• Home
  • ਲੁਧਿਆਣਾ (ਪੂਰਬੀ) ਦੇ ਸਰਕਾਰੀ ਕਾਲਜ ਦੀ ਇਮਾਰਤ ਦੀ ਉਸਾਰੀ ਸ਼ੁਰੂ-ਰਵਨੀਤ ਸਿੰਘ ਬਿੱਟੂ ਵੱਲੋਂ ਉਦਘਾਟਨ

ਲੁਧਿਆਣਾ (ਪੂਰਬੀ) ਦੇ ਸਰਕਾਰੀ ਕਾਲਜ ਦੀ ਇਮਾਰਤ ਦੀ ਉਸਾਰੀ ਸ਼ੁਰੂ-ਰਵਨੀਤ ਸਿੰਘ ਬਿੱਟੂ ਵੱਲੋਂ ਉਦਘਾਟਨ

ਲੁਧਿਆਣਾ (ਪੂਰਬੀ) ਹਲਕੇ ਵਿੱਚ ਸ਼ੁਰੂ ਹੋਏ ਸਰਕਾਰੀ ਕਾਲਜ ਦੀ ਇਮਾਰਤ ਦੀ ਉਸਾਰੀ ਸ਼ੁਰੂ ਹੋ ਗਈ ਹੈ। ਉਸਾਰੀ ਕਾਰਜ ਦਾ ਉਦਘਾਟਨ ਅੱਜ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਕੀਤਾ। ਇਸ ਮੌਕੇ ਹਲਕਾ ਵਿਧਾਇਕ ਸ੍ਰੀ ਸੰਜੇ ਤਲਵਾੜ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਦੱਸਣਯੋਗ ਹੈ ਕਿ ਇਸ ਕਾਲਜ ਵਿੱਚ 80 ਦੇ ਕਰੀਬ ਵਿਦਿਆਰਥੀਆਂ ਨੇ ਬੀ. ਏ. ਭਾਗ ਪਹਿਲਾ ਵਿੱਚ ਦਾਖ਼ਲਾ ਲਿਆ ਹੋਇਆ ਹੈ। ਜਿਸ ਲਈ ਕਲਾਸਾਂ ਦੀ ਸ਼ੁਰੂਆਤ ਆਰਜੀ ਤੌਰ 'ਤੇ ਸੈਕਟਰ 39 ਸਥਿਤ ਕਮਿਊਨਿਟੀ ਸੈਂਟਰ ਵਿਖੇ ਕਰ ਦਿੱਤੀ ਗਈ ਸੀ। ਇਮਾਰਤ ਤਿਆਰ ਹੋਣ ਉਪਰੰਤ ਇਸ ਕਾਲਜ ਵਿੱਚ ਪੜਈ ਸ਼ੁਰੂ ਕਰ ਦਿੱਤੀ ਜਾਵੇਗੀ।


ਇਸ ਮੌਕੇ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ. ਬਿੱਟੂ ਨੇ ਵਿਧਾਇਕ ਸ੍ਰੀ ਸੰਜੇ ਤਲਵਾੜ ਅਤੇ ਸਥਾਨਕ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਕਾਲਜ ਦੇ ਸ਼ੁਰੂ ਹੋਣ ਨਾਲ ਹਜ਼ਾਰਾਂ ਇਲਾਕਾ ਵਾਸੀਆਂ ਨੂੰ ਬਹੁਤ ਜਿਆਦਾ ਲਾਭ ਮਿਲੇਗਾ।
ਸ੍ਰ. ਬਿੱਟੂ ਅਤੇ ਵਿਧਾਇਕ ਸ੍ਰੀ ਤਲਵਾੜ ਨੇ ਕਿਹਾ ਕਿ ਇਸ ਕਾਲਜ ਲਈ ਗਲਾਡਾ ਵੱਲੋਂ ਪਹਿਲਾਂ ਹੀ 5 ਏਕੜ ਜ਼ਮੀਨ ਵਰਧਮਾਨ ਮਿਲ ਦੇ ਸਾਹਮਣੇ ਅਲਾਟ ਕਰ ਦਿੱਤੀ ਗਈ ਹੈ। ਜਿਸ 'ਤੇ ਕਾਲਜ ਦੀ ਇਮਾਰਤ ਦਾ ਨਿਰਮਾਣ ਕੀਤਾ ਜਾਵੇਗਾ। ਨਿਰਮਾਣ ਕਾਰਜ 'ਤੇ 12.5 ਕਰੋੜ ਰੁਪਏ ਦੀ ਲਾਗਤ ਆਵੇਗੀ।
ਉਨਾਂ ਕਿਹਾ ਕਿ ਸ਼ਹਿਰ ਵਿੱਚ ਪਹਿਲਾ ਸਰਕਾਰੀ ਕਾਲਜ (ਲੜਕੇ) 1920 ਵਿੱਚ ਬਣਿਆ ਸੀ, ਜਦਕਿ 1943 ਵਿੱਚ ਦੂਜਾ ਸਰਕਾਰੀ ਕਾਲਜ (ਲੜਕੀਆਂ) ਸ਼ੁਰੂ ਹੋਇਆ ਸੀ। ਪੂਰੇ 75 ਸਾਲ ਦੇ ਬਾਅਦ ਸ਼ਹਿਰ ਵਿੱਚ ਨਵਾਂ ਕਾਲਜ ਖੁੱਲਿਆ ਹੈ, ਜੋ ਕਿ ਸ਼ਹਿਰ ਵਾਸੀਆਂ ਲਈ ਵੱਡੀ ਖੁਸ਼ਖ਼ਬਰੀ ਹੈ। ਇਸ ਕਾਲਜ ਦੇ ਬੀ. ਏ. ਭਾਗ ਪਹਿਲਾ ਦੇ ਪਹਿਲੇ ਬੈਚ ਵਿੱਚ 80 ਵਿਦਿਆਰਥੀਆਂ ਨੇ ਦਾਖ਼ਲਾ ਲਿਆ ਹੈ। ਜਦਕਿ ਅਗਲੇ ਸਾਲ ਤੋਂ ਬੀ. ਕਾਮ ਅਤੇ ਬੀ. ਬੀ. ਏ. ਦੀ ਪੜਾਈ ਵੀ ਸ਼ੁਰੂ ਕੀਤੀ ਜਾਵੇਗੀ।
ਸ੍ਰੀ ਤਲਵਾੜ ਨੇ ਇਸ ਵੱਡੀ ਦੇਣ ਲਈ  ਉਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਉਨਾਂ ਕਿਹਾ ਕਿ ਲੁਧਿਆਣਾ (ਪੂਰਬੀ) ਹਲਕੇ ਵਿੱਚ ਕਾਲਜ ਖੁੱਲ•ਣ ਨਾਲ ਇਸ ਹਲਕੇ ਦੀ ਪੁਰਾਣੀ ਮੰਗ ਪੂਰੀ ਹੋਈ ਹੈ।  ਉਨਾਂ ਚੋਣਾਂ ਵੇਲੇ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਹੈ। ਇਸ ਮੌਕੇ  ਉਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਖ਼ਤ ਮਿਹਨਤ ਕਰਨ ਅਤੇ ਉਚਾਈਆਂ ਛੋਹਣ ਦੀ ਅਪੀਲ ਕੀਤੀ।
ਉਨਾਂ ਹੋਰ ਦੱਸਿਆ ਕਿ ਹਲਕੇ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟ ਸ਼ੁਰੂ ਹੋਣ ਵਾਲੇ ਹਨ, ਜਿਨਾਂ ਵਿੱਚ ਪ੍ਰਦਰਸ਼ਨੀ ਕੇਂਦਰ, ਬੁੱਢੇ ਨਾਲੇ ਦੇ ਨਾਲ-ਨਾਲ ਸੜਕ ਅਤੇ ਹੋਰ ਕੰਮ ਸ਼ਾਮਿਲ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ,  ਸ੍ਰੀ ਤਲਵਾੜ ਦੇ ਪਿਤਾ ਸ੍ਰੀ ਹਰਬੰਸ ਲਾਲ ਤਲਵਾੜ, ਮਾਤਾ ਸ੍ਰੀਮਤੀ ਕ੍ਰਿਸ਼ਨਾ ਤਲਵਾੜ, ਸੀਨੀਅਰ ਡਿਪਟੀ ਮੇਅਰ ਸ੍ਰੀ ਸ਼ਾਮ ਸੁੰਦਰ ਮਲਹੋਤਰਾ, ਡਿਪਟੀ ਮੇਅਰ ਸ੍ਰੀਮਤੀ ਸਰਬਜੀਤ ਕੌਰ, ਸਰਕਾਰੀ ਕਾਲਜ (ਲੜਕੇ) ਦੇ ਪ੍ਰਿੰਸੀਪਲ ਸ੍ਰ. ਧਰਮ ਸਿੰਘ ਅਤੇ ਹੋਰ ਹਾਜ਼ਰ ਸਨ।