• Home
  • ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋਂ ਪਰਮਿੰਦਰ ਸਿੰਘ ਢੀਂਡਸਾ ਦੀ ਹਮਾਇਤ ਦਾ ਐਲਾਨ

ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋਂ ਪਰਮਿੰਦਰ ਸਿੰਘ ਢੀਂਡਸਾ ਦੀ ਹਮਾਇਤ ਦਾ ਐਲਾਨ

ਸੰਗਰੂਰ, 14 ਮਈ - ਲੋਕ ਸਭਾ ਹਲਕਾ ਸੰਗਰੂਰ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ. ਪਰਮਿੰਦਰ ਸਿੰਘ ਢੀਂਡਸਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ, ਜਦੋਂ  ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਅੱਜ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਬਾਦਸ਼ਾਹਪੁਰ ਅਤੇ ਕੋਆਰਡੀਨੇਟਰ ਜਗਸੀਰ ਸਿੰਘ ਛੀਨੀਵਾਲ ਦੀ ਅਗਵਾਈ ਹੇਠ ਸ. ਢੀਂਡਸਾ ਨੂੰ ਖੁੱਲ੍ਹੀ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸ. ਬਾਦਸ਼ਾਹਪੁਰ ਨੇ ਕਿਹਾ ਕਿ ਹੁਣ ਤੱਕ ਕਿਸਾਨ ਹਿੱਤਾਂ ਲਈ ਜੇਕਰ ਕਿਸੇ ਨੇ ਕੁਝ ਕੀਤਾ ਹੈ ਤਾਂ ਉਹ ਸਿਰਫ਼ ਅਤੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੀ ਸਰਕਾਰ ਨੇ ਕੀਤਾ ਹੈ, ਜਦੋਂਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਕਿਸਾਨਾਂ ਨੂੰ ਝੂਠੇ ਲਾਰਿਆਂ ਵਿੱਚ ਹੀ ਰੱਖਿਆ ਗਿਆ ਹੈ। ਇਹ ਕਾਂਗਰਸ ਸਰਕਾਰ ਦੀ ਕਿਸਾਨਾਂ ਪ੍ਰਤੀ ਬੇਰੁਖੀ ਹੀ ਹੈ ਕਿ ਅੱਜ ਸੂਬੇ ਦੇ ਕਿਸਾਨਾਂ ਵਿਚ ਖੁਦਕਸ਼ੀਆਂ ਦਾ ਰੁਝਾਨ ਪਹਿਲਾਂ ਨਾਲੋਂ ਵੀ ਕਿਤੇ ਜਿਆਦਾ ਵੱਧ ਗਿਆ ਹੈ। ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਹਿੱਤਾਂ ਦੀ ਰਾਖੀ ਲਈ ਪਰਮਿੰਦਰ ਸਿੰਘ ਢੀਂਡਸਾ ਦੀ ਜਿੱਤ ਨੂੰ ਯਕੀਨੀ ਬਣਾਇਆ ਜਾਵੇ। 
ਹਮਾਇਤ ਦੇਣ ਲਈ ਕਿਸਾਨ ਯੂਨੀਅਨ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਸ. ਢੀਂਡਸਾ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਦੀ ਸੋਚ ਹਮੇਸ਼ਾ ਕਿਸਾਨ ਤੇ ਮਜਦੂਰ ਪੱਖੀ ਰਹੀ ਹੈ। ਆਪਣੇ ਪਿਛਲੇ ਕਾਰਜਕਾਲ ਦੌਰਾਨ ਜਿੱਥੇ ਗਠਜੋੜ ਦੀ ਸਰਕਾਰ ਨੇ ਕਿਸਾਨਾਂ ਨੂੰ ਖੇਤੀ ਲਈ ਬਿਜਲੀ ਮੁਫਤ ਕੀਤੀ, ਉੱਥੇ ਹੀ ਗਰੀਬ ਮਜਦੂਰਾਂ ਦੇ ਪਰਿਵਾਰਾਂ ਨੂੰ ਵੀ ਬਿਜਲੀ ਬਿਲਾਂ ਦੀ ਮੁਆਫੀ ਦਿੱਤੀ। ਇਸ ਤੋਂ ਇਲਾਵਾ ਅਨੇਕਾਂ ਹੋਰ ਲੋਕ ਭਲਾਈ ਸਕੀਮਾਂ ਹੀ ਕਿਸਾਨਾਂ ਲਈ ਚਲਾਈਆਂ, ਜਦੋਂਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਹਮੇਸ਼ਾ ਕਿਸਾਨਾਂ ਨੂੰ ਗੁੰਮਰਾਹ ਕਰਕੇ ਵੋਟ ਹਾਸਲ ਕੀਤੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਕੇਂਦਰ ਵਿਚ ਐਨਡੀਏ ਦੀ ਸਰਕਾਰ ਬਣਨ 'ਤੇ ਕਿਸਾਨਾਂ ਅਤੇ ਖੇਤ ਮਜਦੂਰਾਂ ਦੇ ਕਰਜ ਮੁਆਫੀ ਲਈ ਉੱਚੇਚੇ ਯਤਨ ਕੀਤੇ ਜਾਣਗੇ। 
ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂ ਕ੍ਰਿਪਾਲ ਸਿੰਘ ਪੁੰਨਾਵਾਲ ਜਨਰਲ ਸਕੱਤਰ ਪੰਜਾਬ, ਨਿਰਮਲ ਸਿੰਘ ਘਨੌਰ ਬਲਾਕ ਪ੍ਰਧਾਨ ਧੂਰੀ, ਕੁਲਦੀਪ ਸਿੰਘ ਅਮਾਮਗੜ੍ਹ ਬਲਾਕ ਪ੍ਰਧਾਨ ਮਲੇਰਕੋਟਲਾ, ਅਮਰੀਕ ਸਿੰਘ ਬਲਾਕ ਪ੍ਰਧਾਨ ਸੰਗਰੂਰ, ਮੱਘਰ ਸਿੰਘ ਮੀਤ ਪ੍ਰਧਾਨ ਮਲੇਰਕੋਟਲਾ, ਜੀਵਨ ਸਿੰਘ ਭਲਵਾਨ ਬਲਾਕ ਖਜਾਨਚੀ ਧੂਰੀ, ਮਹਿੰਦਰ ਸਿੰਘ ਬੁਗਰਾਂ, ਮਹਿੰਦਰ ਸਿੰਘ ਸਲੇਮਪੁਰ ਬਲਾਕ ਪ੍ਰਧਾਨ ਸ਼ੇਰਪੁਰ, ਦਰਸ਼ਨ ਸਿੰਘ ਬੁਗਰਾ ਮੀਤ ਪ੍ਰਧਾਨ ਧੂਰੀ, ਗੁਰਦੇਵ ਸਿੰਘ ਤੁੰਗਾ ਮੀਤ ਪ੍ਰਧਾਨ ਜ਼ਿਲ੍ਹਾ ਸੰਗਰੂਰ, ਸੁਖਦੇਵ ਸਿੰਘ ਛਾਹੜ, ਸਿਕੰਦਰ ਸਿੰਘ ਵੀ ਹਾਜਰ ਸਨ।