• Home
  • ਸਿੱਧੂ ਨੇ ਮੰਨਿਆ-ਕਮਲ ਦਾ ਫੁੱਲ, ਮੇਰੀ ਵੱਡੀ ਭੁੱਲ

ਸਿੱਧੂ ਨੇ ਮੰਨਿਆ-ਕਮਲ ਦਾ ਫੁੱਲ, ਮੇਰੀ ਵੱਡੀ ਭੁੱਲ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜ਼ੀ ਪੰਜਾਬ ਨਿਊਜ਼ ਟੀਵੀ ਚੈਨਲ ਵਲੋਂ ਕਰਵਾਏ ਗਏ ਪ੍ਰੋਗਰਾਮ 'ਪੰਜਾਬ ਵਾਰਤਾ' ਵਿਚ ਭਾਗ ਲੈਣ ਸਮੇਂ ਮੰਨਿਆ ਕਿ ਕਮਲ ਦਾ ਫੁੱਲ ਉਨਾਂ ਦੀ ਸਭ ਤੋਂ ਵੱਡੀ ਭੁੱਲ ਸੀ ਭਾਵ ਭਾਜਪਾ 'ਚ ਜਾਣਾ ਉਨਾਂ ਦੀ ਬਹੁਤ ਵੱਡੀ ਭੁੱਲ ਸੀ।
ਸਮਾਗਮ ਦੌਰਾਨ ਕਈ ਤਿੱਖੇ ਸਵਾਲਾਂ ਦਾ ਜੁਆਬ ਆਪਣੇ ਹੀ ਢੰਗ ਨਾਲ ਦਿੰਦਿਆਂ ਕਿਹਾ ਕਿ ਬਾਦਲਾਂ ਦੀਆਂ ਬੱਸਾਂ ਬਾਰੇ ਧਿਆਨ 'ਚ ਆਇਆ ਹੈ ਕਿ ਉਹ ਪੀਆਰਟੀਸੀ ਨੂੰ ਚੂਨਾ ਲਾ ਰਹੀਆਂ ਹਨ ਕਿਉਂਕਿ ਬਾਦਲਾਂ ਦੀਆਂ ਬੱਸਾਂ ਨੂੰ ਬੱਸ ਅੱਡਿਆਂ 'ਤੇ ਕਈ ਕਈ ਮਿੰਟ ਮਿਲ ਜਾਂਦੇ ਹਨ ਪਰ ਪੀਆਰਟੀਸੀ ਦੀਆਂ ਬੱਸਾਂ ਨੂੰ ਕੇਵਲ ਦੋ ਮਿੰਟ ਮਿਲਦੇ ਹਨ। ਇਸ ਸਡਿਊਲ ਪਹਿਲਾਂ ਦਾ ਚੱਲ ਰਿਹਾ ਹੈ ਪਰ ਹੁਣ ਇਸ ਵਿਰੁਧ ਸਖ਼ਤੀ ਕੀਤੀ ਜਾਵੇਗੀ। ਉਨਾਂ ਕਿਹਾ ਕਿ ਸਰਕਾਰ ਨੂੰ ਛੇ ਮਹੀਨੇ ਹੋਰ ਦਿੱਤੇ ਜਾਣ। ਅਗਰ ਛੇ ਮਹੀਨੇ ਬਾਅਦ ਅਜਿਹਾ ਹੋਵੇਗਾ ਤਾਂ ਸਰਕਾਰ ਇਸ ਦੀ ਜਵਾਬਦੇਹ ਹੋਵੇਗੀ।
ਇਕ ਸਵਾਲ ਦੇ ਜਵਾਬ ਵਿਚ ਸਿੱਧੂ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਆਸਥਾ ਦਾ ਮਾਮਲਾ ਹੈ। ਜੇਕਰ ਕੋਈ ਕਹਿੰਦਾ ਹੈ ਕਿ ਪਾਕਿ ਫ਼ੌਜ ਮੁਖੀ ਨੂੰ ਪਾਈ ਜੱਫੀ ਗ਼ਲਤ ਸੀ ਤਾਂ ਮੈਂ ਅੱਜ ਵੀ ਕਹਿੰਦਾ ਹਾਂ ਕਿ ਅਗਰ ਕੋਈ ਕਹੇਗਾ ਕਿ ਉਹ ਬਾਬੇ ਨਾਨਕ ਦੇ ਜੀਵਨ ਨਾਲ ਸਬੰਧਤ ਗੁਰਦਵਾਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਨੂੰ ਤਿਆਰ ਹੈ ਤਾਂ ਅੱਜ ਵੀ ਜੱਫੀ ਪਾਉਣ ਨੂੰ ਤਿਆਰ ਹਾਂ। ਉਨਾਂ ਇਹ ਵੀ ਕਿਹਾ ਕਿ ਇਹ ਲਾਂਘਾ ਨਵੰਬਰ 'ਚ ਖੁਲ ਜਾਵੇਗਾ, ਉਨਾਂ ਨੂੰ ਪੂਰੀ ਆਸ ਹੈ।
ਆਪਣੀ ਗੱਲਬਾਤ 'ਚ ਉਨਾਂ ਪ੍ਰਤਾਪ ਸਿੰਘ ਕੈਰੋਂ, ਡਾਕਟਰ ਮਨਮੋਹਨ ਸਿੰਘ ਸਮੇਤ ਕਈ ਵੱਡੀਆਂ ਸ਼ਖ਼ਸੀਅਤਾਂ ਦੀਆਂ ਉਦਾਹਰਨਾਂ ਦੇ ਕੇ ਕਈ ਗੱਲਾਂ ਬਾਰੇ ਸਪੱਸ਼ਟੀਕਰਨ ਦਿੱਤਾ।
ਪੰਜਾਬ 'ਚ ਸਕੂਲਾਂ ਦੀ ਸਥਿਤੀ ਬਾਰੇ ਸਿੱਧੂ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਸਕੂਲਾਂ ਦੀ ਸਥਿਤੀ 'ਚ ਅਜਿਹਾ ਸੁਧਾਰ ਹੋ ਜਾਵੇਗਾ ਕਿ ਸਰਕਾਰੀ ਸਕੂਲਾਂ 'ਚ ਪੜੇ ਬੱਚੇ ਵੀ ਆਈਏਐਸ ਤੇ ਆਈਪੀਐਸ ਅਫ਼ਸਰ ਬਣਨਗੇ।
ਸਿਆਸਤ 'ਚ ਨੌਜਵਾਨਾਂ ਦੀ ਸ਼ਮੂਲੀਅਤ ਬਾਰੇ ਸਿੱਧੂ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੌਜਵਾਨਾਂ ਨੂੰ ਸਿਆਸਤ 'ਚ ਲਿਆਉਣ ਦੇ ਬਹੁਤ ਵੱਡੇ ਹਾਮੀ ਹਨ ਤੇ ਕਾਂਗਰਸ ਨੇ ਬਕਾਇਦਾ ਕਾਲਜਾਂ ਤੇ ਯੂਨੀਵਰਸਿਟੀਆਂ 'ਚ ਵਿਦਿਆਰਥੀਆਂ ਲਈ ਵਿੰਗ ਸਥਾਪਤ ਕੀਤੇ ਹਨ।