• Home
  • ਬਹਿਬਲ ਕਲਾਂ ਫਾਈਰਿੰਗ ਮਾਮਲੇ ਵਿੱਚ ਐਸ.ਆਈ.ਟੀ ਰਾਹੀਂ ਬਾਦਲਾਂ ਨੂੰ ਕਲੀਨ ਚਿੱਟ ਦਿਵਾ ਕੇ ਕੈਪਟਨ ਨੇ ਸਿੱਖਾਂ ਨਾਲ ਧੋਖਾ ਕਮਾਇਆ ਹੈ :- ਖਹਿਰਾ

ਬਹਿਬਲ ਕਲਾਂ ਫਾਈਰਿੰਗ ਮਾਮਲੇ ਵਿੱਚ ਐਸ.ਆਈ.ਟੀ ਰਾਹੀਂ ਬਾਦਲਾਂ ਨੂੰ ਕਲੀਨ ਚਿੱਟ ਦਿਵਾ ਕੇ ਕੈਪਟਨ ਨੇ ਸਿੱਖਾਂ ਨਾਲ ਧੋਖਾ ਕਮਾਇਆ ਹੈ :- ਖਹਿਰਾ

ਇਲਜਮ ਲਗਾਇਆ ਕਿ ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਕਰਵਾਉਣ ਲਈ ਘੜੀ ਗਈ ਸਾਜਿਸ਼ ਦਾ ਕੈਪਟਨ ਅਮਰਿੰਦਰ ੰਿਸੰਘ ਇੱਕ ਹਿੱਸਾ ਹੈ।
ਐਸ.ਆਈ.ਟੀ ਨੇ ਚੁੱਪ ਚੁਪੀਤੇ ਫਰੀਦਕੋਟ ਕੋਰਟ ਵਿੱਚ ਚਲਾਨ ਪੇਸ਼ ਕੀਤਾ ਅਤੇ ਗੋਲੀ ਕਾਂਡ ਵਿੱਚ ਬਾਦਲਾਂ ਦੀ ਭੂਮਿਕਾ ਨੂੰ ਸਾਫ ਕਰ ਦਿੱਤਾ ਗਿਆ।
ਬਠਿੰਡਾ, ਅਪ੍ਰੈਲ 28 – ਪੰਜਾਬ ਏਕਤਾ ਪਾਰਟੀ ਪ੍ਰਧਾਨ ਅਤੇ ਬਠਿੰਡਾ ਤੋਂ ਪੀ.ਡੀ.ਏ ਦੇ ਸਾਂਝੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਅੱਜ ਇਲਜਾਮ ਲਗਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਪ੍ਰਦਰਸ਼ਨ ਕਰ ਰਹੇ ਸਿੱਖਾਂ ਉੱਪਰ ਬਹਿਬਲ ਕਲਾਂ ਵਿਖੇ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਕਲੀਨ ਚਿੱਟ ਦੇ ਕੇ ਸਿੱਖਾਂ ਨਾਲ ਧੋਖਾ ਕਮਾਇਆ ਹੈ।
ਅੱਜ ਇਥੇ ਸਖਤ ਸ਼ਬਦਾਂ ਵਿੱਚ ਬਿਆਨ ਦਿੰਦੇ ਹੋਏ ਖਹਿਰਾ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਸ਼ਿਨ ਦੀਆਂ ਸਿਫਾਰਿਸ਼ਾਂ ਊੱਪਰ ਬਹਿਬਲ ਕਲਾਂ ਮਾਮਲੇ ਵਿੱਚ ਪੁਲਿਸ ਅਤੇ ਅਕਾਲੀ ਦਲ ਦੇ ਆਗੂਆਂ ਦੀ ਭੂਮਿਕਾ ਦੀ ਜਾਂਚ ਕਰਨ ਵਾਸਤੇ ਬਣਾਏ ਗਏ ਐਸ.ਆਈ.ਟੀ ਨੇ ਬਾਦਲਾਂ ਨੂੰ ਕਲੀਨ ਚਿੱਟ ਦਿੰਦੇ ਹੋਏ 24 ਅਪ੍ਰੈਲ ਨੂੰ ਫਰੀਦਕੋਟ ਦੀ ਅਦਾਲਤ ਵਿੱਚ ਚੁੱਪ ਚੁੱਪੀਤੇ ਚਲਾਨ ਪੇਸ਼ ਕਰ ਦਿੱਤਾ। ਉਹਨਾਂ ਕਿਹਾ ਕਿ ਬਾਦਲਾਂ ਨੂੰ ਜੇਲ ਵਿੱਚ ਸੁੱਟਣ ਦੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਵੱਡੇ ਵੱਡੇ ਵਾਅਦੇ ਮਹਿਜ ਸਿਆਸੀ ਡਰਾਮਾ ਸਨ ਅਤੇ ਉਸ ਦੇ ਅਸਲ ਸਿਆਸੀ ਰੂਪ ਨੂੰ ਦਰਸਾਉਂਦੇ ਹਨ।
ਖਹਿਰਾ ਨੇ ਕਿਹਾ ਕਿ ਬਾਦਲਾਂ ਕੋਲੋਂ ਪੁੱਛ ਗਿੱਛ ਕਰਨ ਵਾਲੇ ਐਸ.ਆਈ.ਟੀ ਮੈਂਬਰ ਆਈ.ਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਟਰਾਂਸਫਰ ਕੀਤੇ ਜਾਣ ਦਾ ਸਮਾਂ ਅਤੇ ਉਸ ਦੀ ਗੈਰਜਾਹਿਰੀ ਵਿੱਚ ਚਲਾਨ ਪੇਸ਼ ਕੀਤਾ ਜਾਣਾ ਆਦਰਸ਼ ਚੋਣ ਜਾਬਤੇ ਦੀ ਆੜ ਵਿੱਚ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਬਦਲੀ ਕੀਤੇ ਜਾਣ ਦੀ ਬਾਦਲਾਂ ਵੱਲੋਂ ਘੜੀ ਗਈ ਸਾਜਿਸ਼ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਵੀ ਸ਼ਾਮਿਲ ਹੋਣ ਦੇ ਸਵਾਲ ਖੜੇ ਹੁੰਦੇ ਹਨ।
ਬਾਦਲਾਂ ਨੂੰ ਅਜਾਦ ਘੁੰਮਣ ਦੇਣ ਲਈ ਜਿੰਮੇਵਾਰ ਕੈਪਟਨ ਅਮਰਿੰਦਰ ਸਿੰਘ ਦੀ ਉਹਨਾਂ ਨੇ ਕਰੜੇ ਸ਼ਬਦਾਂ ਵਿੱਚ ਨਿੰਦਿਆ ਕੀਤੀ ਅਤੇ ਕਿਹਾ ਕਿ ਕੋਰਟ ਵਿੱਚ ਚਲਾਨ ਪੇਸ਼ ਕੀਤੇ ਜਾਣ ਦੇ ਇੱਕ ਦਿਨ ਬਾਅਦ ਵੀ ਮੁੱਖ ਮੰਤਰੀ ਬਾਦਲਾਂ ਨੂੰ ਜੇਲ ਵਿੱੱਚ ਸੁੱਟਣ ਦੇ ਝੂਠੇ ਬਿਆਨ ਦੇ ਕੇ ਗੁੰਮਰਾਹ ਕਰਦਾ ਰਿਹਾ।ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਕੰਡਕਟ ਨੂੰ ਸ਼ਰਮਨਾਕ ਅਤੇ ਮੁੱਖ ਮੰਤਰੀ ਦੀ ਕੁਰਸੀ ਦੀ ਮਰਿਆਦਾ ਨੂੰ ਢਾਹ ਲਗਾਉਣ ਵਾਲਾ ਆਖਿਆ।
ਖਹਿਰਾ ਨੇ ਕਿਹਾ ਕਿ ਬਹਿਬਲ ਕਲਾਂ ਮਾਮਲੇ ਵਿੱਚ ਬਾਦਲਾਂ ਨੂੰ ਕਲੀਨ ਚਿੱਟ ਦਿੱਤਾ ਜਾਣਾ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੇ ਮੰਤਰੀ ਸਾਥੀਆਂ ਦੇ ਮੂੰਹ ਉੱਪਰ ਕਰਾਰੀ ਚਪੇੜ ਹੈ ਜਿਹੜੇ ਕਿ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਬੇਅਦਬੀ ਮਾਮਲਿਆਂ ਅਤੇ ਸਿੱਖਾਂ ਊੱਪਰ ਗੋਲੀ ਚਲਾਉਣ ਦੇ ਦੋਸ਼ੀ ਬਾਦਲਾਂ ਨੂੰ ਗ੍ਰਿਫਤਾਰ ਕਰਨ ਦੇ ਬਿਆਨ ਦੇ ਰਹੇ ਸਨ। ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਾਦਲਾਂ ਨੂੰ ਕਲੀਨ ਚਿੱਟ ਦਿੱਤਾ ਜਾਣਾ ਬਿਨਾਂ ਕਿਸੇ ਸਿਆਸੀ ਮਕਸਦ ਦੇ ਨਹੀਂ ਹੈ ਅਤੇ ਬਠਿੰਡਾ ਅਤੇ ਫਿਰੋਜਪੁਰ ਤੋਂ ਚੋਣ ਲੜ ਰਹੇ ਹਰਸਿਮਰਤ ਕੋਰ ਬਾਦਲ ਅਤੇ ਸੁਖਬੀਰ ਬਾਦਲ ਨੂੰ ਸਿਆਸੀ ਲਾਹਾ ਦੇਣ ਦੀ ਕੋਸ਼ਿਸ਼ ਹੈ।
ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਜੇਕਰ ਬਾਦਲਾਂ ਨੂੰ ਕਲੀਨ ਚਿੱੱਟ ਦੇਣ ਬਾਰੇ ਪਹਿਲਾਂ ਹੀ ਸੋਚਿਆ ਗਿਆ ਸੀ ਤਾਂ ਜਾਂਚ ਕਮੀਸ਼ਨ ਬਣਾਉਣ ਅਤੇ ਇਸ ਉੱਪਰ ਸਰਕਾਰੀ ਖਜਾਨੇ ਦਾ ਪੈਸਾ ਬਰਬਾਦ ਕਰਨ ਦੀ ਕੀ ਜਰੂਰਤ ਸੀ। ਉਹਨਾਂ ਕਿਹਾ ਕਿ ਐਸ.ਆਈ.ਟੀ ਦਾ ਗਠਨ ਸਿਰਫ ਬੇਅਦਬੀ ਮਾਮਲਿਆਂ ਵਿੱਚੋਂ ਬਾਦਲਾਂ ਦੀ ਭੂਮਿਕਾ ਨੂੰ ਮਿਟਾਉਣ ਲਈ ਕੀਤਾ ਗਿਆ ਸੀ। ਉਹਨਾਂ ਆਖਿਆ ਕਿ ਪੁਲਿਸ ਵੱਲੋਂ ਦਾਖਿਲ ਕੀਤੇ ਗਏ ਚਲਾਨ ਵਿੱਚ ਸਿਰਫ ਪੁਲਿਸ ਅਫਸਰਾਂ ਦੇ ਹੀ ਨਾਮ ਹਨ।
ਖਹਿਰਾ ਨੇ ਕਿਹਾ ਕਿ ਉਹ ਮੁੜ ਮੁੜ ਸੱਭ ਨੂੰ ਦੱਸ ਰਹੇ ਸਨ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ਨੇ ਸਿਆਸੀ ਅਤੇ ਅਪਰਾਧਿਕ ਮਾਮਲ਼ਿਆਂ ਵਿੱਚੋਂ ਇੱਕ ਦੂਸਰੇ ਨੂੰ ਬਚਾਉਣ ਲਈ ਗੁਪਤ ਸਮਝੋਤਾ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ 2017 ਵਿਧਾਨ ਸਭਾ ਚੋਣਾਂ ਵਿੱਚ ਬਾਦਲ ਦੀ ਜਿੱਤ ਯਕੀਨੀ ਬਣਾਉਣ ਲਈ ਹੀ ਲੰਬੀ ਤੋਂ ਚੋਣ ਲੜਿਆ ਸੀ ਅਤੇ ਸੁਖਬੀਰ ਨੂੰ ਯਕੀਨਨ ਹਾਰ ਤੋਂ ਬਚਾਉਣ ਲਈ ਹੀ ਰਵਨੀਤ ਬਿੱੱਟੂ ਨੂੰ ਜਲਾਲਾਬਾਦ ਭੇਜਿਆ ਗਿਆ ਸੀ।