ਅਕਾਲ ਤਖਤ ਸਾਹਿਬ ਦਾ ਜਥੇਦਾਰ ਅਸਤੀਫਾ ਦੇਵੇ ਜਾਂ ਸ਼੍ਰੋਮਣੀ ਕਮੇਟੀ ਹਟਾਵੇ -ਢੀਂਡਸਾ
ਚੰਡੀਗੜ੍ਹ (ਖਬਰ ਵਾਲੇ ਬਿਊਰੋ )-ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਵਿਧਾਨ ਸਭਾ ਚ ਰਿਪੋਰਟ ਪੇਸ਼ ਹੋਣ ਤੋਂ ਬਾਅਦ ਪੰਜਾਬ ਚ ਸਿੱਖ ਹਲਕਿਆਂ ਚ ਉੱਠੀ ਅਕਾਲੀ ਦਲ ਖਿਲਾਫ ਰੋਸ ਦੀ ਲਹਿਰ ਕਾਰਨ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੂੰ ਵੀ ਦਬਵੀਂ ਸੁਰ ਚ ਆਪਣੀ ਪਾਰਟੀ ਵਿੱਚ ਕੁਝ ਅੱਛਾ ਨਹੀਂ ਆਦਿ ਦੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਹਨ ।
ਭਾਵੇਂ ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਬੇਝਿਜਕ ਹੋ ਕੇ ਅਕਾਲੀ ਦਲ ਦੇ ਹੁਕਮਰਾਨਾਂ ਵਿਰੁੱਧ ਜ਼ੋਰਾ ਸਿੰਘ ਕਮਿਸ਼ਨ ਨੂੰ ਲੈ ਕੇ ਉਂਗਲ ਉਠਾਈ ਸੀ ਅਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਵੀ" ਖ਼ਬਰ ਵਾਲੇ ਡਾਟ ਕਾਮ" ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ । ਸਰਦਾਰ ਢੀਂਡਸਾ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਜਿਸ ਤਰ੍ਹਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਵਿਰੋਧ ਹੋ ਰਿਹਾ ਹੈ, ਉਸ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਢਾਹ ਲੱਗ ਰਹੀ ਹੈ ।
ਜਥੇਦਾਰ ਨੂੰ ਖੁਦ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਜਿਹਾ ਜਥੇਦਾਰ ਨਹੀਂ ਲਾਉਣਾ ਚਾਹੀਦਾ ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੰਗੋਵਾਲ ਵੱਲੋਂ ਡੇਰਾ ਸਿਰਸਾ ਜਾਣ ਦੀ ਗੱਲ ਤੇ ਢੀਂਡਸਾ ਨੇ ਉਸ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਕਿ ਉਹ ਤਾਂ ਉੱਥੇ ਵੋਟ ਮੰਗਣ ਗਏ ਸੀ ,ਮੱਥਾ ਟੇਕਣ ਨਹੀਂ ।
ਪਰ ਉਸ ਨੇ ਬਾਅਦ ਚ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਪ੍ਰਵਾਨ ਕਰਦਿਆਂ ਉਸ ਨੂੰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫੀ ਮੰਗ ਤੇ ਤਨਖ਼ਾਹ ਲਵਾ ਕੇ ਹੀ ਬਰੀ ਹੋਣਾ ਪਿਆ । ਜਦਕਿ ਡੇਰਾ ਸੱਚਾ ਸੌਦਾ ਜਾਣ ਵਾਲੇ ਹੋਰ ਰਾਜਨੀਤਕ ਲੋਕਾਂ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੁਆਫ਼ੀ ਤੇ ਤਨਖ਼ਾਹ ਲਗਵਾਉਣੀ ਪਈ ਸੀ।
ਤਾਜ਼ਾ ਘਟਨਾਵਾਂ ਨੂੰ ਲੈ ਕੇ ਬਣਾਈ ਗਈ ਸੱਤ ਮੈਂਬਰੀ ਕਮੇਟੀ ਦੇ ਚੇਅਰਮੈਨ ਬਣਾਉਣ ਦੇ ਸਵਾਲ ਚ ਸਰਦਾਰ ਢੀਂਡਸਾ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵੀ ਇੱਕ ਅਖ਼ਬਾਰ ਪੜ੍ਹ ਕੇ ਹੀ ਪਤਾ ਲੱਗਾ ਕਿ ਉਸ ਨੂੰ ਕਿਸੇ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ ,ਪਰ ਸ. ਢੀਂਡਸਾ ਨੇ ਮੰਨਿਆ ਕਿ ਉਸ ਨੂੰ ਨਾਂ ਕਿਸੇ ਦਾ ਫੋਨ ਆਇਆ ਹੈ ਨਾ ਹੀ ਕੋਈ ਲਿਖਤੀ ਪੱਤਰ ।