• Home
  • ਸਿੰਗਾਪੁਰ ਦੀਆਂ ਸਿਰਮੌਰ ਕੰਪਨੀਆਂ ਨੇ ਪੰਜਾਬ ਵਿੱਚ ਕਰੋੜਾਂ ਦਾ ਨਿਵੇਸ਼ ਕਰਨ ਵਿੱਚ ਦਿਲਚਸਪੀ ਪ੍ਰਗਟਾਈ

ਸਿੰਗਾਪੁਰ ਦੀਆਂ ਸਿਰਮੌਰ ਕੰਪਨੀਆਂ ਨੇ ਪੰਜਾਬ ਵਿੱਚ ਕਰੋੜਾਂ ਦਾ ਨਿਵੇਸ਼ ਕਰਨ ਵਿੱਚ ਦਿਲਚਸਪੀ ਪ੍ਰਗਟਾਈ

ਸਿੰਗਾਪੁਰ,  (ਖ਼ਬਰ ਵਾਲੇ ਬਿਊਰੋ)
ਸਿੰਗਾਪੁਰ ਦੀਆਂ ਵੱਖ-ਵੱਖ ਖੇਤਰਾਂ ਵਿੱਚ ਸਿਰਮੌਰ ਕੰਪਨੀਆਂ ਵੱਲੋਂ ਪੰਜਾਬ ਵਿੱਚ ਗੈਸ, ਢਾਂਚਾ, ਸਮਾਰਟ ਸਿਟੀ ਅਤੇ ਹੋਰ ਵਿਕਸਸ਼ੀਲ ਪ੍ਰੋਜੈਕਟਾਂ ਵਿੱਚ ਅਰਬਾਂ ਦਾ ਨਿਵੇਸ਼ ਕਰਨ ਲਈ ਦਿਲਚਸਪੀ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਇਨ੍ਹਾਂ ਨਾਮਵਰ ਤੇ ਸਥਾਪਿਤ ਕੰਪਨੀਆਂ ਵੱਲੋਂ ਇਹ ਪ੍ਰਗਟਾਵਾ ਬੀਤੇ ਦਿਨ ਹੋਏ ਸੀਆਈਆਈ ਨਾਰਥ ਦੇ ਪਹਿਲੇ ਵਿਦੇਸ਼ੀ ਸਮਾਰੋਹ ਦੌਰਾਨ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੀਆਈਆਈ ਨਾਰਥ-2018  ਨਾਮਕ ਇਸ ਸਮਾਰੋਹ ਵਿੱਚ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ  ਦੀ ਅਗਵਾਈ ਵਾਲੇ ਵਫਦ ਵਿੱਚ ਲੋਕ ਨਿਰਮਾਣ ਤੇ ਆਈ.ਟੀ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਅਤੇ ਇਨਵੈਸਟ ਪੰਜਾਬ ਦੀਆਂ ਟੀਮਾਂ ਵੱਲੋਂ ਕਈ ਵੱਡੀਆਂ ਕੰਪਨੀਆਂ ਨਾਲ ਬੀ2ਜੀ ਮੀਟਿੰਗਾਂ ਕੀਤੀਆਂ ਗਈਆਂ। ਇਹ ਸਮਾਰੋਹ ਸਿੰਗਾਪੁਰ ਵਿੱਚ ਸਥਿਤ ਭਾਰਤੀ ਹਾਈ ਕਮਿਸ਼ਨ ਅਤੇ ਕੰਫੈਡ੍ਰੇਸ਼ਨ ਆਫ ਇੰਡੀਅਨ ਇੰਡਸਟਰੀਜ਼( ਸੀਆਈਆਈ) ਵੱਲੋਂ ਸਾਂਝੇ ਤੌਰ 'ਤੇ ਆਯੋਜਿਤ ਕਰਵਾਇਆ ਗਿਆ।
ਇਸ ਮੌਕੇ ਅਸੈਂਡਸ ਸਿੰਗਬ੍ਰਿਜ ਅਤੇ ਚੈਨਗੀ ਵਰਗੀਆਂ ਕੰਪਨੀਆਂ ਵੱਲੋਂ ਲੁਧਿਆਣਾ ਵਿਖੇ ਇੱਕ ਨਵਾਂ ਹਵਾਈ ਅੱਡਾ ਬਨਾਉਣ ਦੀ ਯੋਜਨਾਬੰਦੀ ਅਤੇ ਵਿਕਾਸ ਲਈ ਦਿਲਚਸਪੀ ਪ੍ਰਗਟਾਈ ਗਈ । ਇਸੇ ਤਰ੍ਹਾਂ ਏਰੋਟ੍ਰੋਪੋਲਿਸ ਵੱਲੋਂ ਲੁਧਿਆਣਾ ਤੇ ਮੋਹਾਲੀ ਲਈ ਸਿਟੀ  ਡਿਵੈਲਪਮੈਂਟ ਅਤੇ ਸਮੁੱਚੇ ਸੂਬੇ ਵਿੱਚ ਕਨਵੈਸ਼ਨ ਸੈਂਟਰ ਬਨਾਉਣ ਦਾ ਪ੍ਰਸਤਾਵ ਹੈ।
ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਿਰਜੇ ਨਿਵੇਸ਼ ਲਈ ਲਾਹੇਵੰਦ ਤੇ ਸੰਭਾਵਨਾ ਨਾਲ ਭਰਪੂਰ ਮਾਹੌਲ ਵੱਲ ਆਕਰਸ਼ਤ ਹੁੰਦਿਆਂ ਰੀਅਲ ਅਸਟੇਟ ਦੀ ਮਸ਼ਹੂਰ ਕੰਪਨੀ ਜੇ.ਐਮ.ਟੀ ਗਰੁੱਪ ਵੱਲੋਂ 100 ਕਰੋੜ ਅਤੇ ਉਦਯੋਗਕ ਗੈਸਾਂ ਵਿੱਚ ਮਸ਼ਹੂਰ ਕੰਪਨੀ ਲਿੰਡੇ ਏਜੀ ਵੱਲੋਂ ਮੰਡੀ ਗੋਬਿੰਦਗੜ੍ਹ ਵਿੱਚ 200 ਕਰੋੜ ਦਾ ਪਲਾਂਟ ਲਾਉਣ ਦਾ ਐਲਾਨ ਕੀਤਾ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਵਫਦ ਫਾਈਨਟੈੱਕ ਅਤੇ ਹੋਰ ਵਿੱਤੀ ਕੰਪਨੀਆਂ ਨੂੰ ਵੀ ਮਿਲਿਆ ਜਿੰਨਾਂ ਵੱਲੋਂ  ਵੀ ਸਮਾਰਟ ਸਿਟੀ, ਐਸਐਮਈ ਡਿਜੀਟਾਈਜ਼ੇਸ਼ਨ ਆਦਿ ਵਿੱਚ ਪੈਸਾ ਲਾਉਣ ਦੀ ਗੱਲ ਆਖੀ ਗਈ।
ਇਨਵੈਸਟ ਨਾਰਥ ਇਕ ਸਾਲਾਨਾ ਸਮਾਰੋਹ ਹੈ ਜੋ ਸੀਆਈਆਈ ਵੱਲੋਂ ਉੱਤਰੀ ਇਲਾਕਿਆਂ ਵਿੱਚ ਨਿਵੇਸ਼ ਨੂੰ ਪ੍ਰਫੁੱਲਿਤ ਕਰਨ ਦੇ ਨਾਲ ਕਰਵਾਇਆ ਜਾਂਦਾ ਹੈ।
ਪੰਜਾਬ ਦੇ ਵਫਦ ਵਿੱਚ ਨਿਵੇਸ਼ ਅਤੇ ਪ੍ਰੋਮੋਸ਼ਨ ਦੇ ਵਧੀਕ ਮੁੱਖ ਸਕੱਤਰ ਵਿੰਨੀ ਮਹਾਜਨ, ਪ੍ਰਮੁੱਖ ਸਕੱਤਰ ਵਿ ੱਤ ਅਨਿਰੁਧ ਤਿਵਾੜੀ, ਇਨਵੈਸਟ ਪੰਜਾਬ ਦੇ ਸੀਈਓ ਰਜਤ ਅਗਰਵਾਲ, ਉਦਯੋਗਪਤੀ ਰਜਿੰਦਰ ਗੁਪਤਾ, ਕਮਲ ਓਸਵਾਲ, ਸੰਜੀਵ ਅਰੋੜਾ, ਆਰਐਸ ਸੱਚਦੇਵਾ, ਕਰਨ ਗਿਲਹੋਤਰਾ ,ਪੰਕਜ ਮੰੰਜਾਲ ,ਉਪਕਾਰ ਅਹੂਜਾ,ਭਵਦੀਪ ਸਰਦਾਨਾ ਵਿਸ਼ੇਸ਼ ਤੌਰ 'ਤੇ ਹਾਜਰ ਸਨ।
ਵਫਦ ਵੱਲੋਂ ਸਿੰਗਾਪੁਰ ਦੇ ਉਦਯੋਗਪਤੀਆਂ ਅਤੇ ਨਿਵੇਸ਼ਕਾਂ ਨਾਲ  ਕਈ ਮੀਟਿਗਾਂ ਕੀਤੀਆਂ ਗਈਆਂ ਅਤੇ ਸਾਂਝੇ ਉੱਦਮਾਂ ਬਾਰੇ ਚਰਚਾ ਕੀਤੀ ਗਈ। ਵਫਦ ਵੱਲੋਂ ਸਿੰਗਾਪੁਰ ਦੇ ਵਿਦੇਸ਼ ਮੰਤਰੀ ਡਾ. ਵਿਵੀਅਨ ਬਾਲਾ ਕ੍ਰਿਸ਼ਨਨ , ਉਚੇਰੀ ਸਿੱਖਿਆ ਅਤੇ ਹੁਨਰ ਬਾਰੇ ਮੰਤਰੀ ਔਂਗ ਯੇ ਕੁੰਗ, ਸੰਚਾਰ ਮੰਤਰੀ ,ਮਨਿਸਟਰ-ਇਨ-ਇੰਚਾਰਜ ਫਾਰ ਟ੍ਰੇਡ ਰਿਲੇਸ਼ਨਜ਼ ਸੀ੍ਰ ਐਸ ਇਸਵਰਨ ਅਤੇ ਆਈਟੀਈ ਕਾਲਜ ਦੇ ਪ੍ਰਿੰਸੀਪਲ ਡਾ.ਆਂਗ ਕਿਆਂਮ ਵੀ ਨਾਲ ਮੁਲਾਕਾਤ ਕੀਤੀ ਗਈ।
ਸਵੇਰ ਦੇ ਸਮੇਂ ਹੋਏ ਉਦਘਾਟਨੀ ਸੈਸ਼ਨ ਤੋਂ ਬਾਅਦ ਪੰਜਾਬ ਵੱਲੋਂ ਸਟੇਟ ਸੈਸ਼ਨ ਕੀਤਾ ਗਿਆ ਜਿਸ ਦੌਰਾਨ ਇਨਵੈਸਟ ਪੰਜਾਬ ਦੇ ਸੀਈਓ ਵੱਲੋਂ ਪੇਸ਼ਕਾਰੀ ਦਿੱਤੀ ਗਈ ਅਤੇ ਰਜਿੰਦਰ ਗੁਪਤਾ ਅਤੇ ਸਿੰਗਾਪੁਰ ਆਧਾਰਿਤ ਨਿਵੇਸ਼ਕ ਅਤਿਨ ਕੁਕਰੇਜਾ ਵੱਲੋਂ ਪੰਜਾਬ ਵਿੱਚ ਨਿਵੇਸ਼ ਕਰਨ ਸਬੰਧੀ ਆਪਣੇ ਤਜ਼ਰਬੇ ਸਾਂਝੇ ਕੀਤੇ ਗਏ।
ਇਸ ਮੌਕੇ ਸ੍ਰੀ ਸਿੰਗਲਾ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਨਿਵੇਸ਼ਕਾਂ ਨੂੰ ਭਰੋਸਾ ਦਵਾਇਆ ਕਿ ਸਰਕਾਰ ਵੱਲੋਂ ਨਿਵੇਸ਼ਕਾਂ ਨੂੰ ਹਰ ਸਹਿਯੋਗ ਮਿਲੇਗਾ।