• Home
  • ਸ਼ਹੀਦ ਕਰਮਜੀਤ ਸਿੰਘ ਨੂੰ ਉਸਦੇ ਜੱਦੀ ਪਿੰਡ ਜਨੇਰ ਵਿਖੇ ਹਜ਼ਾਰਾਂ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਇਗੀ

ਸ਼ਹੀਦ ਕਰਮਜੀਤ ਸਿੰਘ ਨੂੰ ਉਸਦੇ ਜੱਦੀ ਪਿੰਡ ਜਨੇਰ ਵਿਖੇ ਹਜ਼ਾਰਾਂ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਇਗੀ

ਜਨੇਰ (ਮੋਗਾ) 19 ਮਾਰਚ:
 ਜੰਮੂ ਕਸ਼ਮੀਰ ਦੇ ਰਾਜੌਰੀ ਖੇਤਰ ਵਿੱਚ ਦੁਸ਼ਮਣਾਂ ਵੱਲੋਂ ਕੀਤੀ ਗਈ ਗੋਲਾਬਾਰੀ ਨਾਲ ਬੀਤੇ ਦਿਨ ਸ਼ਹੀਦ ਹੋਏ ਜ਼ਿਲ•ੇ ਦੇ ਪਿੰਡ ਜਨੇਰ ਦੇ ਜਵਾਨ ਸ਼ਹੀਦ ਕਰਮਜੀਤ ਸਿੰਘ ਨੂੰ ਅੱਜ ਹਜ਼ਾਰਾਂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ ਅਤੇ ਉਸ ਦੇ ਜੱਦੀ ਪਿੰਡ ਜਨੇਰ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ 18 ਜੇਏਕੇ ਰੈਜੀਮੈਂਟ ਦੇ ਜਵਾਨਾਂ ਵੱਲੋਂ ਕੈਪਟਨ ਗੋਕੁਲ ਅਸ਼ੋਕ ਦੀ ਅਗਵਾਈ ਹੇਠਂ ਸ਼ਹੀਦ ਨੂੰ ਸਲਾਮੀ ਦਿੱਤੀ ਗਈ। ਸ਼ਹੀਦ ਦੇ ਅੰਤਿਮ ਸੰਸਕਾਰ ਮੌਕੇ ਲੋਕਾਂ ਵੱਲੋਂ 'ਸ਼ਹੀਦ ਕਰਮਜੀਤ ਸਿੰਘ ਅਮਰ ਰਹੇ' ਦੇ ਨਾਅਰੇ ਲਗਾਏ ਗਏ। ਸ਼ਹੀਦ ਦੀ ਚਿਖਾ ਨੂੰ ਅਗਨੀ ਉਸਦੇ ਪਿਤਾ ਅਵਤਾਰ ਸਿੰਘ ਅਤੇ ਵੱਡੇ ਭਰਾ ਨੇ ਦਿਖਾਈ। 24 ਸਾਲਾ ਸ਼ਹੀਦ ਕਰਮਜੀਤ ਸਿੰਘ ਆਪਣੇ ਪਿੱਛੇ ਮਾਤਾ-ਪਿਤਾ, ਵੱਡਾ ਭਰਾ ਤੇ ਵੱਡੀ ਭੈਣ ਛੱਡ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ਹੀਦ ਕਰਮਜੀਤ ਸਿੰਘ ਲਗਭੱਗ 4 ਸਾਲ ਪਹਿਲਾਂ 18 ਜੇਏਕੇ ਰੈਜੀਮੈਂਟ ਵਿੱਚ ਬਤੌਰ ਸਿਪਾਹੀ ਭਰਤੀ ਹੋਇਆ ਸੀ ਅਤੇ ਉਸ ਦਾ ਪਿਤਾ ਸ੍ਰ. ਅਵਤਾਰ ਸਿੰਘ ਅਤੇ ਫੁੱਫੜ ਰੁਪਿੰਦਰ ਸਿੰਘ ਵੀ ਭਾਰਤੀ ਫ਼ੌਜ ਵਿੱਚੋਂ ਸੇਵਾ-ਮੁਕਤ ਹੋਏ ਹਨ।
 ਇਸ ਮੌਕੇ ਜ਼ਿਲ•ਾ ਪ੍ਰਸ਼ਾਸ਼ਨ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ, ਐਸ.ਐਸ.ਪੀ ਅਮਰਜੀਤ ਸਿੰਘ ਬਾਜਵਾ, 18 ਜੇਏਕੇ ਰੈਜੀਮੈਂਟ ਦੇ ਕੈਪਟਨ ਗੋਕੁਲ ਅਸ਼ੋਕ ਅਤੇ ਹੋਰਨਾਂ ਵੱਲੋ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਫ਼ੌਜ਼ ਦੇ ਜਵਾਨ ਅਤੇ ਵੱਡੀ ਗਿਣਤੀ 'ਚ ਇਲਾਕੇ ਦੇ ਲੋਕ ਹਾਜ਼ਰ ਸਨ।