• Home
  • ਚੋਣਾਂ ਦੌਰਾਨ ਸ਼ਰਾਬ ਦੀ ਦੁਰਵਰਤੋਂ ਨੂੰ ਰੋਕਣ ਲਈ 10 ਟੀਮਾਂ ਦਾ ਕੀਤਾ ਗਠਨ– ਨਾਕੇ ਲਗਾਕੇ ਦਿਨ-ਰਾਤ ਕੀਤੀ ਜਾ ਰਹੀ ਹੈ ਚੈਕਿੰਗ-ਆਈ.ਜੀ

ਚੋਣਾਂ ਦੌਰਾਨ ਸ਼ਰਾਬ ਦੀ ਦੁਰਵਰਤੋਂ ਨੂੰ ਰੋਕਣ ਲਈ 10 ਟੀਮਾਂ ਦਾ ਕੀਤਾ ਗਠਨ– ਨਾਕੇ ਲਗਾਕੇ ਦਿਨ-ਰਾਤ ਕੀਤੀ ਜਾ ਰਹੀ ਹੈ ਚੈਕਿੰਗ-ਆਈ.ਜੀ

ਬਠਿੰਡਾ, 13 ਮਾਰਚ : ਕੁਲੈਕਟਰ (ਆਬਕਾਰੀ)-ਕਮ-ਉਪ ਆਬਕਾਰੀ ਤੇ ਕਰ ਕਮਿਸ਼ਨਰ ਫ਼ਰੀਦਕੋਟ ਮੰਡਲ, ਸ਼੍ਰੀ ਤੇਜਬੀਰ ਸਿੰਘ ਸਿੱਧੂ ਨੇ ਬਾਹਰਲੇ ਰਾਜਾਂ ਤੋਂ ਸਮਗਲ ਹੋ ਕੇ ਆਉਣ ਵਾਲੀ ਸ਼ਰਾਬ ਨੂੰ ਠੱਲ ਪਾਉਣ ਲਈ ਇੰਸਪੈਕਟਰ ਜਨਰਲ (ਆਈ.ਜੀ.) ਬਠਿੰਡਾ ਰੇਂਜ ਸ਼੍ਰੀ ਐਮ.ਐਫ਼. ਫਾਰੂਕੀ ਅਤੇ ਐਸ.ਐਸ.ਪੀ. ਡਾ. ਨਾਨਕ ਸਿੰਘ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ।  ਮੀਟਿੰਗ ਦੌਰਾਨ ਸ਼੍ਰੀ ਤੇਜਬੀਰ ਸਿੰਘ ਸਿੱਧੂ ਦੱਸਿਆ ਕਿ ਪੰਜਾਬ ਵਿੱਚ ਬਾਹਰਲੇ ਰਾਜਾਂ ਤੋਂ ਸਮਗਲ ਹੋ ਕੇ ਆਉਣ ਵਾਲੀ ਸ਼ਰਾਬ ਨੂੰ ਸਖ਼ਤੀ ਨਾਲ ਠੱਲ ਪਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਉਪ ਆਬਕਾਰੀ ਤੇ ਕਰ ਕਮਿਸ਼ਨਰ, ਫਰੀਦਕੋਟ ਮੰਡਲ ਅਤੇ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਜ਼ਿਲੇ ਅੰਦਰ ਆਉਂਦੇ ਮੁੱਖ ਰਸਤਿਆਂ ਅਤੇ ਗੁਪਤ ਰਸਤਿਆਂ ਬਾਰੇ ਚਰਚਾ ਕੀਤੀ ਗਈ। ਉਨਾਂ ਕਿਹਾ ਕਿ ਇਨਾਂ ਰਸਤਿਆਂ 'ਤੇ ਪੱਕੇ ਤੌਰ 'ਤੇ ਨਾਕੇ ਲਗਾਕੇ ਸੀਲ ਕਰਨ ਦੇ ਨਾਲ-ਨਾਲ ਪੂਰੀ ਚੌਕਸੀ ਰੱਖੀ ਜਾਵੇਗੀ।  ਆਈ.ਜੀ. ਸ਼੍ਰੀ ਫਾਰੂਕੀ ਵਲੋਂ ਦੱਸਿਆ ਗਿਆ ਕਿ ਪੁਲਿਸ ਵਿਭਾਗ ਵਲੋਂ ਜ਼ਿਲੇ ਭਰ ਵਿੱਚ ਹਰਿਆਣਾ ਅਤੇ ਚੰਡੀਗੜ ਤੋਂ ਸ਼ਰਾਬ ਦੀ ਸਮਗਲਿੰਗ ਨੂੰ ਰੋਕਣ ਲਈ ਪੁਲਿਸ ਵਲੋਂ ਕੁੱਲ 25 ਨਾਕੇ ਲਗਾਕੇ ਲਗਾਤਾਰ ਦਿਨ-ਰਾਤ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਇਨਾਂ ਨਾਕਿਆਂ 'ਤੇ ਪੈਰਾ-ਮਿਲਟਰੀ ਫੋਰਸਜ਼ ਦੀ ਵੀ ਤੈਨਾਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਆਬਕਾਰੀ ਵਿਭਾਗ ਅਤੇ ਪੁਲਿਸ ਵਿਭਾਗ ਦੀਆਂ ਜੁਆਇੰਟ ਟੀਮਾਂ ਵਲੋਂ ਵੀ ਚੈਕਿੰਗ ਕੀਤੀ ਜਾਵੇਗੀ। ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਸ਼੍ਰੀ ਆਰ.ਕੇ. ਮਲਹੋਤਰਾ ਨੇ ਦੱਸਿਆ ਕਿ ਚੋਣਾਂ ਦੌਰਾਨ ਸ਼ਰਾਬ ਦੀ ਦੁਰਵਰਤੋਂ ਨੂੰ ਰੋਕਣ ਲਈ ਵਿਭਾਗ ਵਲੋਂ 10 ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਨਾਂ ਦਾ ਨੋਡਲ ਅਫ਼ਸਰ ਆਬਕਾਰੀ ਤੇ ਕਰ ਅਫ਼ਸਰ (ਆਬਕਾਰੀ) ਸ਼੍ਰੀ ਕੁਲਵਿੰਦਰ ਵਰਮਾ ਨੂੰ ਲਗਾਇਆ ਗਿਆ ਹੈ। ਇਹ ਟੀਮਾਂ ਨਾਕਿਆਂ ਤੋਂ ਇਲਾਵਾ ਮੋਬਾਈਲ ਚੈਕਿੰਗ ਅਤੇ ਸ਼ਰਾਬ ਦੀ ਬਲੈਕ ਕਰਨ ਵਾਲਿਆਂ 'ਤੇ ਤਿੱਖੀ ਨਜ਼ਰ ਰੱਖਣਗੀਆਂ। ਉਨਾਂ ਦੱਸਿਆ ਕਿ ਮੋਬਾਈਲ ਵਿੰਗ ਬਠਿੰਡਾ ਅਤੇ ਮੋਬਾਈਲ ਵਿੰਗ ਫ਼ਰੀਦਕੋਟ ਦੀਆਂ ਟੀਮਾਂ ਵੀ ਆਬਕਾਰੀ ਚੈਕਿੰਗ ਲਈ ਵਿਸ਼ੇਸ਼ ਤੌਰ 'ਤੇ ਲਗਾਈਆਂ ਗਈਆਂ ਹਨ। ਉਨਾਂ ਦੱਸਿਆ ਕਿ ਜ਼ਿਲਾ ਬਠਿੰਡਾ ਵਿਚ ਫਰਵਰੀ 2019 ਤੱਕ 1.09 ਲੱਖ ਲੀਟਰ ਸ਼ਰਾਬ ਅਤੇ 150 ਕੁਇੰਟਲ ਲਾਹਣ ਜ਼ਬਤ ਕੀਤੇ ਗਏ ਹਨ। ਉਨਾਂ ਕਿਹਾ ਕਿ ਸ਼ਰਾਬ ਦੀ ਸਮਗਲਿੰਗ ਦੇ ਕੁੱਲ 991 ਪਰਚੇ ਦਰਜ ਕਰਵਾਏ ਹਨ। ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਚੈਕਿੰਗ ਦੌਰਾਨ 3 ਕੇਸਾਂ ਵਿੱਚ 84 ਡੱਬੇ ਦੇਸੀ ਸ਼ਰਾਬ ਅਤੇ 7 ਬੋਤਲਾਂ ਅੰਗਰੇਜ਼ੀ ਸ਼ਰਾਬ ਫੜਕੇ ਐਫ਼.ਆਈ.ਆਰ. ਦਰਜ ਕਰਵਾਈ ਗਈ ਹੈ।  ਬੈਠਕ ਦੌਰਾਨ ਸ਼੍ਰੀ ਐਮ.ਐਫ਼. ਫਾਰੂਕੀ ਅਤੇ ਡਾ. ਨਾਨਕ ਸਿੰਘ ਨੇ ਭਰੋਸਾ ਦਵਾਉਂਦਿਆਂ ਕਿਹਾ ਕਿ ਚੋਣਾਂ ਦੌਰਾਨ ਸ਼ਰਾਬ ਦੇ ਸਮਗਲਰਾਂ ਅਤੇ ਨਜਾਇਜ਼ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ, ਤਾਂ ਜੋ ਚੋਣਾਂ ਦੌਰਾਨ ਸ਼ਰਾਬ ਦੀ ਦੁਰਵਰਤੋਂ ਨਾ ਹੋ ਸਕੇ।