• Home
  • ਬਰਤਾਨਵੀ ਸੰਸਦ ਮੈਂਬਰ ਢੇਸੀ ਵਲੋਂ ਕੇਂਦਰੀ ਮੰਤਰੀ ਸਾਂਪਲਾ ਤੇ ਸਿਨਹਾ ਨਾਲ ਲੰਦਨ-ਅੰਮ੍ਰਿਤਸਰ ਸਿੱਧੀ ਹਵਾਈ ਉਡਾਣ ਸ਼ੁਰੂ ਕਰਨ ਲਈ ਮੁਲਾਕਾਤ

ਬਰਤਾਨਵੀ ਸੰਸਦ ਮੈਂਬਰ ਢੇਸੀ ਵਲੋਂ ਕੇਂਦਰੀ ਮੰਤਰੀ ਸਾਂਪਲਾ ਤੇ ਸਿਨਹਾ ਨਾਲ ਲੰਦਨ-ਅੰਮ੍ਰਿਤਸਰ ਸਿੱਧੀ ਹਵਾਈ ਉਡਾਣ ਸ਼ੁਰੂ ਕਰਨ ਲਈ ਮੁਲਾਕਾਤ

ਚੰਡੀਗੜ੍ਹ , (ਖ਼ਬਰ ਵਾਲੇ ਬਿਊਰੋ )-ਬਰਤਾਨੀਆ ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਅੱਜ ਨਵੀਂ ਦਿੱਲੀ ਵਿਖੇ ਕੇਂਦਰੀ ਮੰਤਰੀਆਂ ਵਿਜੇ ਸਾਂਪਲਾ ਅਤੇ ਜਯੰਤ ਸਿਨਹਾ ਨਾਲ ਮੁਲਾਕਾਤ ਕਰਕੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਕੌਮਾਂਤਰੀ ਹਵਾਈ ਅੱਡੇ ਨੂੰ ਯੂਰਪ ਨਾਲ ਜੋੜਨ ਲਈ ਸਿੱਧੀਆਂ ਹਵਾਈ ਉਡਾਣਾਂ ਮੁੜ੍ਹ ਸ਼ਰੂ ਕਰਾਉਣ ਲਈ ਮੁਲਾਕਾਤ ਕੀਤੀਆਂ ਤਾਂ ਜੋ ਕੇਂਦਰ ਸਰਕਾਰ ਨੂੰ ਇਸ ਮੁੱਦੇ 'ਤੇ ਪੰਜਾਬੀਆਂ ਖਾਸ ਕਰਕੇ ਪ੍ਰਵਾਸੀ ਭਾਰਤੀਆਂ ਦੀ ਚਿਰੋਕਣੀ ਮੰਗ ਮੰਨਣ ਲਈ ਰਾਜੀ ਕੀਤਾ ਜਾ ਸਕੇ।

ਇਸ ਵਿਸ਼ੇਸ਼ ਮੁਲਾਕਾਤ ਦੌਰਾਨ ਐਮ.ਪੀ ਢੇਸੀ ਨੇ ਦੋਹਾਂ ਕੇਂਦਰੀ ਮੰਤਰੀਆਂ ਨੂੰ ਲੰਦਨ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਹਵਾਈ ਉਡਾਨਾਂ ਮੁੜ੍ਹ ਸ਼ੁਰੂ ਕਰਨ ਸਬੰਧੀ ਆਪਣੀ ਤਜ਼ਵੀਜ਼ ਪੇਸ਼ ਕੀਤੀ ਜਿਸ ਉਪਰੰਤ ਸਾਂਪਲਾ ਵੱਲੋਂ ਇਸ ਤਜ਼ਵੀਜ਼ ਨੂੰ ਨੇਪਰੇ ਚਾੜ੍ਹਨ ਲਈ ਆਪਣੀ ਪੂਰੀ ਮੱਦਦ ਦਾ ਭਰੋਸਾ ਦਿਵਾਉਦਿਆਂ ਉਹਨਾਂ ਉਸੇ ਵੇਲੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੰਤ ਸਿਨਹਾ ਨਾਲ ਵੀ ਇਸ ਸਬੰਧੀ ਮੀਟਿੰਗ ਕਰਵਾਈ।

ਉਨ੍ਹਾਂ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰੀ ਮੰਤਰੀ ਸਿਨਹਾ ਨੇ ਇਸ ਹਵਾਈ ਰੂਟ ਦੀ ਸਫਲਤਾ ਲਈ ਉਨਾਂ ਵੱਲੋਂ ਪੇਸ਼ ਤਜ਼ਵੀਜ਼ ਅਤੇ ਤੱਥਾਂ ਨਾਲ ਪੂਰੀ ਤਰ੍ਹਾਂ ਸਹਿਮਤੀ ਪ੍ਰਗਟਾਈ ਹੈ ਅਤੇ ਉਨ੍ਹਾਂ ਨੇ ਸਬੰਧਤ ਹਵਾਈ ਅਥਾਰਿਟੀ ਅਤੇ ਇਸ ਖੇਤਰ ਨਾਲ ਸਬੰਧਿਤ ਹੋਰਨਾਂ ਏਅਰਲਾਈਨਾਂ ਨਾਲ ਇਸ ਤਜ਼ਵੀਜ਼ 'ਤੇ ਚਰਚਾ ਕਰਨ ਦਾ ਭਰੋਸਾ ਦਿਵਾਇਆ ਹੈ ਤਾਂ ਭਵਿੱਖ ਵਿੱਚ ਅੰਮ੍ਰਿਤਸਰ ਤੋਂ ਲੰਦਨ ਦੇ ਹੀਥਰੋ ਹਵਾਈ ਅੱਡੇ ਤੱਕ ਸਿੱਧੀ ਹਵਾਈ ਸੇਵਾ ਸ਼ੁਰੂ ਕਰਨ ਦੇ ਇੱਛਕ ਹੋਣਗੇ।

ਢੇਸੀ ਨੇ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਨੇਤਾਵਾਂ ਨੇ ਵੀ ਸਮੇਂ-ਸਮੇਂ 'ਤੇ ਅੰਮ੍ਰਿਤਸਰ ਤੋਂ ਬਰਮਿੰਘਮ ਹਵਾਈ ਅੱਡੇ ਤੱਕ ਸਿੱਧੀਆਂ ਉਡਾਨਾਂ ਦੀ ਸ਼ੁਰੂਆਤ ਲਈ ਵੀ ਹਵਾਬਾਜ਼ੀ ਮੰਤਰੀ ਨਾਲ ਮੀਟਿੰਗਾਂ ਦੌਰਾਨ ਕੇਂਦਰ 'ਤੇ ਦਬਾਅ ਪਾਇਆ ਹੈ ਜੋ ਕਿ ਸਵਾਗਤਯੋਗ ਹੈ।

ਢੇਸੀ ਨੇ ਅੱਗੇ ਕਿਹਾ ਕਿ ਪੰਜਾਬੀ ਪ੍ਰਵਾਸੀ, ਉਘੀਆਂ ਸ਼ਖਸ਼ੀਅਤਾਂ ਅਤੇ ਅੰਮ੍ਰਿਤਸਰ ਵਿਕਾਸ ਮੰਚ ਵਰਗੀਆਂ ਸੰਸਥਾਵਾਂ ਵੱਲੋਂ ਵੀ ਅੰਮ੍ਰਿਤਸਰ ਤੋਂ ਬਰਤਾਨੀਆਂ ਲਈ ਸਿੱਧੀਆਂ ਹਵਾਈ ਉਡਾਣਾਂ ਸ਼ੁਰੂ ਕਰਨ ਲਈ ਪਿਛਲੇ ਕਈ ਸਾਲਾਂ ਤੋਂ ਮੰਗ ਕੀਤੀ ਜਾ ਰਹੀ ਹੈ ਪਰ ਇਹ ਮਾਮਲਾ ਪਿਛਲੇ ਕਈ ਸਮੇਂ ਤੋਂ ਠੰਡੇ ਬਸਤੇ ਵਿਚ ਹੀ ਪਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਭ ਧਿਰਾਂ ਦੇ ਲਗਾਤਾਰ ਦਬਾਅ ਸਦਕਾ ਹੁਣ ਉਮੀਦ ਬਣੀ ਹੈ ਕਿ ਉਹ ਪੰਜਾਬ ਲਈ ਅਰੰਭੇ ਇਸ ਮਿਸ਼ਨ ਵਿੱਚ ਆਖਰਕਾਰ ਪੂਰੀ ਕਾਮਯਾਬੀ ਪ੍ਰਾਪਤ ਕਰਨਗੇ।