• Home
  • ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਪੰਜਾਬ ਨੂੰ ਜੰਗਲ ਬਚਾਉਣ ਦੀ ਦਿਤੀ ਹਦਾਇਤ

ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਪੰਜਾਬ ਨੂੰ ਜੰਗਲ ਬਚਾਉਣ ਦੀ ਦਿਤੀ ਹਦਾਇਤ

ਚੰਡੀਗੜ•, (ਖ਼ਬਰ ਵਾਲੇ ਬਿਊਰੋ): ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਮਨਿਸਟਰੀ ਆਫ਼ ਇਨਵਾਇਰਮੈਂਟ ਐਂਡ ਫ਼ਾਰੈਸਟ ਨੂੰ ਹਦਾਇਤ ਕੀਤੀ ਹੈ ਕਿ ਉਹ ਪੰਜਾਬ ਵਿਚਲੇ ਜੰਗਲਾਂ ਨੂੰ ਬਚਾਉਣ ਲਈ ਹੀਲੇ ਕਰੇ। ਇਸ ਸਬੰਧੀ ਟ੍ਰਿਬਿਊਨਲ ਨੇ ਮਨਿਸਟਰੀ ਆਫ਼ ਇਨਵਾਇਰਮੈਂਟ ਐਂਡ ਫ਼ਾਰੈਸਟ ਦੇ ਖੇਤਰੀ ਅਫ਼ਸਰ ਨੂੰ ਸੰਮਨ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਇਸ ਸਬੰਧੀ ਆਪਣੀ ਰਿਪੋਰਟ 3 ਜਨਵਰੀ ਤਕ ਟ੍ਰਿਬਿਊਨਲ ਕੋਲ ਪੇਸ਼ ਕਰੇ। ਦਰਅਸਲ ਇਹ ਫ਼ੈਸਲਾ ਡਾ. ਅਮਨਦੀਪ ਸਿੰਘ ਅਗਰਵਾਲ ਦੀ ਪਟੀਸ਼ਨ 'ਤੇ ਆਇਆ ਹੈ ਜਿਸ ਵਿਚ ਦੋਸ਼ ਲਾਇਆ ਗਿਆ ਸੀ ਕਿ ਪੰਜਾਬ ਵਿਚ ਧੜਾਧੜ ਜੰਗਲਾਂ ਦੀ ਕਟਾਈ ਨਾਲ ਹਰਿਆਲੀ ਖ਼ਤਮ ਹੁੰਦੀ ਜਾ ਰਹੀ ਹੈ ਤੇ ਸਰਕਾਰਾਂ ਕੁਝ ਨਹੀਂ ਕਰ ਰਹੀਆਂ। ਜ਼ਿਕਰਯੋਗ ਹੈ ਕਿ ਇਸ ਮੁੱਦੇ ਦਾ ਸੁਪਰੀਮ ਕੋਰਟ ਵਲੋਂ ਪਹਿਲਾਂ ਹੀ ਨੋਟਿਸ ਲਿਆ ਜਾ ਚੁੱਕਾ ਹੈ। ਇਥੇ ਦਸ ਦਈਏ ਕਿ 2001 ਵਿਚ ਪੰਜਾਬ ਦਾ ਦੇਸ਼ 'ਚ ਜੰਗਲਾਂ ਬਾਰੇ 11ਵਾਂ ਦਰਜਾ ਸੀ ਤੇ ਉਸ ਵੇਲੇ ਪੰਜਾਬ 'ਚ 2432 ਸਕੇਅਰ ਕਿਲੋਮੀਟਰ ਜੰਗਲ ਸਨ ਤੇ ਇਸ ਵੇਲੇ ਜੰਗਲਾਂ ਦਾ ਚੌਗਿਰਦਾ ਹੋਰ ਵੀ ਘਟ ਗਿਆ ਹੈ ਜਿਹੜਾ ਮੌਜੂਦਾ ਸਮੇਂ 1772 ਸਕੇਅਰ ਕਿਲੋਮੀਟਰ ਰਹਿ ਗਿਆ ਹੈ। ਟ੍ਰਿਬਿਊਨਲ ਨੇ ਇਸ ਸਬੰਧੀ ਚਿੰਤਾ ਜਤਾਈ ਹੈ ਤੇ ਖੇਤਰੀ ਅਫ਼ਸਰ ਨੂੰ 3 ਜਨਵਰੀ ਤਕ ਜਵਾਬ ਦੇਣ ਦੀ ਹਦਾਇਤ ਕੀਤੀ ਹੈ।