• Home
  • ਕਾਂਗਰਸ ਸਰਕਾਰ ਕਰਦੀ ਹੈ ਦੇਸ਼ ਧਰੋਹੀ ਲੋਕਾਂ ਦੀ ਪੁਸਤ ਪਨਾਹੀ-ਰੈਲੀ ‘ਚ ਖੋਲਾਂਗੇ ਪੋਲ : ਸੁਖਬੀਰ ਬਾਦਲ

ਕਾਂਗਰਸ ਸਰਕਾਰ ਕਰਦੀ ਹੈ ਦੇਸ਼ ਧਰੋਹੀ ਲੋਕਾਂ ਦੀ ਪੁਸਤ ਪਨਾਹੀ-ਰੈਲੀ ‘ਚ ਖੋਲਾਂਗੇ ਪੋਲ : ਸੁਖਬੀਰ ਬਾਦਲ

ਬਠਿੰਡਾ, (ਖ਼ਬਰ ਵਾਲੇ ਬਿਊਰੋ): ਫਰੀਦਕੋਟ ਰੈਲੀ ਦੀ ਸਰਕਾਰ ਵਲੋਂ ਇਜਾਜ਼ਤ ਨਾ ਮਿਲਣ ਤੋਂ ਬਾਅਦ ਅੱਜ ਅਕਾਲੀ ਦਲ ਵਲੋਂ ਬਾਦਲ ਪਿਉ-ਪੁੱਤਰ ਦੀ ਜੋੜੀ ਪੱਤਰਕਾਰਾਂ ਦੇ ਰੂਬਰੂ ਹੋਈ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਲੋਕਤੰਤਰੀ ਪ੍ਰਕਿਰਿਆ ਨੂੰ ਮੰਨਣ ਵਾਲੀ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ 'ਅੱਤਵਾਦੀ' ਕਹਿ ਕੇ ਸੰਬੋਧਨ ਕੀਤਾ ਤੇ ਕਾਂਗਰਸ 'ਤੇ ਦੇਸ਼ ਧਰੋਹੀਆਂ ਦੀ ਪੁਸਤ ਪਨਾਹੀ ਦਾ ਦੋਸ ਲਾ ਦਿਤਾ। ਇਸ ਸਮੇਂ ਹਾਜ਼ਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਸੁਖਬੀਰ ਦੀ ਹਾਂ ਵਿਚ ਹਾਂ ਮਿਲਾਈ।
ਸੁਖਬੀਰ ਨੇ ਬਰਗਾੜੀ ਇਨਸਾਫ਼ ਮੋਰਚੇ 'ਚ ਬੈਠੀ ਸੰਗਤ ਨੂੰ ਜਿਥੇ ਦੇਸ਼ ਧਰੋਹੀ ਕਿਹਾ ਉਥੇ ਹੀ ਮੋਰਚੇ ਨੂੰ 'ਸਟੇਟ ਗੈਸਟ' ਦਾ ਲਕਬ ਵੀ ਦੇ ਦਿਤਾ। ਸੁਖਬੀਰ ਨੇ ਕਿਹਾ ਕਿ ਸਰਕਾਰ ਮੋਰਚੇ 'ਤੇ ਬੈਠੇ ਦੇਸ਼ ਧਰੋਹੀਆਂ ਨੂੰ ਬਿਜਲੀ, ਪਾਣੀ, ਬਾਥਰੂਮ ਤੋਂ ਲੈ ਕੇ ਸਾਰੀਆਂ ਸਹੂਲਤਾਂ ਦੇ ਰਹੀ ਹੈ। ਅਸੀਂ ਇਸ ਦੀ ਪੋਲ ਰੈਲੀ ਦੌਰਾਨ ਖੋਲਾਂਗੇ। ਜਦੋਂ ਉਨਾਂ ਨੂੰ ਰੈਲੀ ਬਾਰੇ ਪੁਛਿਆ ਗਿਆ ਤਾਂ ਉਨਾਂ ਕਿਹਾ ਕਿ ਅਕਾਲੀ ਦਲ ਉਸੇ ਥਾਂ 'ਤੇ ਰੈਲੀ ਕਰੇਗਾ ਤੇ ਰੈਲੀ ਲਈ ਲਿਆਂਦੀਆਂ ਕੁਰਸੀਆਂ ਅਜੇ ਉਥੇ ਹੀ ਪਈਆਂ ਹਨ। ਉਨਾਂ ਦਸਿਆ ਕਿ ਭਲਕੇ ਇਸ ਸਬੰਧੀ ਹਾਈਕੋਰਟ ਵਿਚ ਸੁਣਵਾਈ ਹੈ ਤੇ ਆਸ ਹੈ ਕਿ ਫੈਸਲਾ ਅਕਾਲੀ ਦਲ ਦੇ ਹੱਕ 'ਚ ਆਵੇਗਾ।
ਇਸੇ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨਾਂ ਨੂੰ ਨਿਆਂਪਾਲਿਕਾ 'ਤੇ ਪੂਰਨ ਭਰੋਸਾ ਹੈ। ਇਸ ਸਮੇਂ ਸਾਬਕਾ ਮੁੱਖ ਮੰਤਰੀ ਨੇ ਜਸਟਿਸ ਰਣਜੀਤ ਸਿੰਘ ਬਾਰੇ ਵੀ ਕੁਝ ਟਿੱਪਣੀਆਂ ਕੀਤੀਆਂ।
ਪੱਤਰਕਾਰਾਂ ਨੇ ਜਦੋਂ ਨਵੀਆਂ ਗੱਡੀਆਂ ਲੈਣ ਬਾਰੇ ਅਕਾਲੀ ਦਲ ਦੀ ਮੰਗ ਬਾਰੇ ਪੁਛਿਆ ਤਾਂ ਸੁਖਬੀਰ ਨੇ ਕਿਹਾ ਕਿ ਅਕਾਲੀ ਆਗੂਆਂ ਨੇ ਕੋਈ ਸਕਿਊਰਟੀ ਨਹੀਂ ਮੰਗੀ ਤੇ ਨਾ ਹੀ ਗੱਡੀਆਂ ਦੀ ਮੰਗ ਕੀਤੀ ਗਈ ਹੈ ਤੇ ਮਨਪ੍ਰੀਤ ਬਾਦਲ ਝੂਠ ਬੋਲ ਰਹੇ ਹਨ। ਉਨਾਂ ਇਹ ਵੀ ਕਿਹਾ ਕਿ ਸਾਨੂੰ ਸਰਕਾਰ ਵਲੋਂ ਕਿਸੇ ਤਰਾਂ ਦੀ ਸਕਿਊਰਟੀ ਦੀ ਲੋੜ ਨਹੀਂ ਹੈ।