• Home
  • ਅਭਿਨੇਤਰੀਆਂ ਨੂੰ ਸਤਾਉਣ ਵਾਲਿਆਂ ਨੂੰ ਕੋਈ ਕੁਝ ਨਹੀਂ ਕਹਿੰਦਾ : ਤਨੂਸ਼੍ਰੀ ਦੱਤਾ

ਅਭਿਨੇਤਰੀਆਂ ਨੂੰ ਸਤਾਉਣ ਵਾਲਿਆਂ ਨੂੰ ਕੋਈ ਕੁਝ ਨਹੀਂ ਕਹਿੰਦਾ : ਤਨੂਸ਼੍ਰੀ ਦੱਤਾ

ਮੁੰਬਈ, (ਖ਼ਬਰ ਵਾਲੇ ਬਿਊਰੋ): ਵੈਸੇ ਤਾਂ ਬਾਲੀਵੁੱਡ ਦੇ ਕਈ ਸੰਗੀਨ ਕਿੱਸੇ ਅਕਸਰ ਲੋਕਾਂ ਸਾਹਮਣੇ ਆਉਂਦੇ ਰਹਿੰਦੇ ਹਨ। ਕਦੇ ਕੋਈ ਅਭਿਨੇਤਰੀ ਕਿਸੇ ਅਭਿਨੇਤਾ 'ਤੇ ਦੋਸ਼ ਲਾਉਂਦੀ ਹੈ, ਕਦੇ ਜੂਨੀਅਰ ਐਕਟਰ ਡਾਇਰੈਕਟਰਾਂ ਤੇ ਪ੍ਰਡਿਊਸਰਾਂ 'ਤੇ ਜਿਨਸੀ ਸ਼ੋਸ਼ਣ ਦੇ ਨਾਲ ਨਾਲ ਆਰਥਿਕ ਸ਼ੋਸ਼ਣ ਦੇ ਦੋਸ਼ ਲਾਉਂਦੇ ਹਨ ਪਰ ਕਿਸੇ ਦੀ ਹਿੰਮਤ ਨਹੀਂ ਹੁੰਦੀ ਕਿ ਅਜਿਹੇ ਲੋਕਾਂ ਵਿਰੁਧ ਆਵਾਜ਼ ਉਠਾਵੇ ਕਿਉਂਕਿ ਉਨਾ ਲੋਕਾਂ ਦੀ ਪਹੁੰਚ ਉਪਰ ਤਕ ਹੋਣ ਕਾਰਨ ਕੋਈ ਨਹੀਂ ਕੁਸਕਦਾ।
ਤਾਜ਼ਾ ਖ਼ੁਲਾਸਾ ਫਿਲਮੀ ਪਰਦੇ ਤੋਂ ਦੂਰ ਹੋ ਚੁੱਕੀ ਤਨੂਸ਼੍ਰੀ ਦੱਤਾ ਨੇ ਕੀਤਾ ਹੈ। ਉਹ ਨਾਨਾ ਪਾਟੇਕਰ 'ਤੇ ਖ਼ੂਬ ਵਰੀ ਹੈ। ਦੱਤਾ ਨੇ ਕਿਹਾ ਕਿ ਨਾਨਾ ਦਾ ਇਤਿਹਾਸ ਸਭ ਨੂੰ ਪਤਾ ਹੈ ਕਿ ਉਹ ਮਹਿਲਾਵਾਂ ਤੇ ਅਭਿਨੇਤਰੀਆਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ ਤੇ ਸਹਿ ਕਲਾਕਾਰਾਂ ਲਈ ਗੰਦੀ ਭਾਸ਼ਾ ਦੀ ਵਰਤੋਂ ਕਰਦੇ ਹਨ ਪਰ ਉਨਾਂ ਨੂੰ ਕੋਈ ਕੁਝ ਨਹੀਂ ਕਹਿੰਦਾ।
ਤਨੂੰ ਨੇ ਆਪਣੇ ਪਿਛੋਕੜ ਦੀ ਕਹਾਣੀ ਸੁਣਾਉਦਿਆਂ ਦਸਿਆ ਕਿ ਫਿਲਮ 'ਹੌਰਨ ਓਕੇ ਪਲੀਜ਼' ਦੇ ਸੈਟ 'ਤੇ ਉਸ ਦੇ ਨਾਲ ਨਾਨਾ ਨੇ ਬਦਤਮੀਜ਼ੀ ਕੀਤੀ ਸੀ ਤੇ ਜਿਸ ਤੋਂ ਬਾਅਦ ਉਸ ਨੇ ਨਾਨਾ ਨਾਲ ਡਾਂਸ ਕਰਨ ਤੋਂ ਮਨਾ ਕਰ ਦਿੱਤਾ ਸੀ। ਇਸ ਤੋਂ ਬਾਅਦ ਨਾਨਾ ਨੇ ਦਬਾਅ ਬਣਾਉਣ ਲਈ ਕਈ ਤਰਾਂ ਦੀਆਂ ਚਾਲਾਂ ਚੱਲੀਆਂ ਤੇ ਇਥੋਂ ਤਕ ਕਿ ਗੁੰਡੇ ਵੀ ਬੁਲਾ ਲਏ ਪਰ ਜਦੋਂ ਉਹ ਨਾ ਮੰਨੀ ਤਾਂ ਉਸ ਦੀ ਗੱਡੀ ਤੋੜ ਦਿੱਤੀ ਗਈ।
ਦੱਤਾ ਨੇ ਕਿਹਾ ਕਿ ਅਜਿਹੇ ਲੋਕਾਂ ਕਰ ਕੇ ਹੀ ਉਸ ਦਾ ਫਿਲਮਾਂ ਤੋਂ ਮੋਹ ਭੰਗ ਹੋ ਗਿਆ। ਉਸ ਨੇ ਕਿਹਾ ਕਿ ਇੰਡਸਟਰੀ 'ਚ ਅਜਿਹੇ ਹੋਰ ਵੀ ਲੋਕ ਹਨ ਪਰ ਇਨਾਂ ਵਿਰੁਧ ਕੋਈ ਮੂੰਹ ਨਹੀਂ ਖੋਲਦਾ।