• Home
  • ਵੋਟਾਂ ‘ਚ ਸ਼ਰਾਬ ਦੀ ਵਰਤੋਂ ਰੋਕਣ ਲਈ ਡਿਸਟਿਲਰੀ ਨੂੰ ਬਾਜ਼ ਨਜ਼ਰ ਥੱਲੇ ਰੱਖੇ ਚੋਣ ਕਮਿਸ਼ਨ-ਅਮਨ ਅਰੋੜਾ

ਵੋਟਾਂ ‘ਚ ਸ਼ਰਾਬ ਦੀ ਵਰਤੋਂ ਰੋਕਣ ਲਈ ਡਿਸਟਿਲਰੀ ਨੂੰ ਬਾਜ਼ ਨਜ਼ਰ ਥੱਲੇ ਰੱਖੇ ਚੋਣ ਕਮਿਸ਼ਨ-ਅਮਨ ਅਰੋੜਾ

'ਆਪ' ਵਿਧਾਇਕ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ

ਚੰਡੀਗੜ੍ਹ, 4 ਅਪ੍ਰੈਲ :ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਵਿਧਾਇਕ ਅਮਨ ਅਰੋੜਾ ਨੇ ਭਾਰਤੀ ਮੁੱਖ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਚੋਣ ਕਮਿਸ਼ਨ ਚੋਣਾਂ ਦੌਰਾਨ  ਸ਼ਰਾਬ ਅਤੇ ਹੋਰ ਨਸ਼ਿਆਂ ਦੇ ਰੁਝਾਨ ਨੂੰ ਰੋਕਣ ਲਈ ਨਿਗਰਾਨੀ ਅਤੇ ਪ੍ਰਬੰਧਾਂ ਨੂੰ ਹੋਰ ਪੁਖ਼ਤਾ ਬਣਾਵੇ।
ਪੱਤਰ ਰਾਹੀਂ ਭਾਰਤੀ ਮੁੱਖ ਚੋਣ ਕਮਿਸ਼ਨਰ ਨੂੰ ਸੰਬੋਧਿਤ ਹੁੰਦਿਆਂ ਅਮਨ ਅਰੋੜਾ ਨੇ ਕਿਹਾ ਕਿ ਸਿਆਸੀ ਲੋਕਾਂ ਵੱਲੋਂ ਚੋਣਾਂ ਦੌਰਾਨ ਪੰਜਾਬ ਅੰਦਰ ਵੋਟਰਾਂ ਨੂੰ ਲੁਭਾਉਣ ਲਈ ਨਸ਼ੇ ਖ਼ਾਸ ਕਰ ਕੇ ਸ਼ਰਾਬ ਨੂੰ ਇੱਕ ਹਥਿਆਰ ਵਜੋਂ ਵਰਤਿਆ ਜਾਂਦਾ ਹੈ। ਪਿਛਲੀਆਂ ਚੋਣਾਂ ਦੌਰਾਨ ਸ਼ਰਾਬ ਵੱਡੀਆਂ ਖੇਪਾਂ ਫੜੇ ਜਾਣ ਦੀਆਂ ਅਖ਼ਬਾਰੀ ਸੁਰਖ਼ੀਆਂ ਇਸ ਤੱਥ ਦੀ ਪੁਸ਼ਟੀ ਕਰਦੀਆਂ ਹਨ।
ਅਮਨ ਅਰੋੜਾ ਨੇ ਚੋਣ ਕਮਿਸ਼ਨ ਵੱਲੋਂ ਕੀਤੇ ਗਏ ਮੌਜੂਦਾ ਪ੍ਰਬੰਧਾਂ ਨੂੰ ਨਾਕਾਫ਼ੀ ਦੱਸਦਿਆਂ ਕਿਹਾ ਕਿ ਚੋਣਾਂ ਦੌਰਾਨ ਨਸ਼ਿਆਂ ਦਾ ਵੱਡੀ ਪੱਧਰ ਤੇ ਇਸਤੇਮਾਲ ਇਸ ਕਰ ਕੇ ਹੁੰਦਾ ਹੈ ਕਿਉਂਕਿ ਸਮਾਂ ਰਹਿੰਦੇ ਚੋਣ ਕਮਿਸ਼ਨ ਅਤੇ ਸਬੰਧਿਤ ਅਧਿਕਾਰੀ ਇਸ ਲਈ ਲੋੜੀਂਦੇ ਪੁਖ਼ਤਾ ਕਦਮ ਨਹੀਂ ਉਠਾਉਂਦੇ।
ਅਮਨ ਅਰੋੜਾ ਨੇ ਕਿਹਾ ਕਿ ਨਸ਼ਿਆਂ ਦੀ ਬੇਰੋਕ ਟੋਕ ਹੁੰਦੀ ਗੈਰ ਕਾਨੂੰਨੀ ਸਪਲਾਈ ਅਤੇ ਜਮ੍ਹਾਖ਼ੋਰੀ ਨੂੰ ਤੁਰੰਤ ਰੋਕਣਾ ਬਹੁਤ ਜ਼ਰੂਰੀ ਹੈ ਅਮਨ ਅਰੋੜਾ ਨੇ ਸਿਆਸੀ ਲੋਕਾਂ ਵੱਲੋਂ ਇਸ ਲਈ ਵਰਤੇ ਜਾਂਦੇ ਤਰੀਕੇ ਬਾਰੇ ਵਿਸਥਾਰ ਸਾਹਿਤ ਦੱਸਦਿਆਂ ਕਿਹਾ ਕਿ ਹਰ ਸਾਲ ਪਹਿਲੀ ਅਪ੍ਰੈਲ ਨੂੰ ਨਵੇਂ ਠੇਕੇ ਅਲਾਟ ਕੀਤੇ ਜਾਂਦੇ ਹਨ ਵਿੱਤੀ ਸਾਲ ਦੇ ਪਹਿਲੇ ਹੀ ਦਿਨ ਬਹੁਤ ਮਹੱਤਵਪੂਰਨ ਹੁੰਦੇ ਹਨ ਇਸ ਦੌਰਾਨ ਡਿਸਟਿਲਰੀ ਅਤੇ ਵਾਟਲਿੰਗ ਪਲਾਂਟਾਂ ਤੋਂ ਵੱਡੀ ਮਾਤਰਾ ਵਿਚ ਸ਼ਰਾਬ ਨਵੇਂ ਠੇਕਿਆਂ ਨੂੰ ਭਰਨ ਲਈ ਭੇਜੀ ਜਾਂਦੀ ਹੈ। ਇਸ ਸਮੇਂ ਦੌਰਾਨ ਹੀ ਲੋਕ ਸਭਾ ਦੀਆਂ ਆਮ ਚੋਣਾਂ ਦਾ ਐਲਾਨ ਹੋ ਗਿਆ ਹੈ ਅਤੇ ਪੰਜਾਬ ਦਾ ਇੱਕ ਰਸੂਖਦਾਰ ਸਿਆਸੀ ਤਬਕਾ ਸ਼ਰਾਬ ਦੇ ਉਤਪਾਦਨ (ਡਿਸਟਿਲਰੀ) ਤੋਂ ਲੈ ਕੇ ਖੁਦਰਾ ਵਪਾਰ ਤੱਕ ਲਿਪਤ ਹੈ। ਇਸ ਲਿਹਾਜ਼ ਤੋਂ ਇਹ ਹਰ ਪੱਖੋਂ ਸੰਭਵ ਹੈ ਕਿ ਪੰਜਾਬ ਅਤੇ ਚੰਡੀਗੜ੍ਹ ਆਧਾਰਿਤ ਇਨ੍ਹਾਂ ਡਿਸਟਿਲਰੀਜ਼ ਅਤੇ ਬੌਟਲਿੰਗ ਪਲਾਂਟਾਂ ਤੋਂ ਇਨ੍ਹਾਂ 20 ਦਿਨਾਂ ਵਿੱਚ ਠੇਕਿਆਂ ਨੂੰ ਸਪਲਾਈ ਦੇ ਨਾਂ 'ਤੇ ਸ਼ਰਾਬ ਦੀ ਚੋਣਾਂ ਵਾਸਤੇ ਨਾਜਾਇਜ਼ ਜਮ੍ਹਾਖ਼ੋਰੀ ਹੁੰਦੀ ਹੋਵੇ। ਇਹ ਜਮ੍ਹਾਖ਼ੋਰੀ ਉਨ੍ਹਾਂ ਡਿਸਟਿਲਰੀਜ਼ ਅਤੇ ਬੌਟਲਿੰਗ ਪਲਾਂਟਾਂ ਤੋਂ ਹੋਰ ਵੀ ਆਸਾਨ ਹੈ, ਜੋ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਅਧੀਨ ਨਹੀਂ ਹਨ।
ਅਮਨ ਅਰੋੜਾ ਨੇ ਭਾਰਤੀ ਮੁੱਖ ਚੋਣ ਕਮਿਸ਼ਨਰ ਨੂੰ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਡਿਸਟਿਲਰੀਜ਼ ਦੀ ਨੂੰ ਹੁਣੇ ਤੋਂ ਸਖ਼ਤ ਨਿਗਰਾਨੀ ਥੱਲੇ ਰੱਖਿਆ ਜਾਵੇ, ਜੇਕਰ ਇਨ੍ਹਾਂ ਦਿਨਾਂ ਵਿੱਚ ਇਸ ਸਬੰਧੀ ਢਿੱਲ-ਮੱਠ ਵਰਤੀ ਗਈ ਤਾਂ ਬਾਅਦ ਵਿੱਚ ਕੋਈ ਫ਼ਾਇਦਾ ਨਹੀਂ ਹੋਵੇਗਾ ਕਿਉਂਕਿ ਉਦੋਂ ਤੱਕ ਸ਼ਰਾਬ ਦੇ ਜ਼ੋਰ 'ਤੇ ਚੋਣਾਂ ਜਿੱਤਣ ਦੀ ਤਾਕ ਵਿੱਚ ਬੈਠੇ ਰਾਜਨੀਤਕ ਦਲ ਅਤੇ ਪ੍ਰਭਾਵਸ਼ਾਲੀ ਉਮੀਦਵਾਰ ਆਪਣਾ ਸਟਾਕ ਜਮ੍ਹਾ ਕਰ ਚੁੱਕੇ ਹੋਣਗੇ। ਉਨ੍ਹਾਂ ਨੇ ਕਿਹਾ ਕਿ 20 ਅਪ੍ਰੈਲ ਤੱਕ ਇਨ੍ਹਾਂ ਡਿਸਟਿਲਰੀਆਂ ਦੀ ਚੈਕਿੰਗ ਅਤਿ ਮਹੱਤਵਪੂਰਨ ਹੈ।
ਅਮਨ ਅਰੋੜਾ ਨੇ ਚੋਣ ਕਮਿਸ਼ਨ ਨੂੰ ਸੁਝਾਅ ਦਿੱਤੇ ਕਿ ਸਿਵਲ ਪ੍ਰਸ਼ਾਸਨ ਵੱਲੋਂ ਤੁਰੰਤ ਇੱਕ ਮਾਈਕਰੋ ਨਿਗਰਾਨ ਹਰ ਡਿਸਟਿਲਰੀ 'ਤੇ ਨਿਯੁਕਤ ਕੀਤਾ ਜਾਵੇ, ਜੋ ਹਰ ਰੋਜ਼ ਦਾ ਉਤਪਾਦਨ, ਸਟੋਰੇਜ ਅਤੇ ਸ਼ਰਾਬ ਦੀ ਸਪਲਾਈ 'ਤੇ ਬਾਰੀਕੀ ਨਾਲ ਹਿਸਾਬ ਕਿਤਾਬ ਰੱਖੇ। ਅਮਨ ਅਰੋੜਾ ਨੇ ਸ਼ਰਾਬ ਦੀਆਂ ਫ਼ੈਕਟਰੀਆਂ ਅਤੇ ਸਟੋਰਾਂ 'ਚੋਂ ਸ਼ਰਾਬ ਦੀ 24 ਘੰਟੇ ਹੁੰਦੀ ਸਪਲਾਈ ਦੀ ਰਾਤ ਦੀ ਸਪਲਾਈ ਨੂੰ ਪੂਰੀ ਤਰ੍ਹਾਂ ਰੋਕ ਦਿੱਤੇ ਜਾਣ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਸ਼ਾਮ 5 ਵਜੇ ਤੋਂ ਬਾਅਦ ਸ਼ਰਾਬ ਜਾ ਉਤਪਾਦਨ ਬੰਦ ਕੀਤਾ ਜਾਵੇ  ਅਤੇ ਸ਼ਾਮ 6 ਵਜੇ ਤੋਂ ਬਾਅਦ ਸ਼ਰਾਬ ਫ਼ੈਕਟਰੀ ਤੋਂ ਕਿਤੇ ਕੋਈ ਸਪਲਾਈ ਨਾ ਕਰਨ ਦਿੱਤੀ ਜਾਵੇ।
ਅਮਨ ਅਰੋੜਾ ਨੇ ਦਾਅਵਾ ਕੀਤਾ ਕਿ ਚੋਣ ਕਮਿਸ਼ਨ ਉਨ੍ਹਾਂ ਦੇ ਸੁਝਾਅ 'ਤੇ ਸੰਜੀਦਗੀ ਨਾਲ ਅਮਲ ਕਰੇ ਤਾਂ ਸਿਆਸੀ ਲੋਕਾਂ ਵੱਲੋਂ ਵੋਟਰਾਂ ਨੂੰ ਸ਼ਰਾਬ ਨਾਲ ਪ੍ਰਭਾਵਿਤ ਕਰਨ ਦੇ ਰੁਝਾਨ ਨੂੰ ਨੱਥ ਪੈ ਸਕਦੀ ਹੈ।