• Home
  • ਸਰਕਾਰ ਹੋਈ ਸਖਤ-ਅਣਢਕਿਆਂ ਬੋਰਵੈਲ ਮਿਲਣ ‘ਤੇ ਹੋਵੇਗੀ FIRਦਰਜ਼-ਟਰਾਂਸਫਾਰਮਰਾਂ ਤੇ ਮੀਟਰ ਉੱਚੇ ਕਰਕੇ ਲਗਾਉਣ ਦੀ ਹਦਾਇਤ

ਸਰਕਾਰ ਹੋਈ ਸਖਤ-ਅਣਢਕਿਆਂ ਬੋਰਵੈਲ ਮਿਲਣ ‘ਤੇ ਹੋਵੇਗੀ FIRਦਰਜ਼-ਟਰਾਂਸਫਾਰਮਰਾਂ ਤੇ ਮੀਟਰ ਉੱਚੇ ਕਰਕੇ ਲਗਾਉਣ ਦੀ ਹਦਾਇਤ

ਪਟਿਆਲਾ, 14 ਜੂਨ:
ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਅੰਦਰ ਅਣਵਰਤੇ ਅਤੇ ਅਣਢਕੇ ਬੋਰ ਵੈਲਾਂ ਅਤੇ ਬੰਦ ਪਏ ਅਣਢਕੇ ਤੇ ਸੁੱਕੇ ਖੂਹਾਂ ਨੂੰ ਢੱਕਣ ਸਬੰਧੀ ਅਧਿਕਾਰੀਆਂ ਦੀ ਜਿੰਮੇਵਾਰੀ ਤਹਿ ਕਰ ਦਿੱਤੀ ਹੈ ਅਤੇ ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰੱਖੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਸਮੂਹ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਕਿ ਉਹ ਇਕ ਹਫਤੇ 'ਚ ਆਪਣੇ ਖੇਤਰ ਦਾ ਪੂਰਾ ਸਰਵੇ ਕਰਕੇ ਬੋਰਵੈਲ ਤੇ ਸੁੱਕੇ ਖੂਹਾਂ ਦੇ ਢਕੇ ਹੋਣ ਦਾ ਸਰਟੀਫਿਕੇਟ ਦੇਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਅਧਿਕਾਰੀ ਦੇ ਖੇਤਰ ਵਿਚ ਕੋਈ ਬੋਰਵੈਲ ਜਾ ਖੂਹ ਖੁੱਲਾ ਪਾਇਆ ਗਿਆ ਤਾਂ ਉਸ ਵਿਰੁੱਧ ਐਫ.ਆਈ.ਆਰ ਦਰਜ਼ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਪਟਿਆਲਾ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮਜ਼ ਨੂੰ ਆਪਣੇ-ਆਪਣੇ ਖੇਤਰ ਦਾ ਇੰਚਾਰਜ ਲਗਾਉਂਦਿਆ ਹਦਾਇਤ ਕੀਤੀ ਕਿ ਉਹ ਆਪ ਲਗਾਤਾਰ ਚੈਕਿੰਗ ਕਰਨ ਤੇ ਇਸ ਸਬੰਧੀ ਪਿੰਡ ਪੱਧਰ ਤੱਕ ਪਹੁੰਚ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮਾਣਯੋਗ ਸੁਪਰੀਮ ਕੋਰਟ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹਨ ਅਤੇ ਉਨ੍ਹਾਂ ਵਿਚ ਬੋਰਵੈਲ ਢਕਣ ਸਬੰਧੀ ਜਿੰਮੇਵਾਰੀ ਵੀ ਤਹਿ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ 'ਚ ਪਿੰਡ ਪੱਧਰ 'ਤੇ ਜਿੰਮੇਵਾਰੀ ਸਰਪੰਚ ਦੀ ਹੈ ਅਤੇ ਬੀ.ਡੀ.ਓ ਇਸ ਨੂੰ ਮੋਨੀਟਰ ਕਰੇਗਾ ਅਤੇ ਇਸ ਸਬੰਧੀ ਸਰਟੀਫਿਕੇਟ ਦੇਵੇਗਾ। ਉਨ੍ਹਾਂ ਕਿਹਾ ਕਿ ਕਾਰਪੋਰੇਸ਼ਨ ਦੇ ਖੇਤਰ ਵਿਚ ਇਸ ਦੀ ਜਿੰਮੇਵਾਰੀ ਗਰਾਊਡ ਵਾਟਰ ਦੇ ਨਿਗਰਾਨ ਇੰਜੀਨੀਅਰ ਤੇ ਜੂਨੀਅਰ ਇੰਜੀਨੀਅਰ ਦੀ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੀ.ਡੀ.ਪੀ.ਓ ਪਿੰਡ 'ਚ  ਨੰਬਰਦਾਰ, ਪਟਵਾਰੀ, ਸਰਪੰਚ ਤੇ ਪੰਚਾਇਤ ਸਕੱਤਰ ਨੂੰ ਨਾਲ ਲੈਕੇ ਪਿੰਡ ਦਾ ਨਿਰੀਖਣ ਕਰਨਗੇ ਤੇ ਇਹ ਮਤਾ ਬਣਾਕੇ ਕਿ ਪਿੰਡ ਵਿਚ ਕਿੰਨੇ ਬੋਰਵੈਲ ਤੇ ਖੂਹ ਹਨ ਅਤੇ ਕਿੰਨੇ ਅਣ-ਢਕੇ ਬੋਰਵੈਲ ਢੱਕ ਦਿੱਤੇ ਗਏ ਹਨ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਦੇਣਗੇ। ਇਸ ਤਰ੍ਹਾਂ ਸ਼ਹਿਰ ਵਿਚ ਵਾਰਡ ਪੱਧਰ 'ਤੇ ਈ.ਓ ਵੱਲੋਂ ਬੋਰਵੈਲ ਢਕੇ ਹੋਣ ਦਾ ਸਰਟੀਫਿਕੇਟ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਕ ਹਫਤੇ ਬਾਅਦ ਦੁਬਾਰਾ ਮੀਟਿੰਗ ਕਰਕੇ ਸਮੂਹ ਅਧਿਕਾਰੀਆਂ ਪਾਸੋਂ ਰਿਪੋਰਟ ਪ੍ਰਾਪਤ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਜੇਕਰ ਕਿਸੇ ਅਧਿਕਾਰੀ ਦੇ ਖੇਤਰ ਵਿਚੋਂ ਬੋਰਵੈਲ ਜਾ ਖੂਹ ਢਕੇ ਬਿਨ੍ਹਾਂ ਮਿਲਿਆ ਦਾ ਉਸ ਵਿਰੁੱਧ ਐਫ.ਆਈ.ਆਰ. ਦਰਜ ਕਰਵਾਈ ਜਾਵੇਗੀ।
ਸ੍ਰੀ ਕੁਮਾਰ ਅਮਿਤ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਆਪਣੇ ਟਰਾਂਸਫਾਰਮਰਾਂ ਅਤੇ ਬਿਜਲੀ ਦੇ ਮੀਟਰਾਂ ਨੂੰ ਉੱਚਾ ਕਰਕੇ ਲਾਉਣ ਅਤੇ ਖਤਰੇ ਵਾਲੇ ਸਥਾਨਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸ਼ੌਕਤ ਅਹਿਮਦ ਪਰੈ, ਐਸ.ਡੀ.ਐਮ ਦੁਧਨਸਾਧਾਂ ਸ੍ਰੀ ਅਜੈ ਅਰੋੜਾ, ਐਸ.ਡੀ.ਐਮ ਪਟਿਆਲਾ ਸ੍ਰੀ ਰਵਿੰਦਰ ਸਿੰਘ, ਐਸ.ਡੀ.ਐਮ ਸਮਾਣਾ ਸ੍ਰੀ ਨਮਨ ਮੜਕਨ ਸਮੇਤ ਸਮੂਹ ਵਿਭਾਗਾਂ ਦੇ ਮੁੱਖੀ ਅਤੇ ਈ.ਓ ਤੇ ਬੀ.ਡੀ.ਓ. ਸ਼ਾਮਲ ਸਨ।