• Home
  • ਸੇਖਵਾਂ, ਬ੍ਰਹਮਪੁਰਾ ਤੇ ਅਜਨਾਲਾ ਨੇ ਬਰਗਾੜੀ ਮਾਮਲੇ ‘ਚ ਬਾਦਲ ਤੇ ਕੈਪਟਨ ਦੀ ਗਿੱਟ ਮਿੱਟ ਦਾ ਕੀਤਾ ਖ਼ੁਲਾਸਾ-ਸੁਖਬੀਰ ਤੇ ਮਜੀਠੀਆ ਨੂੰ ਲਾਂਭੇ ਕਰਨ ਲਈ ਲੋਕਾਂ ਦੀ ਕਚਹਿਰੀ ‘ਚ ਜਾਵਾਂਗੇ

ਸੇਖਵਾਂ, ਬ੍ਰਹਮਪੁਰਾ ਤੇ ਅਜਨਾਲਾ ਨੇ ਬਰਗਾੜੀ ਮਾਮਲੇ ‘ਚ ਬਾਦਲ ਤੇ ਕੈਪਟਨ ਦੀ ਗਿੱਟ ਮਿੱਟ ਦਾ ਕੀਤਾ ਖ਼ੁਲਾਸਾ-ਸੁਖਬੀਰ ਤੇ ਮਜੀਠੀਆ ਨੂੰ ਲਾਂਭੇ ਕਰਨ ਲਈ ਲੋਕਾਂ ਦੀ ਕਚਹਿਰੀ ‘ਚ ਜਾਵਾਂਗੇ

ਗੁਰਦਾਸਪੁਰ : ਸ਼੍ਰੋਮਣੀ ਅਕਾਲੀ ਦਲ ਦੇ ਹੁਕਮਰਾਨਾ ਬਾਦਲ ਪਰਵਾਰ ਵਿਰੁਧ ਮਾਝੇ 'ਚੋਂ ਉਠੀਆਂ ਬਾਗੀ ਸੁਰਾਂ ਨੇ ਅੱਜ ਉਸ ਵੇਲੇ ਗੰਭੀਰ ਰੁਖ ਅਖਤਿਆਰ ਕਰ ਲਿਆ ਜਦੋਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਕੋਰ ਕਮੇਟੀ ਦੇ ਮੈਂਬਰ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣ ਉਪਰੰਤ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਵਿਰੁਧ ਮੋਰਚਾ ਖੋਲ ਦਿੱਤਾ। ਸੱਦੀ ਗਈ ਪ੍ਰੈਸ ਕਾਨਫਰੰਸ ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਨਾਲ ਪਹਿਲਾਂ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਡਾ. ਰਤਨ ਸਿੰਘ ਅਜਨਾਲਾ ਵੀ ਮੌਜੂਦ ਸਨ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਇੱਕਜੁੱਟ ਹੋ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਨੇਕਾਂ ਕੁਰਬਾਨੀਆਂ ਦੇ ਕੇ ਬਣੀ ਸ਼ਹੀਦਾ ਦੀ ਪਾਰਟੀ ਹੈ ਇਹ ਕਿਸੇ ਦੇ ਬਾਪ ਦੀ ਪਾਰਟੀ ਨਹੀਂ ਹੈ। ਉਨਾਂ ਕਿਹਾ ਕਿ ਸੁਖਬੀਰ ਤੇ ਮਜੀਠੀਏ ਨੇ ਅਕਾਲੀ ਦਲ ਨੂੰ ਆਪਣੀ ਜੇਬ 'ਚ ਹੀ ਪਾ ਲਿਆ ਹੈ ਅਤੇ ਇਸ ਦੇ ਸਿਧਾਤਾਂ ਨੂੰ ਛਿੱਕੇ ਟੰਗ ਦਿੱਤਾ ਹੈ। ਤਿੰਨਾਂ ਟਕਸਾਲੀ ਆਗੂਆਂ ਨੇ ਇਹ ਵੀ ਕਿਹਾ ਕਿ ਉਹ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਬਣ ਕੇ ਪੰਥ ਦੀ ਕਚਹਿਰੀ ਵਿੱਚ ਮਸਲਾ ਲੈ ਕੇ ਜਾਣਗੇ ਤਾਂਕਿ ਅਕਾਲੀ ਦਲ 'ਤੇ ਕਾਬਜ਼ ਹੋਏ ਇਨਾਂ ਵਿਅਕਤੀਆਂ ਨੂੰ ਲਾਂਭੇ ਕੀਤਾ ਜਾ ਸਕੇ ਕਿਉਂਕਿ ਇਨਾਂ ਨੇ ਹਰ ਪੱਖੋਂ ਪਾਰਟੀ ਦਾ ਅਕਸ਼ ਖ਼ਰਾਬ ਕਰ ਕੇ ਰੱਖ ਦਿੱਤਾ ਹੈ। ਉਨਾਂ ਕਿਹਾ ਕਿ ਸਾਡੀ ਇਹ ਮੰਗ ਹੈ ਕਿ ਇਨਾਂ ਦੋਹਾਂ ਨੂੰ ਲਾਭੇ ਕਰ ਕੇ ਸੀਨੀਅਰ ਲੀਡਰਸ਼ਿਪ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਮੰਗੇ ਕਿਉਂਕਿ ਇਨਾਂ ਵਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ ਗਿਆ ਅਤੇ ਨਾਲ ਹੀ ਇਹ ਵੀ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ , ਬਹਿਬਲ ਕਲਾਂ ਗੋਲੀਕਾਂਡ ਤੇ ਸਿਰਸੇ ਵਾਲੇ ਸੌਦਾ ਸਾਧ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਮੰਗਵਾਉਣ ਆਦਿ ਨਾਲ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਹੋਏ ਹਨ।
ਇਸ ਮੋਕੇ ਸੇਖਵਾਂ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਉਸ ਨੇ ਸਾਲ 2014 'ਚ ਵੀ ਪੰਥਕ ਏਜੰਡੇ ਨੂੰ ਤਿਆਗਣ 'ਤੇ ਬਾਦਲ ਪਰਵਾਰ ਦੀ ਵਿਰੋਧਤਾ ਕੀਤੀ ਸੀ। ਇਸ ਸਮੇਂ ਸੇਖਵਾਂ ਨੇ ਸੁਖਬੀਰ ਵਲੋਂ ਛੋਟੇ ਛੋਟੇ ਦਿੱਤੇ ਜਾ ਰਹੇ ਧਰਨਿਆਂ ਨੂੰ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਇਹ ਕੌਮ ਦਾ ਧਿਆਨ ਵੰਡਣਾ ਚਾਹੁੰਦੇ ਹਨ। ਉਨਾਂ ਕਿਹਾ ਕਿ ਅਕਾਲੀ ਦਲ ਦੇ ਅਜੇ ਤਕ ਲਟਕਦੇ ਮਸਲੇ ਪਏ ਹਨ ਜਿਨਾਂ ਵਿੱਚ ਆਨੰਦਪੁਰ ਸਾਹਿਬ ਦਾ ਮਤਾ, ਚੰਡੀਗੜ ਤੇ ਪੰਜਾਬ ਦਾ ਹੱਕ ਤੋਂ ਇਲਾਵਾ ਪਾਣੀਆਂ ਦੇ ਮਸਲੇ ਆਦਿ 'ਤੇ ਅਕਾਲੀ ਦਲ ਨੂੰ ਆਪਣੀ ਰਵਾਇਤ ਅਨੁਸਾਰ ਮੋਰਚੇ ਲਾਉਣ ਦੀ ਲੋੜ ਹੈ। ਸੇਖਵਾਂ ਨੇ ਇਸ ਸਮੇਂ ਦਿੱਲੀ 1984 ਦੇ ਸਿੱਖ ਕਤਲੇਆਮ ਬਾਰੇ ਦਿੱਲੀ ਵਿਖੇ ਅੱਜ ਦੇ ਸੁਖਬੀਰ ਬਾਦਲ ਵਲੋਂ ਦਿੱਤੇ ਜਾ ਰਹੇ ਧਰਨੇ 'ਤੇ ਵਿਅੰਗ ਕਰਦਿਆਂ ਕਿਹਾ ਕਿ ਇਨਾਂ ਨੂੰ ਅੱਜ ਕਿਵੇਂ ਯਾਦ ਆ ਗਈ ਕਿਉਂਕਿ ਪਿਛਲੇ ਦਸ ਸਾਲ ਸੁਖਬੀਰ ਦੀ ਹੀ ਸਰਕਾਰ ਸੀ ਉਸ ਸਮੇਂ ਕਤਲੇਆਮ ਵਾਲੇ ਮਹੀਨੇ ਕਬੱਡੀ ਕੱਪਾਂ 'ਤੇ ਕੈਟਰੀਨਾ ਕੈਫ ਵਰਗੀਆਂ ਅਭਿਨੇਤਰੀਆਂ ਦੇ ਨਾਚ ਕਰਵਾਏ ਜਾਂਦੇ ਸਨ। ਅੱਜ ਸਰਕਾਰ ਤੋਂ ਬਾਹਰ ਹੋ ਕੇ ਸੁਖਬੀਰ ਨੂੰ ਕਤਲੇਆਮ ਪੀੜਤਾਂ ਦਾ ਹੇਜ ਆਉਣ ਲੱਗਾ ਹੈ।
ਬਰਗਾੜੀ ਮੋਰਚੇ ਬਾਰੇ ਪੁੱਛੇ ਗਏ ਸਵਾਲ 'ਚ ਸੇਖਵਾਂ ਨੇ ਕਿਹਾ ਕਿ ਉਸ ਮੋਰਚੇ ਨੂੰ ਸਾਡੀ ਹਮਾਇਤ ਨਹੀਂ ਹੈ ਪਰ ਉਨਾਂ ਦੀਆਂ ਤਿੰਨ ਮੰਗਾਂ ਨੂੰ ਸਾਡੀ ਪੂਰਨ ਹਮਾਇਤ ਹੈ ਕਿਉਂਕਿ ਬਰਗਾੜੀ ਮੋਰਚੇ ਦੇ ਮੋਢੀਆਂ ਵਲੋਂ ਸਾਡੇ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ ਤੇ ਨਾ ਹੀ ਇਹ ਪਤਾ ਹੈ ਕਿ ਉਨਾਂ ਨੇ ਕਦੋਂ ਮੋਰਚਾ ਖ਼ਤਮ ਕਰ ਦੇਣਾ ਹੈ।
ਇਸ ਮੌਕੇ ਆਗੂਆਂ ਨੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਰਕਾਰ ਵਲੋਂ ਗਠਿਤ ਕੀਤੀ ਐਸਆਈਟੀ ਬਾਰੇ ਬੋਲਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਵੀ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਇੱਛਾ ਸ਼ਕਤੀ ਨਹੀਂ ਹੈ ਕਿਉਂਕਿ ਉਹ ਕਦੇ ਕਮਿਸ਼ਨ ਬਣਾ ਦਿੰਦੇ ਹਨ ਤੇ ਕਦੇ ਐਸਆਈਟੀ ਦਾ ਗਠਨ ਕਰ ਦਿੰਦੇ ਹਨ। ਉਨਾਂ ਖ਼ਦਸਾ ਪ੍ਰਗਟਾਇਆ ਕਿ ਬਾਦਲ ਪਰਵਾਰ ਤੇ ਕੈਪਟਨ ਮਿਲ ਚੁੱਕੇ ਹਨ ਤੇ ਕੈਪਟਨ ਬਾਦਲਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।