• Home
  • ਟਿਕਟ ਅਲਾਟਮੈਂਟ ’ਚ ਸਾਰੇ ਖਾਹਿਸ਼ਮੰਦਾ ਨੂੰ ਸਮਾਉਣਾ ਸੰਭਵ ਨਹੀਂ – ਕੈਪਟਨ -ਆਮ ਆਦਮੀ ਪਾਰਟੀ ਦਾ ਸਾਬਕਾ ਆਗੂ ਚੰਦਨ ਗਰੇਵਾਲ ਕਾਂਗਰਸ ਵਿੱਚ ਸ਼ਾਮਲ

ਟਿਕਟ ਅਲਾਟਮੈਂਟ ’ਚ ਸਾਰੇ ਖਾਹਿਸ਼ਮੰਦਾ ਨੂੰ ਸਮਾਉਣਾ ਸੰਭਵ ਨਹੀਂ – ਕੈਪਟਨ -ਆਮ ਆਦਮੀ ਪਾਰਟੀ ਦਾ ਸਾਬਕਾ ਆਗੂ ਚੰਦਨ ਗਰੇਵਾਲ ਕਾਂਗਰਸ ਵਿੱਚ ਸ਼ਾਮਲ

ਜਲੰਧਰ, 13 ਅਪ੍ਰੈਲ: ਸੰਸਦੀ ਚੋਣਾਂ ਲਈ ਟਿਕਟਾਂ ਨਾ ਮਿਲਣ ਵਾਲੇ ਆਗੂਆਂ ਦੀ ਨਾਰਾਜ਼ਗੀ ਨੂੰ ਦਰਕਿਨਾਰ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਕੇਵਲ 13 ਹੀ ਲੋਕ ਸਭਾ ਸੀਟਾਂ ਹਨ ਅਤੇ ਟਿਕਟਾਂ ਦੇ ਸਾਰੇ 177 ਖਾਹਿਸ਼ਮੰਦਾਂ ਨੂੰ ਸਮਾਉਣਾ ਸੰਭਵ ਨਹੀਂ ਹੈ। ਇਹ ਟਿਕਟਾਂ ਕਾਂਗਰਸ ਹਾਈ ਕਮਾਂਡ ਵੱਲੋਂ ਦਿੱਤੀਆਂ ਗਈਆਂ ਹਨ ਅਤੇ ਇਸ ਸਬੰਧ ਵਿੱਚ ਜਿੱਤਣ ਦੀ ਸਮਰਥਾ ਦੇ ਮਾਪਦੰਡ ਨੂੰ ਆਧਾਰ ਬਣਾਇਆ ਗਿਆ ਹੈ।  ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਚੰਦਨ ਗਰੇਵਾਲ ਦੇ ਪਾਰਟੀ ਵਿੱਚ ਆਉਣ ’ਤੇ ਸਵਾਗਤ ਕਰਦੇ ਹੋਏ ਮੀਡੀਏ ਦੇ ਨਾਲ ਇਕ ਗੈਰ-ਰਸਮੀ ਗਲਬਾਤ ਦੌਰਾਨ ਦੱਸਿਆ ਕਿ ਟਿਕਟਾਂ ਦੀ ਅਲਾਟਮੈਂਟ ਵਿੱਚ ਨੌਜਵਾਨਾਂ ਦਾ ਤਜਰਬੇ ਦੇ ਨਾਲ ਸੰਤੁਲਨ ਬਿਠਾਇਆ ਗਿਆ ਹੈ।  ਗਰੇਵਾਲ ਇਕ ਉੱਘਾ ਬਾਲਮੀਕੀ ਆਗੂ ਹੈ। ਉਨਾਂ ਨੇ ਕਰਤਾਰਪੁਰ ਤੋਂ ਵਿਧਾਨ ਸਭਾ ਚੋਣਾਂ ਲੜਣ ਤੋਂ ਕੁਝ ਮਹੀਨੇ ਬਾਅਦ ਹੀ ਅਕਤੂਬਰ 2017 ਵਿੱਚ ਆਮ ਆਦਮੀ ਪਾਰਟੀ ਛੱਡ ਦਿੱਤੀ ਸੀ।  ਕੁਝ ਨਾਰਾਜ਼ ਕਾਂਗਰਸੀ ਆਗੂਆਂ ਵੱਲੋਂ ਵੱਖਰੀ ਕਾਂਗਰਸ ਟਕਸਾਲੀ ਬਣਾਏ ਜਾਣ ਲਈ ਪੂਰੀ ਤਰਾਂ ਤਿਆਰ ਹੋਣ ਸਬੰਧੀ ਅਫਵਾਹਾਂ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਟਿਕਟਾਂ ਦੇ ਸਾਰੇ ਖਾਹਿਸ਼ਮੰਦਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਜਾ ਸਕਦੀਆਂ। ਉਨਾਂ ਉਮੀਦ ਪ੍ਰਗਟ ਕੀਤੀ ਕਿ ਇਹ ਆਗੂ ਇਸ ਗੱਲ ਨੂੰ ਸਮਝਣਗੇ ਅਤੇ ਪਾਰਟੀ ਦੀ ਸਫ਼ਲਤਾ ਲਈ ਕੰਮ ਕਰਨਗੇ। ਸੀਨੀਅਰ ਕਾਂਗਰਸੀ ਆਗੂ ਮਹਿੰਦਰ ਸਿੰਘ ਕੇਪੀ ਨੂੰ ਟਿਕਟ ਨਾ ਦਿੱਤੇ ਜਾਣ ਬਾਰੇ ਇਕ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਤਿੰਨ ਵਾਰ ਪਾਰਟੀ ਦੀ ਟਿਕਟ ’ਤੇ ਲੜੇ ਹਨ ਅਤੇ ਅਸਫ਼ਲ ਰਹੇ ਹਨ। ਇੱਥੋਂ ਤੱਕ ਕਿ ਉਨਾਂ ਦੀ ਪਤਨੀ ਨੂੰ ਵੀ ਮੌਕਾ ਦਿੱਤਾ ਗਿਆ ਅਤੇ ਉਹ ਵੀ ਹਾਰ ਗਏ।  ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਜਲੰਧਰ ਦੇ ਪਾਦਰੀ ਦੇ ਗੁੰਮ ਹੋਏ ਪੈਸੇ ਦਾ ਮਾਮਲਾ ਛੇਤੀਂ ਹੀ ਹੱਲ ਕਰ ਲਿਆ ਜਾਵੇਗਾ ਅਤੇ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ। ਉਨਾਂ ਦੱਸਿਆ ਕਿ ਇਸ ਸਬੰਧ ਵਿੱਚ ਪਹਿਲਾਂ ਹੀ ਐਸ.ਆਈ.ਟੀ. ਬਣਾਈ ਜਾ ਚੁੱਕੀ ਹੈ।