• Home
  • ਚੋਣਾਂ ਦੌਰਾਨ ਅੰਤਰਰਾਜ਼ੀ ਹੱਦਾਂ ‘ਤੇ ਲਗਾਏ ਜਾਣ ਨਾਕੇ : ਡਿਪਟੀ ਕਮਿਸ਼ਨਰ

ਚੋਣਾਂ ਦੌਰਾਨ ਅੰਤਰਰਾਜ਼ੀ ਹੱਦਾਂ ‘ਤੇ ਲਗਾਏ ਜਾਣ ਨਾਕੇ : ਡਿਪਟੀ ਕਮਿਸ਼ਨਰ

ਮਾਨਸਾ, 06 ਫਰਵਰੀ : ਲੋਕ ਸਭਾ ਚੋਣਾ-2019 ਦੀਆਂ ਤਿਆਰੀਆਂ ਦੇ ਸਬੰਧੀ ਵਿੱਚ ਡਿਪਟੀ ਕਮਿਸ਼ਨਰ ਮਾਨਸਾ ਮਿਸ ਅਪਨੀਤ ਰਿਆਤ ਦੀ ਪ੍ਰਧਾਨਗੀ ਹੇਠ ਸਥਾਨਕ ਬਚਤ ਭਵਨ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਰੱਖੀ ਗਈ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੁਲਿਸ ਵਿਭਾਗ ਨਾਲ ਤਾਲਮੇਲ ਕਰਕੇ ਨਾਜ਼ੁਕ ਪੋਲਿੰਗ ਸਟੇਸ਼ਨਾਂ ਸਬੰਧੀ ਜਾਣਕਾਰੀ ਭੇਜੀ ਜਾਵੇ। ਉਨ੍ਹਾਂ ਨਾਲ ਹੀ ਪੁਲਿਸ ਵਿਭਾਗ ਨੂੰ ਕਿਹਾ ਕਿ ਚੋਣਾਂ ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਅੰਤਰਰਾਜ਼ੀ ਹੱਦਾਂ 'ਤੇ ਨਾਕੇ ਲਗਾਏ ਜਾਣ ਤਾਂ ਜੋ ਚੋਣਾਂ ਦੌਰਾਨ ਬਾਹਰਲੇ ਜ਼ਿਲ੍ਹਿਆਂ ਤੋਂ ਸ਼ਰਾਬ ਜਾਂ ਕਿਸੇ ਹੋਰ ਕਿਸਮ ਦਾ ਨਸ਼ਾ ਜਾਂ ਸਰਾਰਤੀ ਅਨਸਰ ਮਾਹੌਲ ਖ਼ਰਾਬ ਨਾ ਕਰ ਸਕਣ। ਉਨ੍ਹਾਂ ਨਾਲ ਹੀ ਕਿਹਾ ਕਿ ਲੋਕਾਂ ਕੋਲੋਂ ਅਸਲਾ ਵੀ ਜਮ੍ਹਾ ਕਰਵਾਇਆ ਜਾਵੇ।
    ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਮਿਸ ਰਿਆਤ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨਰ ਵੱਲੋਂ ਸੀ-ਵੀਜ਼ਲ ਨਾਮ ਦੀ ਮੋਬਾਇਲ ਐਪ ਵੀ ਤਿਆਰ ਕੀਤੀ ਗਈ ਹੈ। ਇਸ ਐਪ ਰਾਹੀਂ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਕੋਈ ਵੀ ਵਿਅਕਤੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਨ੍ਹਾਂ ਹਦਾਇਤ ਕੀਤੀ ਇਸ ਐਪ ਰਾਹੀਂ ਜਦੋਂ ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਹਨ ਤਾਂ ਤੁੰਰਤ ਉਨ੍ਹਾਂ ਦਾ ਨਿਪਟਾਰਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਨਸ਼ਿਆਂ ਦੀ ਵਿੱਕਰੀ ਅਤੇ ਵਰਤੋਂ 'ਤੇ ਰੋਕ ਲਗਾਉਣ ਲਈ ਸਿਹਤ ਵਿਭਾਗ ਮੈਡੀਕਲ ਸਟੋਰਾਂ ਦੀ ਰੈਗੂਲਰ ਚੈਕਿੰਗ ਯਕੀਨੀ ਬਣਾਉਣਗੇ। ਉਨ੍ਹਾਂ ਸਬੰਧਤ ਅਧਿਕਾਰੀ ਨੂੰ ਕਿਹਾ ਕਿ ਨਜਾਇਜ/ਜਾਇਜ ਸ਼ਰਾਬ ਦੀ ਵੰਡ 'ਤੇ ਰੋਕ ਲਗਾਉਣ ਲਈ ਸ਼ਰਾਬ ਦੇ ਠੇਕਿਆਂ ਦੀ ਰੈਗੂਲਰ ਚੈਕਿੰਗ ਕੀਤੀ ਜਾਵੇ। 
    ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੋਣ ਲੜ ਰਹੇ ਉਮੀਦਵਾਰਾਂ ਦੇ ਖਰਚੇ ਦੀ ਨਿਗਰਾਨੀ ਰੱਖਣ ਲਈ ਵੱਖ-ਵੱਖ ਤਰ੍ਹਾਂ ਦੀਆਂ ਟੀਮਾਂ ਕੰਮ ਕਰਨਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਟੀਮਾਂ ਨੂੰ ਖਰਚਾ ਮੈਨੇਜਮੈਂਟ ਸੈਲ ਦੇ ਨੋਡਲ ਅਫ਼ਸਰ ਵੱਲੋਂ ਲੋੜੀਂਦੀ ਟ੍ਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਉਹ ਆਪਣੇ-ਆਪਣੇ ਹਲਕੇ ਵਿੱਚ ਸਥਾਪਿਤ ਕੀਤੇ ਗਏ ਪੋਲਿੰਗ ਸਟੇਸ਼ਨਾਂ ਦੀ 100 ਫੀਸਦੀ ਪੜਤਾਲ ਕਰਵਾ ਕੇ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣਗੇ। ਉਨ੍ਹਾਂ ਹਦਾਇਤ ਕੀਤੀ ਕਿ ਹਰੇਕ ਪੰਚਾਇਤ/ਵਾਰਡ ਵਿੱਚ ਈ.ਵੀ.ਐਮ. ਅਤੇ ਵੀ.ਵੀ.ਪੈਟ ਸਬੰਧੀ ਜਾਗਰੂਕਤਾ ਕੈਂਪ ਲਗਾਉਣੇ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਸਵੀਪ ਮੁਹਿੰਮ ਤਹਿਤ ਆਮ ਜਨਤਾ ਨੂੰ ਵੋਟਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਕੈਂਪ ਲਗਾਏ ਜਾਣ, ਤਾਂ ਜੋ ਵੱਧ ਤੋਂ ਵੱਧ ਲੋਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ।
    ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਰਾਜੇਸ਼ ਤ੍ਰਿਪਾਠੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਮੀਤ ਸਿੰਘ ਸਿੱਧੂ, ਐਸ.ਪੀ. (ਐਚ) ਸ਼੍ਰੀ ਮੇਜਰ ਸਿੰਘ, ਐਸ.ਡੀ.ਐਮ. ਮਾਨਸਾ ਸ਼੍ਰੀ ਅਭਿਜੀਤ ਕਪਲਿਸ਼, ਐਸ.ਡੀ.ਐਮ. ਸਰਦੂਲਗੜ੍ਹ ਸ਼੍ਰੀ ਲਤੀਫ਼ ਅਹਿਮਦ, ਐਸ.ਡੀ.ਐਮ. ਬੁਢਲਾਡਾ ਸ਼੍ਰੀ ਆਦਿਤਯ ਢੱਚਵਾਲ, ਸਹਾਇਕ ਕਮਿਸ਼ਨਰ (ਜ) ਸ਼੍ਰੀ ਨਵਦੀਪ ਕੁਮਾਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਦਿਨੇਸ਼ ਵਿਸ਼ਿਸ਼ਟ, ਸੈਕਟਰੀ ਜ਼ਿਲ੍ਹਾ ਪ੍ਰੀਸ਼ਦ ਸ਼੍ਰੀ ਜਗਤਾਰ ਸਿੰਘ ਸਿੱਧੂ, ਚੋਣ ਤਹਿਸੀਲਦਾਰ ਸ਼੍ਰੀ ਗੁਰਚਰਨ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਸੁਭਾਸ਼ ਚੰਦਰ ਅਤੇ ਸ਼੍ਰੀ ਨਰਿੰਦਰ ਮੋਹਲ ਮੌਜੂਦ ਸਨ।