• Home
  • ਸੇਖਵਾਂ ,ਬ੍ਰਹਮਪੁਰਾ ਤੇ ਅਜਨਾਲਾ ਨੇ ਬਾਦਲਾਂ ਖਿਲਾਫ ਦਿੱਤੇ ਬਗਾਵਤ ਦੇ ਸੰਕੇਤ- ਕਿਹਾ ਅਕਾਲੀ ਦਲ ‘ਚ ਸਭ ਕੁਝ ਅੱਛਾ ਨਹੀਂ , ਭਾਜਪਾ ਨਾਲੋਂ ਨਾਤਾ ਤੋੜਨ ਲਈ ਵੀ ਕਿਹਾ

ਸੇਖਵਾਂ ,ਬ੍ਰਹਮਪੁਰਾ ਤੇ ਅਜਨਾਲਾ ਨੇ ਬਾਦਲਾਂ ਖਿਲਾਫ ਦਿੱਤੇ ਬਗਾਵਤ ਦੇ ਸੰਕੇਤ- ਕਿਹਾ ਅਕਾਲੀ ਦਲ ‘ਚ ਸਭ ਕੁਝ ਅੱਛਾ ਨਹੀਂ , ਭਾਜਪਾ ਨਾਲੋਂ ਨਾਤਾ ਤੋੜਨ ਲਈ ਵੀ ਕਿਹਾ

ਅਮ੍ਰਿਤਸਰ  ( ਖ਼ਬਰ ਵਾਲੇ ਬਿਊਰੋ ) ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸੁਖਦੇਵ ਸਿੰਘ ਢੀਂਡਸਾ ਵੱਲੋਂ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣ ਤੋਂ ਬਾਅਦ ਮਾਝੇ ਦੇ ਤਿੰਨ ਆਗੂਆਂ ਵੱਲੋਂ ਅੰਮ੍ਰਿਤਸਰ ਵਿਖੇ ਰੱਖੀ ਗਈ  ਪ੍ਰੈੱਸ ਕਾਨਫਰੰਸ ਚ  ਰਣਜੀਤ ਸਿੰਘ ਬ੍ਰਹਮਪੁਰਾ, ਡਾ: ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਹੈ ਅਤੇ ਉਹ ਸਭ ਅਕਾਲੀ ਦਲ ਦੇ ਸੱਚੇ ਸੁਚੇ ਸਿਪਾਹੀ ਹਨ, ਪਰ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਸਭ ਕੁਝ ਅੱਛਾ ਨਹੀਂ ਹੋ ਰਿਹਾ ।

ਤਿੰਨੇ ਆਗੂਆਂ ਨੇ ਇਸ ਸਮੇਂ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਤੋਂ  ਕਿਨਾਰਾ ਵੱਟਦਿਆਂ ਕਿਹਾ ਉਹ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਹਨ ,ਇਸ ਲਈ ਉਹ ਅਸਤੀਫਾ ਨਹੀਂ ਦੇਣਗੇ ਪਰ ਇਸ ਸਮੇਂ ਉਨ੍ਹਾਂ ਕਿਹਾ ਕਿ ਅਸੀਂ ਇੱਕ ਬੰਦ ਕਮਰਾ ਮੀਟਿੰਗ ਕਰਕੇ ਆਏ ਹਾਂ ਜਿਸ ਚ ਉਨ੍ਹਾਂ  ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਸ੍ਰੋਮਣੀ ਅਕਾਲੀ ਦਲ, ਅਤੇ ਸ੍ਰੋਮਣੀ ਕਮੇਟੀ ਆਦਿ ਸਿਖ ਸੰਸਥਾਵਾਂ ਵਿਚ ਵਿੱਚ  ਹੋ ਰਹੀਆਂ  ਊਣਤਾਈਆਂ ਬਾਰੇ ਵਿਚਾਰਾਂ  ਕੀਤੀਆਂ ਹਨ   ।

ਉਕਤ ਤਿੰਨੇ  ਆਗੂਆਂ ਨੇ ਇੱਕ ਸੁਰ ਚ ਕਿਹਾ ਕਿ  ਉਕਤ ਸੰਸਥਾਵਾਂ ਨੁੰ ਮੁੜ ਲੀਹ 'ਤੇ ਲਿਆਉਣ ਲਈ ਉਹਨਾਂ ਊਣਤਾਈਆਂ ਨੂੰ ਪਾਰਟੀ ਫੋਰਮ 'ਤੇ ਰਖਿਆ ਜਾਵੇਗਾ।  ਪੱਤਰਕਾਰਾਂ ਵੱਲੋਂ ਪਾਰਟੀ ਛੱਡਣ ਦੇ ਪੁੱਛੇ ਸਵਾਲਾਂ ਨੂੰ ਮੁੱਢੋਂ ਨਕਾਰਦਿਆਂ ਕਿਹਾ ਕਿ ਉਹ ਆਪਣੇ ਆਖਰੀ ਸਾਹ ਸ਼੍ਰੋਮਣੀ ਅਕਾਲੀ ਦਲ ਵਿੱਚ ਹੀ ਲੈਣਗੇ ।

ਉਹਨਾਂ ਇਸ ਸਮੇ   ਇਹ ਵੀ ਕਿਹਾ ਕਿ ਪਾਰਟੀ 'ਚ ਕਈ ਪ੍ਰਧਾਨ ਆਏ ਅਤੇ ਗਏ ।ਉਹ ਸਭ ਪਾਰਟੀ ਨਾਲ ਹਨ ਕਿਸੇ ਵਿਸ਼ੇਸ਼ ਵਿਅਕਤੀ ਨਾਲ ਨਹੀ। ਉਨ੍ਹਾਂ ਕਿਹਾ ਕਿ ਪਾਰਟੀ ਦੇ ਜਿਮੇਵਾਰ ਆਗੂਆਂ ਦਾ ਫਰਜ ਬਣਦਾ ਹੈ ਕਿ ਉਹ ਪਾਰਟੀ 'ਚ ਆ ਰਹੀਆਂ ਊਣਤਾਈਆਂ ਬਾਰੇ ਹਾਈ ਕਮਾਨ ਨੂੰ ਜਾਣੂ ਕਰਵਾਉਣ ਅਤੇ ਗਲਤ ਕੰਮਾਂ ਨੁੰ ਰੋਕਣ ।

ਅਕਾਲੀ ਦਲ 'ਚ ਲੀਡਰਸ਼ਿਪ ਦੀ ਤਬਦੀਲੀ ਬਾਰੇ ਸਵਾਲ ਨੂੰ ਹੱਸ ਕੇ ਟਾਲ ਦਿਆਂ ਸ: ਬ੍ਰਹਮਪੁਰਾ ਨੇ ਕਿਹਾ ਕਿ ਪਾਰਟੀ 'ਚ ਜੇ ਕੋਈ ਮਾੜਾ ਅਨਸਰ ਹੋਇਆ ਤਾ ਉਸ ਨੂੰ ਕਢਣ ਬਾਰੇ ਹਾਈ ਕਮਾਨ ਨੁੰ ਕਿਹਾ ਜਾਵੇਗਾ।

ਉਹਨਾਂ ਕਿਹਾ ਕਿ ਸ: ਸੁਖਦੇਵ ਸਿੰਘ ਢੀਂਡਸਾ  ਉਹਨਾਂ ਦੇ ਪਿਆਰੇ ਦੋਸਤ ਅਤੇ ਸੀਨੀਅਰ ਨੇਤਾ ਹਨ, ਉਹਨਾਂ ਦੇ ਉੱਚ ਅਹੁਦਿਆਂ ਤੋਂ ਅਸਤੀਫੇ ਦੇਣੇ   ਪਾਰਟੀ ਲਈ ਇਕ ਝਟਕਾ ਹੈ , ਇਸ ਗਲ ਦਾ ਉਹਨਾਂ ਨੂੰ ਦੁੱਖ ਵੀ ਹੈ। ਉਹਨਾਂ ਦਸਿਆ ਕਿ ਪਾਰਟੀ 'ਚ ਕਈ ਮਾਮਲੇ ਵਿਚਾਰਨਯੋਗ ਹਨ, ਉਹਨਾ ਕਿਹਾ ਕਿ ਅਕਾਲੀ ਦਲ ਦੀ ਮਜਬੂਤੀ ਨਾਲ ਹੀ ਪੰਜਾਬ ਦੀ ਮਜਬੂਤੀ ਹੈ।

ਸ: ਸੇਖਵਾਂ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਉਪਰੰਤ ਸਿਟ ਦੀ ਕਾਇਮੀ 'ਤੇ ਸਵਾਲ ਉਠਾਇਆ ਪਰ ਨਾਲ ਇਹ ਵੀ ਕਿਹਾ ਕਿ ਉਹਨਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਪਾਰਟੀ ਤੋਂ ਉਪਰ   ਹੈ । ਬੇਅਦਬੀ ਦੇ ਦੋਸ਼ੀਆਂ ਨੁੰ ਹਰ ਹਾਲ 'ਚ ਸਜਾ ਮਿਲਣੀ ਚਾਹੀਦੀ ਹੈ। ਸ: ਬ੍ਰਹਮਪੁਰਾ ਨੇ ਮੌਜੂਦਾ ਹਲਾਤ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਅਮਨ ਸਾਂਤੀ ਅਤੇ ਭਾਈਚਾਰਕ ਸਾਂਝ ਦੀ ਮਜਬੂਤੀ ਚਾਹੁੰਦੇ ਹਨ।  ਤਿੰਨੇ ਅਕਾਲੀ ਦਲ ਦੇ ਟਕਸਾਲੀ ਆਗੂਆਂ ਨੇ ਫਿਰ ਇੱਕ ਸੁਰ ਹੋ ਕੇ ਕਿਹਾ ਕਿ ਇਹ ਕੇਦਰ ਦਾ ਚੰਡੀਗੜ ਪ੍ਰਤੀ ਨੋਟੀਫਿਕੇਸ਼ਨ ਪੰਜਾਬ ਦੇ ਕਲੇਮ ਨੂੰ ਕਮਜੋਰ ਕਰਨ ਦੀ ਚਾਲ ਹੈ, ਉਹਨਾਂ ਕਿਹਾ ਕਿ ਅਜਿਹਾ ਕਰ ਕੇ ਕੇਂਦਰ  ਸਰਕਾਰ ਨੇ ਪੰਜਾਬ ਨਾਲ ਧੱਕਾ ਕੀਤਾ ਹੈ, ਜਿਸ ਨੂੰ ਅਕਾਲੀ ਦਲ ਬਰਦਾਸ਼ਤ ਨਹੀਂ ਕਰੇਗਾ ਚਾਹੇ ਇਸ ਲਈ ਅਕਾਲੀ ਭਾਜਪਾ ਦੀ ਭਾਈਵਾਲੀ ਤੋੜਣੀ ਪਵੇ।

ਉਹਨਾਂ ਕਿਹਾ ਕਿ ਪੰਜਾਬ ਦੇ ਹੱਕਾਂ ਲਈ ਅਕਾਲੀ ਦਲ ਪਿਛੇ ਨਹੀਂ ਹਟੇਗਾ। ਉਹਨਾਂ ਦਸਿਆ ਕਿ ਮਾਝੇ ਦੇ ਆਗੂਆਂ ਨੇ ਇਹ ਇਕ ਦਬਾਅ ਗਰੁਪ ਕਾਇਮ ਕੀਤਾ ਹੈ ਅਤੇ ਕਿਸੇ ਚੰਗੇ ਕੰਮ ਲਈ ਦਬਾਅ ਦੀ ਰਾਜਨੀਤੀ ਕੋਈ ਮਾੜੀ ਗਲ ਨਹੀਂ ਹੈ। ਇਸ ਮੌਕੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ, ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਮਨਮੋਹਨ ਸਿੰਘ ਸਠਿਆਲਾ ਆਦਿ ਮੌਜੂਦ ਸਨ।