• Home
  • ਚੋਣ ਜ਼ਾਬਤੇ ਦੌਰਾਨ ਪੰਜਾਬ ਚ ਫੜੇ ਗਏ 300 ਕਰੋੜ ਦੇ ਨਸ਼ਿਆਂ ਤੇ ਨਕਦੀ ਦੀਆਂ ਤਾਰਾਂ ਅਕਾਲੀਆਂ ਤੇ ਕਾਂਗਰਸ ਨਾਲ ਜੁੜੀਆਂ ! ਪੜ੍ਹੋ ਹਰਪਾਲ ਚੀਮਾ ਨੇ ਕੀ ਲਗਾਏ ਗੰਭੀਰ ਦੋਸ਼ ?

ਚੋਣ ਜ਼ਾਬਤੇ ਦੌਰਾਨ ਪੰਜਾਬ ਚ ਫੜੇ ਗਏ 300 ਕਰੋੜ ਦੇ ਨਸ਼ਿਆਂ ਤੇ ਨਕਦੀ ਦੀਆਂ ਤਾਰਾਂ ਅਕਾਲੀਆਂ ਤੇ ਕਾਂਗਰਸ ਨਾਲ ਜੁੜੀਆਂ ! ਪੜ੍ਹੋ ਹਰਪਾਲ ਚੀਮਾ ਨੇ ਕੀ ਲਗਾਏ ਗੰਭੀਰ ਦੋਸ਼ ?

ਚੰਡੀਗੜ੍ਹ, 7 ਮਈ 2019
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੱਤਾਧਾਰੀ ਕਾਂਗਰਸ ਅਤੇ ਅਕਾਲੀ-ਭਾਜਪਾ ਲੋਕ ਸਭਾ ਚੋਣਾਂ ਨੂੰ ਪੈਸੇ ਅਤੇ ਨਸ਼ਿਆਂ ਦੇ ਜ਼ੋਰ 'ਤੇ ਜਿੱਤਣਾ ਚਾਹੁੰਦੀ ਹੈ। ਚੋਣ ਜ਼ਾਬਤੇ ਦੌਰਾਨ ਸੂਬੇ 'ਚ ਜ਼ਬਤ ਹੋਏ ਪੌਣੇ 300 ਕਰੋੜ ਦੀ ਡਰੱਗ, ਸ਼ਰਾਬ ਅਤੇ ਨਕਦੀ ਇਸ ਦੋਸ਼ ਦੀ ਪੁਸ਼ਟੀ ਕਰਦੀ ਹੈ। ਇਸ ਲਈ ਆਮ ਆਦਮੀ ਪਾਰਟੀ (ਆਪ) ਜਿੱਥੇ ਪੰਜਾਬ ਦੇ ਲੋਕਾਂ ਖ਼ਾਸ ਕਰਕੇ ਮਾਵਾਂ-ਭੈਣਾਂ ਨੂੰ ਅਪੀਲ ਕਰਦੀ ਹੈ ਕਿ ਉਹ ਪੈਸੇ, ਦਾਰੂ ਅਤੇ ਹੋਰ ਨਸ਼ਿਆਂ ਦੇ ਜ਼ੋਰ 'ਤੇ ਵੋਟਾਂ ਲੁੱਟਣ ਵਾਲਿਆਂ ਵਿਰੁੱਧ ਡਟ ਕੇ ਵੋਟਾਂ ਪਾਓ ਅਤੇ ਆਪਣੇ ਧੀਆਂ-ਪੁੱਤਾਂ ਦੇ ਨਾਲ ਨਾਲ ਲੋਕਤੰਤਰ ਨੂੰ ਇਨ੍ਹਾਂ ਸਿਆਸੀ ਲੁਟੇਰਿਆਂ ਤੋਂ ਬਚਾਓ।
ਚੀਮਾ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ 10 ਮਾਰਚ ਤੋਂ ਲੈ ਕੇ ਲੰਘੀ 5 ਮਈ ਤੱਕ ਦੇ ਅੰਕੜਿਆਂ ਮੁਤਾਬਿਕ ਸੂਬੇ 'ਚ 275 ਕਰੋੜ ਰੁਪਏ ਦੀ ਦਾਰੂ, ਡਰੱਗ ਅਤੇ ਨਕਦ ਰਕਮ ਫੜੀ ਗਈ ਹੈ। ਜਿਸ 'ਚ 9.1 ਕਰੋੜ ਰੁਪਏ ਦੀ 12 ਲੱਖ 28 ਹਜ਼ਾਰ 781 ਲੀਟਰ ਸ਼ਰਾਬ, 212 ਕਰੋੜ ਰੁਪਏ ਦੀ 7668 ਕਿੱਲੋ ਡਰੱਗ, 30.99 ਕਰੋੜ ਰੁਪਏ ਦੀ ਨਕਦੀ ਅਤੇ 21.95 ਕਰੋੜ ਰੁਪਏ ਦਾ ਸੋਨਾ ਅਤੇ ਚਾਂਦੀ ਜ਼ਬਤ ਕੀਤਾ ਗਿਆ ਹੈ।
ਚੀਮਾ ਨੇ ਇਹ ਸਮਗਰੀ ਜ਼ਬਤ ਕਰਨ ਵਾਲੇ ਪੁਲਿਸ ਅਧਿਕਾਰੀਆਂ-ਕਰਮਚਾਰੀਆਂ ਅਤੇ ਹੋਰ ਸੰਬੰਧਿਤ ਅਫ਼ਸਰਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਭਾਰੀ ਸਿਆਸੀ ਦਬਾਅ ਦੇ ਬਾਵਜੂਦ ਅਜਿਹਾ ਫ਼ਰਜ਼ ਨਿਭਾਉਣਾ ਵੱਡੀ ਗੱਲ ਹੈ, ਪਰੰਤੂ ਫਿਰ ਇਸ ਤੋਂ ਕਈ ਗੁਣਾ ਜ਼ਿਆਦਾ ਨਸ਼ੇ, ਦਾਰੂ ਅਤੇ ਨਕਦੀ ਵੋਟਾਂ ਲਈ ਏਧਰੋਂ-ਉੱਧਰ ਜਾ ਰਹੀ ਹੈ, ਜੋ ਪਕੜ ਤੋਂ ਬਾਹਰ ਹੈ ਅਤੇ ਉਸ ਨੂੰ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਵਰਤਿਆ ਜਾਵੇਗਾ।
ਚੀਮਾ ਨੇ ਮੰਗ ਕੀਤੀ ਕਿ ਫੜੀ ਗਈ ਨਕਦੀ ਅਤੇ ਨਸ਼ਾ ਸਮਗਰੀ ਦੀ ਜੇਕਰ ਬਾਰੀਕੀ ਨਾਲ ਜਾਂਚ ਹੋਵੇ ਤਾਂ ਇਸ ਦੀਆਂ ਤਾਰਾਂ ਅਕਾਲੀ-ਭਾਜਪਾ ਅਤੇ ਸੱਤਾਧਾਰੀ ਕਾਂਗਰਸੀਆਂ ਅਤੇ ਇਨ੍ਹਾਂ ਦੇ ਸਿਆਸੀ ਏਜੰਟਾਂ ਨਾਲ ਜੁੜਨਗੀਆਂ। ਪਰੰਤੂ ਸਵਾਲ ਇਹ ਹੈ ਕਿ ਜਾਂਚ ਕਰਵਾਏਗਾ ਕੌਣ?
ਚੀਮਾ ਅਨੁਸਾਰ ਮਹਿਲਾਂ ਅਤੇ ਏੇ.ਸੀ ਕਮਰਿਆਂ 'ਚ ਬੈਠੇ ਬੈਠੇ ਸੌਖੀ ਜਿੱਤ ਦੇ ਸੁਪਨੇ ਲੈ ਰਹੇ ਸਨ ਪਰੰਤੂ ਜਦ ਅਕਾਲੀ ਤੇ ਕਾਂਗਰਸੀ ਲੋਕਾਂ ਦੀ ਕਚਹਿਰੀ 'ਚ ਗਏ ਤਾਂ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਲਈ ਇਨ੍ਹਾਂ ਦਾ ਸਾਰਾ ਜ਼ੋਰ ਨਸ਼ਿਆਂ ਅਤੇ ਪੈਸੇ ਦੇ ਦਮ 'ਤੇ ਚੋਣਾਂ ਜਿੱਤਣਾ ਚਾਹੁੰਦੇ ਹਨ।