• Home
  • ਨਵਜੋਤ ਸਿੱਧੂ ਨੇ ਜੁਬਾਨ ਨਹੀਂ ,ਕਲਮ ਚਲਾਈ ! ਦੋਵਾਂ ਦੇਸ਼ਾਂ ਦੀ ਕੁੜੱਤਣ ਤੇ ਕੀ ਲਿਖਿਆ ਚਿੱਠੀ ਚ? ਪੜ੍ਹੋ :-

ਨਵਜੋਤ ਸਿੱਧੂ ਨੇ ਜੁਬਾਨ ਨਹੀਂ ,ਕਲਮ ਚਲਾਈ ! ਦੋਵਾਂ ਦੇਸ਼ਾਂ ਦੀ ਕੁੜੱਤਣ ਤੇ ਕੀ ਲਿਖਿਆ ਚਿੱਠੀ ਚ? ਪੜ੍ਹੋ :-

"ਸਾਡੇ ਕੋਲ ਇਕ ਵਿਕਲਪ ਹੈ"
ਸਰਹੱਦ ਦੇ ਦੋਵੇਂ ਪਾਸੇ ਰਣਨੀਤਿਕ ਲੋਕ ਬਰਬਾਦੀ ਦੀਆਂ ਗੋਂਦਾਂ ਗੁੰਦ ਰਹੇ ਹਨ। ਦੋਵੇਂ ਹੀ ਇੱਕ ਦੂਜੇ ਦੀ ਬਰਬਾਦੀ ਦੇਖਣਾ ਚਾਹੁੰਦੇ ਹਨ ਕਿਉਂਕਿ ਦੋਵੇਂ ਹੀ ਇਕ ਦੂਜੇ ਦੀ ਬਰਬਾਦੀ ਵਿਚ ਆਪਣਾ ਬਚਾਅ ਅਤੇ ਸੁਰੱਖਿਆ ਸਮਝਦੇ ਹਨ। ਪਰ ਅਜਿਹਾ ਸੋਚਣਾ ਇਕ ਭਰਮ ਹੈ। 
ਪਿਛਲੇ ਕੁੱਝ ਸਮੇਂ ਤੋਂ ਸਾਡੇ ਮਨਾਂ ਅੰਦਰ ਡਰ ਅਣਸੱਦੇ ਮਹਿਮਾਨ ਵਾਂਗ ਘਰ ਕਰ ਗਿਆ ਹੈ। 
ਆਤਵਾਦ ਦਾ ਡਰ, ਮੌਤ ਦਾ ਡਰ, ਬਰਬਾਦੀ ਦਾ ਡਰ, ਬਰਬਾਦੀ ਦੀ ਭਾਵਨਾ ਦਾ ਡਰ ਸਾਡੇ ਸਾਹ ਸੂਤ ਰਿਹਾ ਹੈ।ਕੁੱਝ ਲੋਕਾਂ ਕੋਲ ਡਰਨ ਦਾ ਕੋਈ ਕਾਰਨ ਨਹੀਂ ਬਚਿਆ ਕਿਉਂ ਕਿ ਉਨ੍ਹਾਂ ਦਾ ਡਰ ਸੱਚ ਹੋ ਗਿਆ ਹੈ। ਮੈਂ ਆਪਣੇ ਦੇਸ਼ ਦਾ ਦਰਦ ਸ਼ਹੀਦਾਂ ਦੇ ਪਰਿਵਾਰਾ ਦੇ ਚੇਹਰਿਆਂ ਉੱਪਰ ਦੇਖਿਆ ਹੈ। 
ਡਰ, ਡਰ ਨੂੰ ਜਨਮ ਦਿੰਦਾ ਹੈ। ਸੰਵਾਦ ਤੋਂ ਡਰ, ਨਵੀਂ ਗੱਲ-ਬਾਤ ਤੋਂ ਡਰ, ਵੱਖਰਾ ਸੋਚਣ ਤੋਂ ਡਰ, ਉਨ੍ਹਾਂ ਵਿਚਾਰਾਂ ਤੋਂ ਡਰ ਜੋ ਵਿਚਾਰ ਆਕਾਵਾਂ ਨੂੰ ਵੰਗਾਰਦੇ ਹਨ। ਡਰ ਇਕ ਅੰਨ੍ਹੀ ਗਲੀ ਹੈ ਜਿਸ ਵਿਚ ਢਹਿੰਦੀ ਕਲਾ ਹੀ ਜਨਮਦੀ ਹੈ। 
ਕਿਸੇ ਦੀ ਬਰਬਾਦੀ ਬਾਰੇ ਸੋਚਣਾ ਸੌਖਾ ਕੰਮ ਹੈ, ਪਰ ਇਹ ਸਾਨੂੰ ਸੁਰੱਖਿਅਤ ਨਹੀਂ ਬਣਾ ਦਿੰਦਾ। 
ਮੈਂ ਆਪਣੇ ਰਾਸ਼ਟਰ ਨਾਲ ਖੜ੍ਹਾ ਹਾਂ। ਮੈਂ ਇਕ ਆਜ਼ਾਦੀ ਘੁਲਾਟੀਏ ਦਾ ਪੁੱਤਰ ਹਾਂ ਅਤੇ ਮੇਰੀ ਸੱਚੀ ਦੇਸ਼ ਭਗਤੀ ਦਾ ਇਮਤਿਹਾਨ ਮੇਰੀ ਨਿਡਰਤਾ ਹੈ। ਮੈਂ ਉਸ ਡਰ ਦੇ ਵਿਰੁੱਧ ਹਿੱਕ ਤਾਣ ਕੇ ਖੜ੍ਹਾ ਹਾਂ ਜਿਸ ਡਰ ਕਰਕੇ ਸਾਡੇ ਵਿਚੋਂ ਬਹੁਤੇ ਚੁੱਪ ਹਨ। 
ਮੈਂ ਆਪਣੇ ਇਸ ਅਟੱਲ ਵਿਸ਼ਵਾਸ ਉਪਰ ਕਾਇਮ ਹਾਂ ਕਿ ਕੁੱਝ ਲੋਕਾਂ ਦੇ ਅਮਾਨਵੀ ਕੰਮਾਂ ਲਈ ਕਿਸੇ ਪੂਰੀ ਕੌਮ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਸਾਡੇ ਪ੍ਰਧਾਨ ਮੰਤਰੀ ਨੇ ਭਾਵਨਾ ਪ੍ਰਗਟ ਕੀਤੀ ਹੈ ਕਿ “ਸਾਡੀ ਲੜਾਈ ਆਤੰਕਵਾਦ ਅਤੇ ਮਾਨਵਤਾ ਦੇ ਦੁਸ਼ਮਣਾਂ ਦੇ ਖਿਲਾਫ਼ ਹੈ ਨਾ ਕਿ ਕਸ਼ਮੀਰ ਦੇ ਖਿਲਾਫ਼ ਹੈ ਅਤੇ ਨਾ ਹੀ ਇਹ ਕਿਸੇ ਕਸ਼ਮੀਰੀ ਦੇ ਖਿਲਾਫ਼ ਹੈ।” ਸਾਡੀ ਵਿਦੇਸ਼ ਮੰਤਰੀ ਨੇ ਆਪਣੀ ਭਾਵਨਾ ਪ੍ਰਗਟ ਕੀਤੀ ਹੈ ਕਿ “ਸਾਡੀ ਲੜਾਈ ਪਾਕਿਸਤਾਨ ਖਿਲਾਫ਼ ਨਹੀਂ ਹੈ ਸਗੋਂ ਆਤੰਕਵਾਦ ਦੀ ਸਥਾਪਤੀ ਦੇ ਖਿਲਾਫ਼ ਹੈ।”
ਮੈਂ ਆਪਣੇ ਇਸ ਵਿਸ਼ਵਾਸ ਉੱਤੇ ਕਾਇਮ ਹਾਂ ਕਿ ਸੰਵਾਦ ਅਤੇ ਕੂਟਨੀਤਿਕ ਦਬਾਅ ਵੱਡੇ ਪੱਧਰ ਉੱਪਰ ਅਤੇ ਲੰਮੇ ਸਮੇਂ ਲਈ ਸਰਹੱਦ ਦੇ ਇਸ ਪਾਰ ਅਤੇ ਉਸ ਪਾਰ ਸਰਗਰਮ ਆਤੰਕਵਾਦੀ ਸੰਗਠਨਾਂ ਦੇ ਖ਼ਾਤਮਾ ਕਰ ਸਕਦਾ ਹੈ।
ਆਤੰਕਵਾਦ ਦਾ ਹੱਲ ਅਮਨ, ਵਿਕਾਸ ਅਤੇ ਉੱਨਤੀ ਹੈ ਨਾ ਕਿ ਬੇਰੁਜ਼ਗਾਰੀ, ਨਫ਼ਰਤ ਅਤੇ ਡਰ।
ਭਾਰਤ ਮਾਤਾ ਦਾ ਕੋਈ ਵੀ ਪੁੱਤਰ ਆਪਣੇ ਪਿਆਰਿਆਂ ਤੋਂ ਵੱਖ ਨਹੀਂ ਹੋਣਾ ਚਾਹੀਦਾ ਜਿਵੇਂ ਕਿ ਅੱਜ ਅਭਿਨੰਦਨ ਹੋਇਆ ਹੈ। ਜੰਗ ਵੱਲ ਵੱਧਦੇ ਕਦਮ ਅਜਿਹੀਆਂ ਹੋਰ ਘਟਨਾਵਾਂ ਨੂੰ ਜਨਮ ਦੇਣਗੇ। ਇਸ ਤਰ੍ਹਾਂ ਅਸੀਂ ਉੱਥੇ ਪਹੁੰਚ ਜਾਵਾਂਗੇ ਜਿਥੋਂ ਵਾਪਿਸ ਨਹੀਂ ਆਇਆ ਜਾ ਸਕਦਾ ਨਾ ਹੀ ਹੋਏ ਨੁਕਸਾਨ ਨੂੰ ਪੂਰਿਆ ਜਾ ਸਕਦਾ ਹੈ। 
ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਸ਼ਬਦ ਸੱਚ ਜਾਪਦੇ ਹਨ ਕਿ “ਸਾਡਾ ਉਦੇਸ਼ ਆਤੰਕਵਾਦ, ਇਸ ਦੇ ਆਕਾਵਾਂ, ਇਸ ਨੂੰ ਹਥਿਆਰਾਂ ਅਤੇ ਪੈਸਿਆਂ ਦੀ ਸਪਲਾਈ ਕਰਨ ਵਾਲਿਆਂ ਨਾਲ ਨਜਿੱਠਣਾ ਹੋਣਾ ਚਾਹੀਦਾ ਹੈ। ਇਸ ਦੇ ਨਾਲ-ਨਾਲ ਸਾਡੇ ਬੂਹੇ ਉਨ੍ਹਾਂ ਯਤਨਾਂ ਲਈ ਹਮੇਸ਼ਾਂ ਖੁੱਲ੍ਹੇ ਰਹਿਣੇ ਚਾਹੀਦੇ ਹਨ ਜੋ ਖੇਰੂੰ-ਖੇਰੂੰ ਹੋਏ ਸਮਾਜ ਵਿਚ ਅਮਨ ਵਿਕਾਸ ਅਤੇ ਉਂਨਤੀ ਦੀ ਸਥਾਪਤੀ ਵੱਲ ਅਗਰਸਰ ਹਨ।” ਵਾਜਪੇਈ ਜੀ ਕਾਰਗਿਲ ਵਰਗੀ ਲੜਾਈ ਤੋਂ ਬਾਅਦ ਵੀ ਅਜਿਹੀ ਗੱਲ ਆਖਣ ਦਾ ਹੌਸਲਾ ਰੱਖਦੇ ਸਨ। 
ਆਓ ਆਪਣੇ ਦੇਸ਼ ਦੇ ਆਸ਼ਕ ਬਣਕੇ ਦੇਸ਼ ਭਗਤੀ ਦੇ ਫ਼ਰਜ਼ ਨਿਭਾਈਏ। ‘ਰਾਸ਼ਟਰਵਾਦੀ’ ਹੋਣ ਦਾ ਠੱਪਾ ਲਗਾਕੇ ਆਪਣੀ ਹਉਮੈ ਨੂੰ ਪੱਠੇ ਨਾ ਪਾਈਏ ਅਤੇ ਹੋਰਾਂ ਨੂੰ ਰਾਸ਼ਟਰ ਵਿਰੋਧੀ ਆਖ ਕੇ ਝੂਠਾ ਰੋਹਬ ਨਾ ਜਮਾਈਏ। ਜਿਵੇਂ ਕਿ ਮਹਾਤਮਾ ਗਾਂਧੀ ਨੇ ਸਵਾਲ ਉਠਾਇਆ ਸੀ ਕਿ ਕੀ ਰਾਸ਼ਟਰਵਾਦ ਲਈ ਨਫ਼ਰਤ ਜ਼ਰੂਰੀ ਹੈ? 
ਇਕ ਸੱਚਾ ਦੇਸ਼ ਭਗਤ ਡਰ ਦੇ ਵਿਰੁੱਧ ਖੜ੍ਹਦਾ ਹੈ। ਮੈਂ ਅਜਿਹੇ ਸੋਚੇ-ਸਮਝੇ ਪ੍ਰਵਚਨ ਜੋ ਵਿਚਾਰਾਂ ਦੀ ਵੱਖਰਤਾ ਨੂੰ ਦਬਾਉਂਦਾ ਹੈ ਅਤੇ ਸਾਈਬਰ ਸੈਨਾ, ਟਰਾਲਜ ਤੇ ਗੁੰਡਿਆਂ ਉਤੇ ਨਿਰਭਰ ਹੈ, ਦੇ ਖਿਲਾਫ਼ ਖੜ੍ਹਾ ਹਾਂ। ਮੈਂ ਉਨ੍ਹਾਂ ਦੇ ਖਿਲਾਫ਼ ਖੜ੍ਹਾ ਹਾਂ ਜੋ ਝੂਠ ਅਤੇ ਆਡੰਬਰ ਨੂੰ ਆਪਣੀ ਸ਼ਕਤੀ ਸਮਝਦੇ ਹਨ।
ਮੈਂ ਉਸ ਡਰ ਦੇ ਖਿਲਾਫ਼ ਖੜ੍ਹਾ ਹਾਂ ਜਿਸ ਨੇ ਗੌਰੀ ਲੰਕੇਸ਼, ਰੋਹਿਤ ਵੇਮੁਲਾ, ਗੋਵਿੰਦ ਪੰਸਾਰੇ, ਐਮ.ਐਮ.ਕਲਬੁਰਗੀ, ਨਜੀਬ ? ਅਤੇ ਏ.ਐਸ.ਆਈ. ਰਵਿੰਦਰ ਸਿੰਘ ਨੂੰ ਕਤਲ ਕੀਤਾ।
ਇਹ ਕੋਈ ਸਬੱਬ ਨਹੀਂ ਸਗੋਂ ਸਾਡੀ ਚੋਣ ਹੋਵੇਗੀ ਜੋ ਸਾਡੇ ਦੇਸ਼ ਦੀ ਹੋਣੀ ਨਿਸ਼ਚਿਤ ਕਰੇਗੀ। ਅਸੀਂ ਦੇਸ਼ ਭਗਤ ਹੋਣਾ ਚੁਣ ਸਕਦੇ ਹਾਂ ਅਤੇ ਪੁੱਛ ਕਸਦੇ ਹਾਂ ਕਿ ਇਹ ਕਿਹੋ-ਜਿਹੀ ਦੇਸ਼ ਭਗਤੀ ਹੈ ਕਿ ਇਕ ਭਾਰਤੀ ਦੂਜੇ ਭਾਰਤੀ ਦੇ ਵਿਰੁੱਧ ਬੋਲ ਰਿਹਾ ਹੈ।
ਪਿਛੇ ਕੁੱਝ ਸਮੇਂ ਤੋਂ ਡਰ ਸਾਡੇ ਮਨਾਂ ਅੰਦਰ ਘਰ ਕਰ ਗਿਆ ਹੈ ਪਰ ਸਾਡੇ ਕੋਲ ਇਕ ਵਿਕਲਪ ਹੈ, ਇਹ ਵਿਕਲਪ ਨਿਡਰਤਾ ਹੈ।
"ਜੈ ਹਿੰਦ "
ਨਵਜੋਤ ਸਿੰਘ ਸਿੱਧੂ