• Home
  • ਬੇਅਦਬੀ ਘਟਨਾਵਾਂ ਦੇ ਵਿਰੋਧ ‘ਚ ਖਹਿਰਾ ਤੇ ਬੈਂਸ ਦੀ ਅਗਵਾਈ ‘ਚ ਰੋਸ ਮਾਰਚ ਕੋਟਕਪੂਰਾ ਤੋਂ ਬਰਗਾੜੀ ਲਈ ਰਵਾਨਾ

ਬੇਅਦਬੀ ਘਟਨਾਵਾਂ ਦੇ ਵਿਰੋਧ ‘ਚ ਖਹਿਰਾ ਤੇ ਬੈਂਸ ਦੀ ਅਗਵਾਈ ‘ਚ ਰੋਸ ਮਾਰਚ ਕੋਟਕਪੂਰਾ ਤੋਂ ਬਰਗਾੜੀ ਲਈ ਰਵਾਨਾ

ਕੋਟਕਪੂਰਾ, (ਖ਼ਬਰ ਵਾਲੇ ਬਿਊਰੋ): ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਵਿਰੋਧ 'ਚ ਸੁਖਪਾਲ ਖਹਿਰਾ ਧੜੇ ਵਲੋਂ ਆਯੋਜਤ ਰੋਸ ਮਾਰਚ ਸ਼ੁਰੂ ਹੋ ਗਿਆ ਹੈ। ਮਾਰਚ ਸ਼ੁਰੂ ਹੋਣ ਤੋਂ ਪਹਿਲਾਂ ਸੰਗਤਾਂ ਦੇ ਭਾਰੀ ਇਕੱਠ ਨੂੰ ਸੁਖਪਾਲ ਖਹਿਰਾ ਤੇ ਸਿਮਰਜੀਤ ਬੈਂਸ ਸਮੇਤ ਕਈ ਆਗੂਆਂ ਨੇ ਸੰਬੋਧਨ ਕੀਤਾ। ਇਸ ਸਮੇਂ ਜਿਥੇ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਸੀ ਉਥੇ ਹੀ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਸਮੇਤ ਕਈ ਹੋਰ ਭਾਈਵਾਲ ਜਥੇਬੰਦੀਆਂ ਦੇ ਆਗੂ ਵੀ ਹਾਜ਼ਰ ਸਨ। ਇਹ ਰੋਸ ਮਾਰਚ ਕਈ ਪਿੰਡਾਂ 'ਚੋਂ ਹੁੰਦਾ ਹੋਇਆ ਬਰਗਾੜੀ ਵਿਖੇ ਉਸ ਜਗਾ 'ਤੇ ਸਮਾਪਤ ਹੋਵੇਗਾ ਜਿਥੇ ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਤੇ ਸੰਤ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ 'ਚ ਸੰਗਤ 1 ਜੂਨ ਤੋਂ ਧਰਨੇ 'ਤੇ ਬੈਠੀ ਹੋਈ ਹੈ। ਇਸ ਮਾਰਚ ਵਿੱਚ ਉਥੇ ਹੀ ਆਮ ਆਦਮੀ ਪਾਰਟੀ ਦੇ ਆਗੂ ਵੀ ਸ਼ਾਮਲ ਹੋਣਗੇ। ਰੋਸ ਮਾਰਚ ਸ਼ੁਰੂ ਹੋਣ ਸਮੇਂ ਮੁਤਵਾਜੀ ਜਥੇਦਾਰ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਅਰਦਾਸ ਕੀਤੀ।
ਦੂਜੇ ਪਾਸੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲਕਾਂਡ ਦੇ ਦੋਸ਼ 'ਚ ਜੇਲ 'ਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਵੀ ਬਰਗਾੜੀ ਵਿਖੇ ਰੋਸ ਧਰਨੇ 'ਚ ਸ਼ਾਮਲ ਹੋਣ ਲਈ ਅਪੀਲ ਕੀਤੀ ਗਈ ਹੈ।