ਰਹੇ ਹਨ। ਕਈ ਜ਼ਿਲ੍ਹਿਆਂ ਦੇ ਸਿੱਖਿਆ ਅਧਿਕਾਰੀਆਂ ਨੇ ਸਕੂਲ ਮੁਖੀਆਂ ਨੂੰ ਲਿਖਤੀ ਆਦੇਸ਼ ਜਾਰੀ ਕੀਤੇ ਹਨ ਕਿ ਉਹ ਕੈਂਪ ਜੀਅ ਸਦਕੇ ਲਾਉਣ ਪਰ ਇਸ ਸਬੰਧੀ ਫ਼ੀਸਾਂ ਵਸੂਲ ਨਹੀਂ ਕੀਤੀਆਂ ਜਾ ਸਕਦੀਆਂ। ਇਸ ਸਬੰਧੀ ਲੁਧਿਆਣਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਵਰਨਜੀਤ ਕੌਰ ਨੇ ਸੰਪਰਕ ਕਰਨ 'ਤੇ ਸਕੂਲਾਂ ਵੱਲੋਂ ਫ਼ੀਸਾਂ ਵਸੂਲਣ ਬਾਰੇ ਅਨਜਾਣਤਾ ਪ੍ਰਗਟ ਕਰਦਿਆਂ ਕਿਹਾ ਕਿ ਉਹ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਨ ਤੋਂ ਬਾਅਦ ਆਦੇਸ਼ ਜਾਰੀ ਕਰਨਗੇ। ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਨਿੱਜੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੀਆਂ ਫ਼ੀਸਾਂ ਨਿਰਧਾਰਨ ਬਾਰੇ ਕਮੇਟੀ ਦੇ ਮੈਂਬਰ ਅਤੇ ਉੱਘੇ ਸਿੱਖਿਆ ਮਾਹਿਰ ਡਾਕਟਰ ਪਿਆਰਾ ਲਾਲ ਗਰਗ ਨੇ ਕਿਹਾ ਕਿ ਸਕੂਲ ਪ੍ਰਬੰਧਕ ਤਾਂ ਸਾਰੇ ਸਾਲ ਦੀ ਫ਼ੀਸ ਵਿਦਿਆਰਥੀਆਂ ਤੋਂ ਪਹਿਲਾਂ ਹੀ ਵਸੂਲ ਰਹੇ ਹਨ, ਫਿਰ ਅਜਿਹੇ ਕੈਂਪਾਂ ਦੇ ਨਾਂ 'ਤੇ ਵਾਧੂ ਫ਼ੀਸ ਵਸੂਲਣਾ ਕਾਨੂੰਨ ਦੀ ਉਲੰਘਣਾ ਹੈ।