• Home
  • ਵਿਦੇਸ਼ਾਂ ਚ ਵੱਸਦੇ ਪੰਜਾਬੀਆਂ ਵਿੱਚ ਪੰਜਾਬ ਲਈ ਫ਼ਿਕਰਮੰਦੀ ਵਧੇਰੇ -ਅਮਨ ਖਟਕੜ

ਵਿਦੇਸ਼ਾਂ ਚ ਵੱਸਦੇ ਪੰਜਾਬੀਆਂ ਵਿੱਚ ਪੰਜਾਬ ਲਈ ਫ਼ਿਕਰਮੰਦੀ ਵਧੇਰੇ -ਅਮਨ ਖਟਕੜ

ਲੁਧਿਆਣਾ: (ਖ਼ਬਰ ਵਾਲੇ ਬਿਊਰੋ )-

ਸੱਰੀ(ਕੈਨੇਡਾ )ਆਧਾਰਿਤ ਟੈਲੀਵੀਯਨ ਚੈਨਲ ਪਰਾਈਮ ਏਸ਼ੀਆ ਦੇ ਮੁੱਖ ਕਾਰਜਕਾਰੀ ਪ੍ਰਬੰਧਕ ਤੇ ਚੇਅਰਮੈਨ ਸ਼੍ਰੀ ਅਮਨ ਖਟਕੜ ਨੇ ਬੀਤੀ ਸ਼ਾਮ ਲੋਕ ਵਿਰਾਸਤ ਅਕਾਦਮੀ ਵੱਲੋਂ ਕੀਤੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਸੱਤ ਨਦੀਆਂ ਵਾਲਾ ਸਪਤ ਸਿੰਧੂ ਜਦ ਪੰਜ ਆਬ ਬਣਿਆ ਤਾਂ ਪੰਜਾਬ ਵੰਡਿਆ ਗਿਆ। ਆਜ਼ਾਦੀ ਵੇਲੇ ਫਿਰ ਪੰਜਾਬ ਵਿਚਕਾਰੋਂ ਵੱਢਿਆ ਗਿਆ, ਜਿਸ ਨਾਲ ਦੋਹੀਂ ਪਾਸੀਂ ਸਿਰਫ਼ 10 ਲੱਖ ਪੰਜਾਬੀਆਂ ਦੀਆਂ ਜਾਨਾਂ ਹੀ ਨਹੀਂ ਗਈਆਂ ਸਗੋਂ ਭਾਸ਼ਾ, ਸਾਹਿੱਤ ਤੇ ਸਭਿਆਚਾਰ ਵੀ ਲੀਰੋ ਲੀਰ ਹੋਇਆ।
1966 ਚ ਪੰਜਾਬੀ ਸੂਬਾ ਬਣਾਉਣ ਦੇ ਨਾਮ ਤੇ ਹਿਮਾਚਲ ਖਿੱਤਾ ਕੱਟਿਆ ਗਿਆ। ਹਰਿਆਣਾ ਚ ਪੰਜਾਬੀ ਬੋਲਦੇ ਇਲਾਕੇ ਚਲੇ ਗਏ। ਹਰ ਪਾਸਿਓ ਂ ਪੰਜਾਬ ਨੂੰ ਹੀ ਛਾਂਗਿਆ ਗਿਆ। ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਇਸ ਬਾਰ ਬਾਰ ਹੋ ਰਹੀ ਬਰਬਾਦੀ ਬਾਰੇ ਸੁਚੇਤ ਨਹੀਂ ਹੈ, ਜਦਲਕਿ ਬਦੇਸ਼ਾਂ ਚ ਵੱਸਦੇ ਪੰਜਾਬੀ ਇਸ ਪੰਜਾਬ ਦੀ ਖ਼ੈਰ ਮੰਗਦੇ ਹਨ ਅਤੇ ਇਥੋਂ ਦੀ ਬੋਲੀ ਸਾਹਿੱਤ ਤੇ ਸਭਿਆਚਾਰ ਦੇ ਵਿਕਾਸ ਲਈ ਵਡਮੁੱਲਾ ਹਿੱਸਾ ਪਾਉਂਦੇ ਹਨ। ਉਨ੍ਹਾਂ ਵੱਲੋਂ ਦੋ ਸਾਲ ਪਹਿਲਾਂ ਸ਼ੁਰੂ ਕੀਤਾ ਟੀ ਵੀ ਚੈਨਲ ਪਰਾਈਮ ਏਸ਼ੀਆ ਅਮਰੀਕਾ, ਕੈਨੇਡਾ, ਬਰਿੱਟ ਏਸ਼ੀਆ ਰਾਹੀਂ ਪੂਰੇ ਯੋਰਪ ਅਤੇ ਆਸਟਰੇਲੀਆ, ਨਿਊਜ਼ੀਲੈਂਡ ਤੋਂ ਇਲਾਵਾ ਇੰਟਰਨੈੱਟ ਰਾਹੀਂ ਪੂਰੇ ਵਿਸ਼ਵ ਚ ਵੇਖਿਆ ਜਾ ਰਿਹਾ ਹੈ।
ਸ਼੍ਰੀ ਖਟਕੜ ਨੇ ਕਿਹਾ ਕਿ ਉੱਘੇ ਲੇਖਕਾਂ, ਚਿੰਤਕਾਂ ਤੇ ਬੁੱਧੀਜੀਵੀਆਂ ਦੀ ਨਿਰੰਤਰ ਸੇਧ ਸਦਕਾ ਹੀ ਇਹ ਚੈਨਲ ਵਿਕਾਸ ਕਰ ਸਕਿਆ ਹੈ। ਜਤਿੰਦਰ ਪੰਨੂ, ਵਰਿਆਮ ਸਿੰਘ ਸੰਧੂ ਵਰਗੇ ਸਿਰਕੱਢ ਲੇਖਕ ਲੜੀਵਾਰ ਪ੍ਰੋਗ੍ਰਾਮ ਦੇ ਰਹੇ ਹਨ।
ਜਲੰਧਰ, ਚੰਡੀਗੜ੍ਹ ਤੋਂ ਬਾਅਦ ਪੰਜਾਬ ਦੇ ਕੁਝ ਹੋਰ ਸ਼ਹਿਰਾਂ ਵਿੱਚ ਵੀ ਚੈਨਲ ਦੇ ਸਟੁਡੀਓਜ਼ ਸਥਾਪਤ ਕੀਤੇ ਜਾ ਰਹੇ ਹਨ।
ਉਨ੍ਹਾਂ ਆਖਿਆ ਕਿ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਪ੍ਰੋ: ਗੁਰਭਜਨ ਸਿੰਘ ਗਿੱਲ ਸਾਡੇ ਸਲਾਹਕਾਰ ਬੋਰਡ ਚ ਸ਼ਾਮਿਲ ਹਨ। ਇਸ ਮੌਕੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ,ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਗੁਰਭਜਨ ਗਿੱਲ,ਲਾਈਫ਼ ਲਾਈਨ ਫਾਉਂਡੇਸ਼ਨ ਦੇ ਮੁਖੀ ਤੇ ਪੰਜਾਬੀ ਲੇਖਕ ਇੰਜ: ਜਸਵੰਤ ਜ਼ਫ਼ਰ,ਪੰਜਾਬੀ ਸਾਹਿੱਤ ਅਕਾਡਮੀ ਦੇ ਸਕੱਤਰ ਮਨਜਿੰਦਰ ਧਨੋਆ, ਕਾਰਜਕਾਰੀ ਮੈਂਬਰ ਤੇ ਪੰਜਾਬੀ ਕਵੀ ਤ੍ਰੈਲੋਚਨ ਲੋਚੀ, ਸਰਦਾਰਨੀ ਜਸਵਿੰਦਰ ਕੌਰ ਗਿੱਲ ਤੇ ਪ੍ਰੋ: ਬਲਬੀਰ ਕੌਰ ਪੰਧੇਰ ਨੇ ਅਮਨ ਖਟਕੜ ਨੂੰ ਸਿਰੋਪਾ ਅਤੇ ਗਿਆਰਾਂ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ। ਪੁਸਤਕਾਂ ਵਿੱਚ ਚਰਨਜੀਤ ਸਿੰਘ ਤੇਜਾ ਦਾ ਲਿਖਿਆ ਕਾਇਦਾ ਪਹਿਲੀ ਪੁਸਤਕ, ਲੋਕ ਵਿਰਾਸਤ ਅਕਾਡਮੀ ਦੀ ਪ੍ਰਕਾਸ਼ਨਾ ਸ਼ਗਨਾਂ ਵੇਲਾ ਤੇ ਹਾਜ਼ਰ ਲੇਖਕਾਂ ਦੀਆਂ ਕਿਰਤਾਂ ਸ਼ਾਮਿਲ ਸਨ।
ਪ੍ਰਧਾਨਗੀ ਬੋਲ ਬੋਲਦਿਆਂ ਪ੍ਰੋ: ਰਵਿੰਦਰ ਭੱਠਲ ਨੇ ਕਿਹਾ ਕਿ ਪੰਜਾਬੀ ਸਾਹਿੱਤ ਅਕਾਡਮੀ ਦੇ ਲੇਖਕਾਂ ਵੱਲੋਂ ਪਰਾਈਮ ਏਸ਼ੀਆ ਨੂੰ ਹਰ ਤਰ੍ਹਾਂ ਦਾ ਸਿਰਜਣਾਤਮਕ ਸਹਿਯੋਗ ਦਿੱਤਾ ਜਾਵੇਗਾ। ਜੇਕਰ ਚੈਨਲ ਚਾਹੇ ਤਾਂ ਪੰਦਰਾਂ ਰੋਜ਼ਾ ਸਾਹਿੱਤਕ ਪ੍ਰੋਗ੍ਰਾਮ ਉਲੀਕਿਆ ਜਾ ਸਕਦਾ ਹੈ।
ਜਸਵੰਤ ਜਫ਼ਰ ਤੇ ਬਾਕੀ ਲੇਖਕਾਂ ਨੇ ਵੀ ਚੈਨਲ ਲਈ ਭਵਿੱਖ ਚ ਹੋਰ ਸਰਗਰਮ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ। ਲੋਕ ਵਿਰਾਸਤ ਅਕਾਡਮੀ ਵੱਲੋਂ ਅਮਨ ਖਟਕੜ ਦੁਆਰਾ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਪਹਿਲਾਂ ਸਫ਼ਲ ਕਾਰੋਬਾਰੀ, ਫਿਰ ਫਿਲਮ ਗੋਰਿਆਂ ਨੂੰ ਦਫ਼ਾ ਕਰੋ ਦੇ ਨਿਰਮਾਤਾ ਤੇ ਸਹਿ ਅਭਿਨੇਤਾ ਅਤੇ ਅੰਗਰੇਜ਼ ਤੇ ਅਰਦਾਸ ਵਰਗੀ ਫਿਲਮ ਬਣਾਉਣ ਵਾਲੇ ਅਮਨ ਖਟਕੜ ਨੇ ਚੈਨਲ ਨੂੰ ਵੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਪਰਚਾਰ ਪਰਸਾਰ ਲਈ ਮਜ਼ਬੂਤ ਆਧਾਰ ਢਾਂਚਾ ਤਿਆਰ ਕੀਤਾ ਹੈ। ਇਸ ਦੀ ਜਿੰਨੀ ਸ਼ਲਾਘਾ ਕਰੀਏ ਥੋੜੀ ਹੈ। ਮੇਰਾ ਸੁਭਾਗ ਹੈ ਕਿ ਇਸ ਨੇ ਮੈਨੂੰ ਪਿਛਲੇ ਦੋ ਸਾਲ ਤੋਂ ਸਲਾਹਕਾਰ ਬੋਰਡ ਵਿੱਚ ਸ਼ਾਮਿਲ ਕੀਤਾ ਹੈ।