• Home
  • ਖਹਿਰਾ ਨੇ ਟਕਸਾਲੀਆਂ ਨੂੰ ਕੀਤਾ ਸਲੂਟ ! ਪੜ੍ਹੋ “ਆਪ” ਬਾਰੇ ਕੀ ਕਿਹਾ ?

ਖਹਿਰਾ ਨੇ ਟਕਸਾਲੀਆਂ ਨੂੰ ਕੀਤਾ ਸਲੂਟ ! ਪੜ੍ਹੋ “ਆਪ” ਬਾਰੇ ਕੀ ਕਿਹਾ ?

ਚੰਡੀਗੜ੍ਹ :-ਅੱਜ ਦੇਰ ਸ਼ਾਮ ਇਥੇ ਇੱਕ ਬਿਆਨ ਜਾਰੀ ਕਰਦੇ ਹੋਏ ਪੰਜਾਬ ਏਕਤਾ ਪਾਰਟੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਅਕਾਲੀ ਦਲ ਟਕਸਾਲੀ ਵੱਲੋਂ ਖੁਦ ਹੀ ਖਡੂਰ ਸਾਹਿਬ ਤੋਂ ਆਪਣਾ ਉਮੀਦਵਾਰ ਵਾਪਿਸ ਲੈਣ ਅਤੇ ਪੀ.ਡੀ.ਏ ਉਮੀਦਵਾਰ ਬੀਬੀ ਪਰਮਜੀਤ ਕੋਰ ਖਾਲੜਾ ਦੀ ਹਮਾਇਤ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ। ਖਹਿਰਾ ਨੇ ਕਿਹਾ ਕਿ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਰਗੀਆਂ ਰਵਾਇਤੀ ਭ੍ਰਿਸ਼ਟ ਪਾਰਟੀਆਂ ਨੂੰ ਹਰਾਉਣ ਲਈ ਪੰਜਾਬ ਦੇ ਵਿਰੋਧੀ ਧਿਰ ਦੀ 100 ਫੀਸਦੀ ਏਕਤਾ ਵਾਸਤੇ ਇਹ ਫੈਸਲਾ ਇੱਕ ਅਹਿਮ ਭੂਮਿਕਾ ਨਿਭਾਏਗਾ। ਖਹਿਰਾ ਨੇ ਕਿਹਾ ਕਿ ਉਹ ਖੁਦ ਨਿੱਜੀ ਤੋਰ ਉੱਤੇ ਅਕਾਲੀ ਦਲ ਟਕਸਾਲੀ ਲੀਡਰਸ਼ਿਪ ਨੂੰ ਸੰਪਰਕ ਕਰਕੇ ਸੂਬੇ ਵਿੱਚ ਮਨੁੱਖੀ ਅਧਿਕਾਰਾਂ ਵਾਸਤੇ ਲੰਬਾ ਸੰਘਰਸ਼ ਕਰਨ ਵਾਲੇ ਬੀਬੀ ਖਾਲੜਾ ਦੀ ਉਮੀਦਵਾਰੀ ਨੂੰ ਹਮਾਇਤ ਕਰਨ ਲਈ ਉਹਨਾਂ ਦਾ ਧੰਨਵਾਦ ਕਰਨਗੇ।
ਇਸ ਦੇ ਨਾਲ ਹੀ ਖਹਿਰਾ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਆਖਿਆ ਕਿ ਉਹ ਵੀ ਅਕਾਲੀ ਦਲ ਟਕਸਾਲੀ ਦੀ ਲੀਡਰਸ਼ਿਪ ਤੋਂ ਸਬਕ ਸਿੱਖਣ ਅਤੇ ਖਡੂਰ ਸਾਹਿਬ ਤੋਂ ਆਪਣਾ ਉਮੀਦਵਾਰ ਵਾਪਿਸ ਲੈ ਲੈਣ। ਖਹਿਰਾ ਨੇ ਕਿਹਾ ਕਿ ਅਜਿਹਾ ਕਰਨ ਨਾਲ ਸੂਬੇ ਵਿੱਚ ਖਡੂਰ ਸਾਹਿਬ ਅਜਿਹੀ ਇੱਕ ਸੀਟ ਹੋਵੇਗੀ ਜਿਥੇ ਕਿ ਸਾਰੀਆਂ ਵਿਰੋਧੀ ਪਾਰਟੀਆਂ ਰਵਾਇਤੀ ਭ੍ਰਿਸ਼ਟ ਪਾਰਟੀਆਂ ਖਿਲਾਫ ਬੀਬੀ ਪਰਮਜੀਤ ਕੋਰ ਖਾਲੜਾ ਦੀ ਹਮਾਇਤ ਕਰਨਗੀਆਂ ਜਿਸ ਨਾਲ ਕਿ ਪੰਜਾਬ ਵਿੱਚ ਸਹਿਮਤੀ ਲਈ ਹੋਰ ਰਾਹ ਖੁੱਲੇਗਾ। ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਖਡੂਰ ਸਾਹਿਬ ਤੋਂ ਅਪਰਾਧੀ ਕਿਸਮ ਦਾ ਮਨਜਿੰਦਰ ਸਿੰਘ ਸਿੱਧੂ ਵਰਗਾ ਅਜਿਹਾ ਉਮੀਦਵਾਰ ਦਿੱਤਾ ਹੈ ਜਿਸ ਉੱਪਰ ਕਿ ਤਰਨਤਾਰਨ ਵਿਖੇ ਕੁਝ ਸਾਲ ਪਹਿਲਾਂ ਦਲਿਤ ਲੜਕੀ ਹਰਬਿੰਦਰ ਕੋਰ ਨੂੰ ਜਨਤਕ ਤੋਰ ਉੱਪਰ ਮਾਰਨ ਕੁੱਟਣ ਦਾ ਇਲਜਾਮ ਹੈ ਜੋ ਕਿ ਕੈਮਰੇ ਵਿੱਚ ਰਿਕਾਰਡ ਹੋ ਗਿਆ ਸੀ। ਦਲਿਤ ਲੜਕੀ ਦੀ ਇਸ ਬੇਰਹਿਮ ਮਾਰਕੁੱਟ ਨੇ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ ਸੀ ਅਤੇ ਹਾਈ ਕੋਰਟ ਨੇ ਦੋਸ਼ੀ ਖਿਲਾਫ ਖੁਦ ਨੋਟਿਸ ਲਿਆ ਸੀ ਅਤੇ ਪੀੜਤ ਲੜਕੀ ਨੂੰ ਸਿਕਉਰਟੀ ਮੁਹੱਈਆ ਕਰਵਾਈ ਗਈ ਸੀ।
ਖਹਿਰਾ ਨੇ ਮੁੜ ਫਿਰ ਇੱਕ ਵਾਰ ਬੀਬੀ ਪਰਮਜੀਤ ਕੋਰ ਖਾਲੜਾ ਦੀ ਹਮਾਇਤ ਕਰਨ ਲਈ ਅਕਾਲੀ ਦਲ ਟਕਸਾਲੀ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ।