• Home
  • ਸੁਖਦੇਵ ਸਿੰਘ ਪੰਨੂੰ ‘ਦਰੋਣਾਚਾਰੀਆ ਪੁਰਸਕਾਰ’ ਨਾਲ ਸਨਮਾਨਿਤ

ਸੁਖਦੇਵ ਸਿੰਘ ਪੰਨੂੰ ‘ਦਰੋਣਾਚਾਰੀਆ ਪੁਰਸਕਾਰ’ ਨਾਲ ਸਨਮਾਨਿਤ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਅਥਲੈਟਿਕਸ ਕੋਚ ਸੁਖਦੇਵ ਸਿੰਘ ਪੰਨੂੰ ਨੂੰ ਅੱਜ ਭਾਰਤ ਸਰਕਾਰ ਨੇ ਦਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਗੁਰਦਾਸਪੁਰ ਜ਼ਿਲੇ ਦੇ ਪਿੰਡ ਕਿਲਾ ਦੇਸਾ ਸਿੰਘ ਦੇ ਜੰਮਪਲ ਸੁਖਦੇਵ ਸਿੰਘ ਪੰਨੂੰ ਭਾਰਤੀ ਅਥਲੈਟਿਕਸ ਟੀਮ ਦੇ ਛਾਲਾਂ ਦੇ ਫ਼ੀਲਡ ਈਵੈਂਟਾਂ ਦੇ ਕੋਚ ਰਹੇ ਹਨ। ਉਨਾਂ ਦੇ ਤਿਆਰ ਕੀਤੇ 26 ਕੌਮਾਂਤਰੀ ਪੱਧਰ ਦੇ ਐਥਲੀਟਾਂ ਨੇ ਓਲੰਪਿਕ, ਏਸ਼ਿਆਈ, ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਅਤੇ ਕਈ ਤਮਗੇ ਵੀ ਜਿੱਤੇ। ਇਸ ਤੋਂ ਇਲਾਵਾ ਉਨਾਂ ਦੇ ਚਾਰ ਅਥਲੀਟਾਂ ਨੇ ਪੁਰਾਣੇ ਕੌਮੀ ਰਿਕਾਰਡ ਤੋੜ ਕੇ ਨਵੇਂ ਰਿਕਾਰਡ ਕਾਇਮ ਕੀਤੇ। ਸੁਖਦੇਵ ਸਿੰਘ ਪੰਨੂੰ ਨੇ ਪੰਜਾਬੀ ਯੂਨੀਵਰਸਿਟੀ ਤੋਂ ਫਿਜੀਕਲ ਐਜੂਕੇਸ਼ਨ ਵਿੱਚ ਗੋਲਡ ਮੈਡਲ ਨਾਲ ਮਾਸਟਰ ਡਿਗਰੀ ਅਤੇ ਐਨ.ਆਈ.ਐਸ. ਪਟਿਆਲਾ ਤੋਂ ਐਨ.ਆਈ.ਐਸ. ਡਿਪਲੋਮਾ ਕੀਤਾ। 1984 ਵਿੱਚ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਕੋਚ ਵਜੋਂ ਕਰੀਅਰ ਸ਼ੁਰੂ ਕਰਨ ਵਾਲੇ ਕੋਚ ਪੰਨੂੰ ਦੀ ਪਹਿਲੀ ਪੋਸਟਿੰਗ ਮੱਧ ਪ੍ਰਦੇਸ਼ ਸੀ ਅਤੇ ਫੇਰ 1994 ਵਿੱਚ ਲੁਧਿਆਣਾ ਦੀ ਬਦਲੀ ਹੋ ਗਈ ਜਿੱਥੇ ਕਈ ਅਥਲੀਟ ਤਿਆਰ ਕੀਤੇ। 2004 ਵਿੱਚ ਸੀਨੀਅਰ ਭਾਰਤੀ ਅਥਲੈਟਿਕਸ ਟੀਮ ਦੇ ਕੈਂਪ ਵਿੱਚ ਬਤੌਰ ਜੰਪਰ ਕੋਚ ਨਿਯੁਕਤੀ ਹੋਈ ਅਤੇ 30 ਜੂਨ 2015 ਤੱਕ ਸੇਵਾ ਮੁਕਤੀ ਤੱਕ ਕੋਚ ਬਣੇ ਰਹੇ। ਮੌਜੂਦਾ ਸਮੇਂ ਉਹ ਲੁਧਿਆਣਾ ਵਿਖੇ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੇ ਕੋਚ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਕੋਟਲਾ ਸ਼ਾਹੀਆ ਵਿਖੇ 2017 ਵਿੱਚ ਕਮਲਜੀਤ ਖੇਡਾਂ ਮੌਕੇ ਸੁਖਦੇਵ ਸਿੰਘ ਪੰਨੂੰ ਨੂੰ 'ਮਾਝੇ ਦਾ ਮਾਣ' ਐਵਾਰਡ' ਨਾਲ ਸਨਮਾਨਤ ਕੀਤਾ ਗਿਆ ਸੀ।
ਅਥਲੈਟਿਕਸ ਵਿੱਚ ਉਨਾਂ ਦੇ ਕਈ ਸ਼ਾਗਿਰਦਾਂ ਨੇ ਭਾਰਤ ਲਈ ਵੱਡਾ ਨਾਮਣਾ ਖੱਟਿਆ ਹੈ। ਉਨਾਂ ਦੇ ਤਿੰਨ ਸ਼ਾਗਿਰਦ ਅਜੈ ਰਾਜ ਸਿੰਘ (4 ਗੁਣਾਂ 100 ਰਿਲੇਅ ਦੌੜ), ਅੰਮ੍ਰਿਤਪਾਲ ਸਿੰਘ (ਲੰਬੀ ਛਾਲ) ਤੇ ਰਣਜੀਤ ਮਹੇਸ਼ਵਰੀ (ਤੀਹਰੀ ਛਾਲ) ਨੇ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ। ਇਸੇ ਤਰ•ਾਂ ਉਨਾਂ ਦੇ ਸ਼ਾਗਿਰਦ ਅਰਪਿੰਦਰ ਸਿੰਘ ਨੇ ਏਸ਼ਿਆਈ ਖੇਡਾਂ ਵਿੱਚ ਸੋਨੇ ਦਾ ਤਮਗਾ ਅਤੇ ਰਾਸ਼ਟਰਮੰਡਲ ਖੇਡਾਂ ਦੇ ਤੀਹਰੀ ਛਾਲ ਈਵੈਂਟ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਏਸ਼ਿਆਈ ਖੇਡਾਂ ਵਿੱਚ ਉਨਾਂ ਦੇ ਤਿੰਨ ਸ਼ਾਗਿਰਦਾਂ ਰਣਜੀਤ ਮਹੇਸ਼ਵਰੀ ਤੇ ਅਰਪਿੰਦਰ ਸਿੰਘ (ਦੋਵੇਂ ਤੀਹਰੀ ਛਾਲ) ਤੇ ਸ਼ਿਵ ਸ਼ੰਕਰ (ਲੰਬੀ ਛਾਲ) ਵਿੱਚ ਹਿੱਸਾ ਲਿਆ। ਰਣਜੀਤ ਮਹੇਸ਼ਵਰੀ ਨੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗਾ ਅਤੇ ਅਰਪਿੰਦਰ ਸਿੰਘ ਤੇ ਬੀਬੂ ਮੈਥਿਊ ਨਵੇ ਕਾਂਸੀ ਦੇ ਤਮਗ਼ੇ ਜਿੱਤੇ।