• Home
  • ‘ਸ਼ਾਹੀ ਫ਼ੌਜੀ’ ਨੇ ਅਸਲੀ ਫ਼ੌਜੀਆਂ ਲਈ ਕੁੱਝ ਨਹੀਂ ਕੀਤਾ-ਹਰਪਾਲ ਸਿੰਘ ਚੀਮਾ

‘ਸ਼ਾਹੀ ਫ਼ੌਜੀ’ ਨੇ ਅਸਲੀ ਫ਼ੌਜੀਆਂ ਲਈ ਕੁੱਝ ਨਹੀਂ ਕੀਤਾ-ਹਰਪਾਲ ਸਿੰਘ ਚੀਮਾ

ਲੋਕਾਂ ਨੇ ਸ਼ਾਹੀ ਫ਼ੌਜੀ ਤੇ ਫ਼ਿਲਮੀ ਫ਼ੌਜੀ ਨੂੰ ਸਬਕ ਸਿਖਾਉਣ ਦਾ ਬਣਾਇਆ ਮਨ

ਚੰਡੀਗੜ੍ਹ,
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਹਮਲਾ ਬੋਲਦਿਆਂ ਕਿਹਾ ਕਿ ਸ਼ਾਹੀ ਪਰਿਵਾਰ ਦੇ 'ਸ਼ਾਹੀ ਫ਼ੌਜੀ' ਨੇ ਅਸਲੀ ਫ਼ੌਜੀਆਂ ਲਈ ਕੱਖ ਨਹੀਂ ਕੀਤਾ, ਜਦਕਿ ਇਹ ਅਸਲੀ ਫ਼ੌਜ ਲੰਮੇ ਸਮੇਂ ਤੋਂ 'ਵਨ ਰੈਂਕ ਵਨ ਪੈਨਸ਼ਨ' (ਓਆਰਓਪੀ) ਸਮੇਤ ਆਪਣੀਆਂ ਹੋਰ ਹੱਕੀ ਮੰਗਾਂ ਬਾਰੇ ਕੇਂਦਰ ਅਤੇ ਸੂਬਾ ਸਰਕਾਰ ਅੱਗੇ ਜੱਦੋ-ਜਹਿਦ ਕਰਦੇ ਆ ਰਹੇ ਹਨ, ਪਰੰਤੂ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਅਸਲੀ ਫ਼ੌਜੀਆਂ-ਸਾਬਕਾ ਫੌਜੀਆਂ ਦੀ ਕਦੇ ਪ੍ਰਵਾਹ ਨਹੀਂ ਕੀਤੀ।
ਗੁਰਦਾਸਪੁਰ 'ਚ ਕੈਪਟਨ ਵੱਲੋਂ ਸ਼ੁਰੂ ਕੀਤੀ ਗਈ 'ਫ਼ਿਲਮੀ ਫ਼ੌਜੀ' ਬਨਾਮ 'ਅਸਲੀ ਫ਼ੌਜੀ' ਚਰਚਾ 'ਤੇ ਬਿਆਨ ਜਾਰੀ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ-ਭਾਜਪਾ ਵੱਲੋਂ ਗੁਰਦਾਸਪੁਰ 'ਚ ਪੈਰਾਸ਼ੂਟ ਰਾਹੀਂ ਉਤਾਰੇ ਗਏ ਫ਼ਿਲਮ ਸਟਾਰ ਸੰਨੀ ਦਿਓਲ 'ਫ਼ਿਲਮੀ ਫ਼ੌਜੀ' ਹਨ, ਇਸ ਵਿਚ ਕੋਈ ਸ਼ੱਕ ਨਹੀਂ। ਇੱਕ ਫ਼ਿਲਮੀ ਕੋਲੋਂ ਅਕਾਲੀ-ਭਾਜਪਾ ਗਠਬੰਧਨ ਵਾਲੀ ਮੋਦੀ ਸਰਕਾਰ ਨੇ ਫੌਜੀਆਂ 'ਤੇ ਰਾਜਨੀਤੀ ਕਰਨ ਤੋਂ ਸਿਵਾ ਇਨ੍ਹਾਂ 5 ਸਾਲਾਂ 'ਚ ਕੁੱਝ ਵੀ ਨਹੀਂ ਕੀਤਾ। ਫ਼ੌਜੀ ਸੈਨਿਕ ਵੀਰਾਂ ਨੂੰ ਸਮਰਪਿਤ ਗੁਰਦਾਸਪੁਰ-ਪਠਾਨਕੋਟ ਦੀ ਸਰਜਮੀਂ ਲਈ ਕੁੱਝ ਕਰ ਦਿਖਾਉਣ ਦੀ ਕੋਈ ਉਮੀਦ ਨਹੀਂ ਕੀਤੀ ਜਾਣੀ ਚਾਹੀਦੀ।
ਇਹ ਗੱਲ ਸਮੁੱਚੇ ਪੰਜਾਬੀਆਂ ਦੇ ਨਾਲ-ਨਾਲ ਗੁਰਦਾਸਪੁਰੀਏ-ਪਠਾਨਕੋਟੀਏ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਉਨ੍ਹਾਂ ਸੰਨੀ ਦਿਓਲ ਨੂੰ ਬੇਰੰਗ ਮੋੜਨ ਦਾ ਮਨ ਬਣਾ ਲਿਆ ਹੈ।
ਚੀਮਾ ਨੇ ਕਿਹਾ ਕਿ ਮੀਆਂ-ਮਿੱਠੂ ਬਣ ਕੇ ਖ਼ੁਦ ਨੂੰ 'ਅਸਲੀ ਫ਼ੌਜੀ' ਦੱਸਣ ਵਾਲੇ ਕੈਪਟਨ ਅਮਰਿੰਦਰ ਸਿੰਘ ਅਸਲ 'ਚ 'ਸ਼ਾਹੀ ਫ਼ੌਜੀ' ਹਨ, ਜੋ ਮਹਿਲਾਂ-ਪਹਾੜਾਂ 'ਤੇ ਰਹਿੰਦੇ ਹਨ ਅਤੇ ਹਵਾ 'ਚ ਉੱਡਦੇ ਹਨ। ਇਸ ਸ਼ਾਹੀ ਫ਼ੌਜੀ ਦਾ ਅਸਲੀ ਫ਼ੌਜੀਆਂ ਨਾਲ ਵੋਟ ਲੈਣ ਤੋਂ ਇਲਾਵਾ ਕੋਈ ਸਰੋਕਾਰ ਨਹੀਂ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਅਸਲੀ ਦੇ ਫ਼ੌਜੀ ਹੁੰਦੇ ਤਾਂ ਉਹ ਫ਼ੌਜੀਆਂ ਅਤੇ ਸਾਬਕਾ ਫੌਜੀਆਂ ਦੀ ਓਆਰਓਪੀ ਸਮੇਤ ਸਾਰੀਆਂ ਮੰਗਾਂ ਲਈ ਕੇਂਦਰ ਸਰਕਾਰ ਨਾਲ ਲਕੀਰ ਖਿੱਚ ਕੇ ਲੜਾਈ ਲੜਦੇ ਅਤੇ ਦਬਾਅ ਬਣਾਉਂਦੇ। ਚੀਮਾ ਨੇ ਕਿਹਾ ਕਿ ਓ.ਆਰ.ਓ.ਪੀ ਦੀ ਮੰਗ ਮੋਦੀ ਸਰਕਾਰ ਦੌਰਾਨ ਹੀ ਪਹਿਲੀ ਵਾਰ ਨਹੀਂ ਉੱਠੀ ਇਹ ਮੰਗ ਪਿਛਲੀ ਯੂਪੀਏ ਸਰਕਾਰ ਸਮੇਂ ਵੀ ਸੀ, ਪਰੰਤੂ ਕੈਪਟਨ ਅਮਰਿੰਦਰ ਸਿੰਘ ਨੇ 'ਅਸਲੀ ਫੌਜੀ' ਵਜੋਂ ਓ.ਆਰ.ਪੀ.ਓ ਦਾ ਮੁੱਦਾ ਨਹੀਂ ਚੁੱਕਿਆ।
ਕੈਪਟਨ ਅਸਲੀ ਫੌਜੀ ਹੁੰਦੇ ਤਾਂ ਸਰਕਾਰ ਵੱਲੋਂ ਫ਼ੌਜੀਆਂ ਅਤੇ ਸਾਬਕਾ ਫ਼ੌਜੀਆਂ ਨੂੰ ਟੋਲ ਪਲਾਜ਼ਾ ਤੋਂ ਛੋਟ ਐਲਾਨ ਕਰਦੇ। ਸੇਵਾ ਮੁਕਤੀ ਉਪਰੰਤ ਸਨਮਾਨਜਨਕ ਨੌਕਰੀਆਂ ਦਿੰਦੇ ਨਾ ਕਿ ਪੈਸਕੋ ਹੱਥੋਂ ਸਾਬਕਾ ਫ਼ੌਜੀਆਂ ਦਾ ਵਿੱਤੀ ਸ਼ੋਸ਼ਣ ਕਰਾਉਂਦੇ।
ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਰਗੇ 'ਫ਼ਰਜ਼ੀ ਫ਼ੌਜੀ' ਨਾਲੋਂ ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਫ਼ੌਜੀਆਂ ਦਾ ਜ਼ਿਆਦਾ ਸਨਮਾਨ ਕਰਦੇ ਹਨ। ਦੇਸ਼ ਲਈ ਕੁਰਬਾਨ ਹੋਣ 'ਤੇ ਸ਼ਹੀਦ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਤੁਰੰਤ ਦਿੰਦੇ ਹਨ। ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੀ ਕਾਇਆ ਕਲਪ ਕਰ ਕੇ ਫ਼ੌਜੀਆਂ ਸਮੇਤ ਹਰੇਕ ਵਰਗ ਦੇ ਬੱਚਿਆਂ ਨੂੰ ਸ਼ਾਨਦਾਰ ਪੜਾਈ ਅਤੇ ਇਲਾਜ ਦੀ ਸਹੂਲਤ ਦਿੰਦੇ ਹਨ।