• Home
  • ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ—!

ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ—!

ਚੰਡੀਗੜ•, (ਖ਼ਬਰ ਵਾਲੇ ਬਿਊਰੋ): ਇਸ ਸਮੇਂ ਭਾਰਤੀ ਕ੍ਰਿਕਟ ਟੀਮ ਇੰਗਲੈਂਡ ਦੌਰੇ 'ਤੇ ਹੈ ਤੇ ਟੈਸਟ ਮੈਚਾਂ ਦੀ ਲੜੀ ਜਾਰੀ ਹੈ। ਇਸ ਲੜੀ ਦੇ ਪੰਜ ਮੈਚ ਹਨ ਤੇ ਚਾਰ ਮੈਚ ਹੋ ਚੁਕੇ ਹਨ। ਪੰਜ ਮੈਚਾਂ ਦੀ ਲੜੀ 'ਤੇ ਇੰਗਲੈਂਡ 3-1 ਨਾਲ ਕਬਜ਼ਾ ਕਰ ਚੁੱਕਾ ਹੈ। ਕੀ ਇੰਗਲੈਂਡ ਇਸ ਲੜੀ 'ਤੇ ਕਬਜ਼ਾ ਕਰਨ ਦਾ ਹੱਕਦਾਰ ਸੀ? ਇਹ ਸਵਾਲ ਸਭ ਦੇ ਜ਼ਿਹਨ 'ਚ ਵਾਰ-ਵਾਰ ਆਉਂਦਾ ਹੈ। ਜਦੋਂ 'ਖ਼ਬਰ ਵਾਲੇ ਟੀਮ' ਨੇ ਚਾਰਾਂ ਮੈਚਾਂ ਦਾ ਸਰਵੇਖਣ ਕੀਤਾ ਤਾਂ ਸਾਹਮਣੇ ਆਇਆ ਕਿ ਭਾਰਤ ਨੇ ਪਹਿਲਾ ਤੇ ਚੌਥਾ ਮੈਚ ਭਾਰਤੀ ਟੀਮ ਦੀ ਕਮਜ਼ੋਰੀ ਕਾਰਨ ਹਾਰੇ ਗਏ ਜਦਕਿ ਇੰਗਲੈਂਡ ਦੋਹਾਂ ਮੈਚਾਂ ਵਿਚ ਬੈਕ ਫ਼ੁਟ 'ਤੇ ਸੀ। ਜੇ ਇਹ ਕਹਿ ਲਈਏ ਕਿ ਭਾਰਤੀ ਬੱਲੇਬਾਜ਼ਾਂ ਨੇ ਦੋਵੇਂ ਮੈਚ ਇੰਗਲੈਂਡ ਦੀ ਝੋਲੀ ਵਿਚ ਪਾ ਦਿਤੇ ਤਾਂ ਕੋਈ ਗ਼ਲਤ ਨਹੀਂ ਹੋਵੇਗਾ। ਭਾਵੇਂ ਕ੍ਰਿਕਟ ਮਾਹਰ ਜਿੰਨਾ ਮਰਜ਼ੀ ਕਹੀ ਜਾਣ ਕਿ ਵਿਕਟ 'ਚ ਨਾ ਸੋਚਣ ਵਾਲਾ ਉਛਾਲ ਸੀ, ਚੌਥੇ-ਪੰਜਵੇਂ ਦਿਨ ਦੀ ਪਿੱਚ ਸੀ ਪਰ ਇਹ ਗੱਲ ਸਭ ਨੂੰ ਮੰਨਣੀ ਪਵੇਗੀ ਕਿ ਦੋਵੇਂ ਮੈਚ ਇਹ ਤਜਰਬੇਕਾਰ ਬੱਲੇਬਾਜ਼ ਦੀ ਘਾਟ ਕਾਰਨ ਹਾਰੇ ਗਏ।
ਪਹਿਲੇ ਦੋ ਮੈਚਾਂ ਵਿਚ ਧੋਨੀ ਦੀ ਜਗ•ਾ ਲੈਣ ਲਈ ਦਿਨੇਸ਼ ਕਾਰਤਿਕ ਨੂੰ ਵਿਕਟਕੀਪਰ/ਬੱਲੇਬਾਜ਼ ਵਜੋਂ ਚੁਣਿਆ ਗਿਆ ਪਰ ਉਹ ਖ਼ਾਸ ਨਹੀਂ ਕਰ ਸਕਿਆ ਜਿਸ ਦੇ ਸਿੱਟੇ ਵਜੋਂ ਤੀਜੇ ਤੇ ਚੌਥੇ ਮੈਚ ਲਈ ਉਸ ਦੀ ਜਗ•ਾ ਰਿਸ਼ਵ ਪੰਤ ਨੂੰ ਦਿਤੀ ਗਈ। ਪਹਿਲਾ ਮੈਚ ਖੇਡ ਰਹੇ ਰਿਸ਼ਵ ਪੰਤ ਨੇ ਮੋਇਨ ਅਲੀ ਨੂੰ ਦੂਜੀ ਗੇਂਦ 'ਤੇ ਛਿੱਕਾ ਮਾਰ ਕੇ ਸਭ ਨੂੰ ਹੈਰਾਨ ਕਰ ਦਿਤਾ ਤੇ ਮੀਡੀਆ ਨੇ ਉਸ ਨੂੰ ਧੋਨੀ ਦਾ ਵਿਕਲਪ ਕਹਿਣਾ ਸ਼ੁਰੂ ਕਰ ਦਿਤਾ ਪਰ ਉਨ•ਾਂ ਨੇ ਇਹ ਨਹੀਂ ਸੋਚਿਆ ਕਿ ਧੋਨੀ ਜਦੋਂ ਕਰੀਜ਼ 'ਤੇ ਆ ਜਾਂਦਾ ਸੀ ਤਾਂ ਉਹ ਸਾਰੀ ਜ਼ਿੰਮੇਵਾਰੀ ਲੈ ਲੈਂਦਾ ਸੀ ਤੇ ਮੈਚ ਜਿਤਾ ਕੇ ਹੀ ਦਮ ਲੈਂਦਾ ਸੀ ਪਰ ਰਿਸ਼ਵ ਪੰਤ ਦੋਹਾਂ ਮੈਚਾਂ ਵਿਚ ਅਜਿਹਾ ਨਹੀਂ ਕਰ ਸਕਿਆ।
ਚੌਥੇ ਮੈਚ ਦੀ ਜੇ ਗੱਲ ਕਰੀਏ ਤਾਂ ਭਾਰਤ ਨੇ ਗੇਂਦਬਾਜ਼ੀ ਵਿਚ ਚੰਗੀ ਸ਼ੁਰੂਆਤ ਕੀਤੀ ਤੇ 89 ਦੌੜਾਂ 'ਤੇ ਇੰਗਲੈਂਡ ਦੀਆਂ 6 ਵਿਕਟਾਂ ਡਿੱਗ ਚੁੱਕੀਆਂ ਸਨ ਪਰ ਉਸ ਤੋਂ ਬਾਅਦ ਭਾਰਤੀ ਕਪਤਾਨ ਨੇ ਗ਼ਲਤ ਨੀਤੀ ਅਪਣਾਈ ਤੇ ਇੰਗਲੈਂਡ 246 ਦੌੜਾਂ ਬਣਾ ਗਿਆ। ਸਭ ਨੂੰ ਆਸ ਸੀ ਕਿ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਵੱਡਾ ਸਕੋਰ ਖੜ•ਾ ਕਰੇਗੀ ਪਰ ਅਜਿਹਾ ਨਾ ਹੋਇਆ। ਚਿਤੇਸਵਰ ਪੁਜਾਰਾ ਤੋਂ ਇਲਾਵਾ ਕਿਸੇ ਬੱਲੇਬਾਜ਼ ਨੇ ਚੰਗੀ ਪਾਰੀ ਨਾ ਖੇਡੀ ਤੇ ਅੰਤ ਪੁਜਾਰਾ ਨੇ ਬੁਮਰਾ ਨਾਲ ਸੰਭਲ-ਸੰਭਲ ਕੇ ਖੇਡਦਿਆਂ 27 ਦੌੜਾਂ ਦੀ ਲੀਡ ਦਿਵਾਈ। ਦੂਜੀ ਪਾਰੀ ਵਿਚ ਗੇਂਦਬਾਜ਼ਾਂ ਨੇ ਫਿਰ ਆਪਣਾ ਕੰਮ ਕੀਤਾ ਤੇ ਇੰਗਲੈਂਡ ਨੇ ਭਾਰਤ ਨੂੰ 245 ਦੌੜਾਂ ਦਾ ਟੀਚਾ ਦਿਤਾ ਪਰ ਸਾਰੇ ਬੱਲੇਬਾਜ਼ ਮਿੱਟੀ ਦੀ ਢੇਰੀ ਵਾਂਗ ਢੇਰ ਹੋ ਗਏ ਤੇ ਸਿੱਟੇ ਵਜੋਂ ਇੰਗਲੈਂਡ 60 ਦੌੜਾਂ ਨਾਲ ਮੈਚ ਜਿੱਤ ਗਿਆ।
ਹੁਣ ਸਵਾਲ ਉਠਦਾ ਹੈ ਕਿ ਆਖ਼ਰ ਅਜਿਹਾ ਕਿਉਂ ਹੋਇਆ? ਕੀ ਭਾਰਤੀ ਬੱਲੇਬਾਜ਼ਾਂ ਕੋਲ ਕਾਬਲੀਅਤ ਨਹੀਂ? ਦਰਅਸਲ ਕਾਬਲੀਅਤ ਦੀ ਕਿਸੇ ਕੋਲ ਘਾਟ ਨਹੀਂ ਹੁੰਦੀ, ਉਸ ਦਾ ਪ੍ਰਦਰਸ਼ਨ ਕਰਨ ਦਾ ਸਮਾਂ ਹੁੰਦਾ ਹੈ। ਚੰਗਾ ਬੱਲੇਬਾਜ਼ ਉਹ ਹੁੰਦਾ ਹੈ ਜਿਹੜਾ ਹਾਰੇ ਹੋਏ ਮੈਚ ਨੂੰ ਜਿਤਾ ਦੇਵੇ। ਲੋਕ ਐਂਵੇ ਨਹੀਂ ਰਾਹੁਲ ਦ੍ਰਾਵਿੜ, ਲਕਸ਼ਮਣ, ਮੁਹੰਮਦ ਕੈਫ਼ ਤੇ ਧੋਨੀ ਨੂੰ ਯਾਦ ਕਰਦੇ। ਇਨ•ਾਂ ਖਿਡਾਰੀਆਂ ਨੇ ਆਪਣੇ ਬਲਬੂਤੇ 'ਤੇ ਕਈ ਮੈਚ ਜਿਤਾਏ। ਬੀਤੇ ਦਿਨ ਜਦੋਂ ਭਾਰਤੀ ਟੀਮ ਚੌਥਾ ਮੈਚ ਹਾਰੀ ਤਾਂ ਹਰੇਕ ਕ੍ਰਿਕਟ ਪ੍ਰਸ਼ੰਸਕ ਕਹਿ ਰਿਹਾ ਸੀ 'ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ, ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ' ਸਭ ਦੇ ਮੂੰਹ 'ਤੇ ਇਹੀ ਸੀ ਕਿ ਜੇਕਰ ਅੱਜ ਟੀਮ 'ਚ ਧੋਨੀ ਹੁੰਦਾ ਤਾਂ ਭਾਰਤ ਨੇ ਲੜੀ 'ਤੇ ਕਬਜ਼ਾ ਕਰ ਲੈਣਾ ਸੀ।