• Home
  • ਨਹਿਰੂ-ਗਾਂਧੀ ਤੋਂ ਬਾਅਦ ਹੁਣ ਮੋਦੀ ਦਾ ਪੰਜਾਬ ਪੰਜਾਬੀਅਤ ਦੇ ਹੱਕਾਂ ‘ਤੇ ਡਾਕਾ-ਪੜੋ ਖ਼ਬਰ

ਨਹਿਰੂ-ਗਾਂਧੀ ਤੋਂ ਬਾਅਦ ਹੁਣ ਮੋਦੀ ਦਾ ਪੰਜਾਬ ਪੰਜਾਬੀਅਤ ਦੇ ਹੱਕਾਂ ‘ਤੇ ਡਾਕਾ-ਪੜੋ ਖ਼ਬਰ

ਚੰਡੀਗੜ, (ਖ਼ਬਰ ਵਾਲੇ ਬਿਉਰੋ): ਪੰਜਾਬ ਤੇ ਪੰਜਾਬੀਅਤ ਦੇ ਹੱਕਾਂ 'ਤੇ ਡਾਕਾ ਮਾਰਨ ਲਈ ਸਮੇਂ-ਸਮੇਂ 'ਤੇ ਕੇਂਦਰ ਸਰਕਾਰ ਵਲੋਂ ਤਰਾਂ-ਤਰਾਂ ਦੀਆਂ ਚਾਲਾਂ ਚੱਲੀਆਂ ਗਈਆਂ ਹਨ। ਪਹਿਲਾਂ ਨਹਿਰੂ-ਗਾਂਧੀ ਖ਼ਾਨਦਾਨ ਨੇ ਪੰਜਾਬ ਦੇ ਹੱਕਾਂ 'ਤੇ ਡਾਕਾ ਮਾਰਿਆ ਤੇ ਹੁਣ ਉਸੇ ਰਸਤੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਕੇਂਦਰ ਸਰਕਾਰ ਤੁਰ ਪਈ ਹੈ।

ਪੰਜਾਬ ਤੇ ਹਰਿਆਣਾ ਰਾਜਾਂ ਦੀ ਸਾਂਝੀ ਰਾਜਧਾਨੀ ਵਜੋਂ ਸਥਾਪਤ ਚੰਡੀਗੜ ਸ਼ਹਿਰ ਨੂੰ ਹੋਰਨਾਂ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਸਮਾਨ ਰੁਤਬਾ ਦੇਣ ਸਬੰਧੀ ਪੰਜਾਬੀ ਕਲਚਰਲ ਕੌਸਲ ਨੇ ਕੇਂਦਰ ਅਤੇ ਚੰਡੀਗੜ ਪ੍ਰਸ਼ਾਸਨ ਦੀ ਸਖ਼ਤ ਨਿਖੇਧੀ ਕੀਤੀ ਹੈ।

ਦੂਜੇ ਪਾਸੇ ਪੰਜਾਬੀ ਕਲਚਰਲ ਕੌਸਲ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ, ਸਟੇਟ ਐਵਾਰਡੀ, ਨੇ ਕਿਹਾ ਕਿ ਸਾਂਝੀ ਰਾਜਧਾਨੀ ਦੇ ਮੌਜੂਦਾ ਰੁਤਬੇ ਨੂੰ ਸ਼ੁੱਧ ਕੇਂਦਰੀ ਸ਼ਾਸਤ ਪ੍ਰਦੇਸ਼ ਵਿੱਚ ਬਦਲਣ ਨਾਲ ਪੰਜਾਬ ਦਾ ਚੰਡੀਗੜ ਉੱਤੇ ਸੰਵਿਧਾਨਿਕ ਹੱਕ ਅਤੇ ਦੋਵਾਂ ਰਾਜਾਂ ਦਾ ਸੱਠ ਚਾਲੀ ਦਾ ਅਨੁਪਾਤ ਖਤਮ ਹੋਣਾ ਪੰਜਾਬੀਆਂ ਅਤੇ ਮੁਲਾਜ਼ਮਾਂ ਲਈ ਖਤਰੇ ਦੀ ਘੰਟੀ ਹੈ।
ਉਨਾਂ ਸਮੂਹ ਪੰਜਾਬੀ ਪ੍ਰੇਮੀਆਂ, ਅਫ਼ਸਰਸ਼ਾਹੀ ਅਤੇ ਹੋਰ ਚੇਤੰਨ ਲੋਕਾਂ ਨੂੰ ਕਿਹਾ ਹੈ ਕਿ ਕੇਂਦਰ ਦੇ ਇਸ ਫੈਸਲੇ ਨੂੰ ਬਦਲਣ ਲਈ ਸਭ ਨੂੰ ਮਿਲਕੇ ਚਾਰਾਜੋਈ ਕਰਨੀ ਚਾਹੀਦੀ ਹੈ ਕਿਉਂਕਿ ਚੰਡੀਗੜ ਨੂੰ ਕੇਂਦਰੀ ਸ਼ਾਸ਼ਤ ਇਲਾਕੇ ਵਜੋਂ ਕਦੇ ਵੀ ਤਸਲੀਮ ਨਹੀਂ ਕੀਤਾ ਗਿਆ ਬਲਕਿ ਦੋ ਰਾਜਾਂ ਦੀ ਸਾਂਝੀ ਰਾਜਧਾਨੀ ਵਜੋਂ ਹੀ ਉਸਾਰਿਆ, ਵਿਕਸਿਤ ਕੀਤਾ ਅਤੇ ਸ਼ਾਸ਼ਤ ਕੀਤਾ ਗਿਆ ਹੈ। ਇਸੇ ਕਰ ਕੇ ਹੀ ਪੰਜਾਬ ਦੇ ਰਾਜਪਾਲ ਨੂੰ ਹੀ ਚੰਡੀਗੜ ਦਾ ਪ੍ਰਸ਼ਾਸ਼ਕ ਲਾਇਆ ਜਾਂਦਾ ਹੈ।

ਗਰੇਵਾਲ ਨੇ ਕਿਹਾ ਕਿ ਚੰਡੀਗੜ ਉਪਰੋਂ ਪੰਜਾਬ ਦੇ ਹੱਕ ਨੂੰ ਪੇਤਲਾ ਕਰਨ ਲਈ ਕਈ ਸਾਲ ਪਹਿਲਾਂ ਚਾਲ ਚੱਲੀ ਗਈ ਕਿਉਂਕਿ ਪਹਿਲਾਂ ਇੱਥੋਂ ਦਾ ਪ੍ਰਸ਼ਾਸਕ ਵੀ ਪੰਜਾਬ ਦਾ ਅਧਿਕਾਰੀ ਹੁੰਦਾ ਸੀ ਪਰ ਪੰਜਾਬੀਆਂ ਦੇ ਅਵੇਸਲ਼ੇਪਣ ਕਾਰਨ ਇਹ ਅਸਾਮੀ ਵੀ ਪੰਜਾਬ ਕੋਲੋਂ ਖੁੱਸ ਚੁੱਕੀ ਹੈ।