• Home
  • ਇਤਿਹਾਸਕ ਪਿਰਤ:-ਪ੍ਰਵਾਸੀ ਪੰਜਾਬੀਆਂ ਦੀ ਮਦਦ ਨਾਲ “ਮਾਲੂ ਦੀ ਖੂਹੀ” ਦੇ ਭਾਗ ਮੁੜ ਜਾਗੇ

ਇਤਿਹਾਸਕ ਪਿਰਤ:-ਪ੍ਰਵਾਸੀ ਪੰਜਾਬੀਆਂ ਦੀ ਮਦਦ ਨਾਲ “ਮਾਲੂ ਦੀ ਖੂਹੀ” ਦੇ ਭਾਗ ਮੁੜ ਜਾਗੇ

ਡਰੇਨੇਜ ਵਿਭਾਗ ਅਨੁਸਾਰ ਪੁਲ ਬਣਾਉਣ ਦੀ ਕੋਈ ਮਨਜ਼ੂਰੀ ਨਹੀਂ
ਗੁਰੂਸਰ ਸੁਧਾਰ / ਗਿੱਲ
ਬੋਪਾਰਾਏ ਕਲਾਂ ਦੇ ਪਿੰਡ ਵਾਸੀਆਂ ਨੇ ਵਿਦੇਸ਼ਾਂ ਵਿਚ ਜਾ ਵਸੇ ਪੰਜਾਬੀਆਂ ਦੀ ਮਦਦ ਨਾਲ ਇਤਿਹਾਸਕ "ਮਾਲੂ ਦੀ ਖੂਹੀ" ਨਾਲ ਜੁੜੀਆਂ ਯਾਦਾਂ ਨੂੰ ਮੁੜ ਸਾਕਾਰ ਕਰਨ ਲਈ ਲਾਗਿਓਂ ਲੰਘਦੀ ਸੇਮ ਉੱਪਰ ਲੱਖਾਂ ਰੁਪਏ ਖ਼ਰਚ ਕਰ ਕੇ ਪੁਲ ਬਣਾਉਣ ਦਾ ਉਪਰਾਲਾ ਅਰੰਭ ਦਿੱਤਾ ਹੈ। ਪਿੰਡ ਬੋਪਾਰਾਏ ਕਲਾਂ ਦੇ ਸਾਬਕਾ ਸਰਪੰਚ ਕੁਲਵੰਤ ਸਿੰਘ ਦੀ ਅਗਵਾਈ ਵਿਚ ਬਣੀ ਇੱਕ ਕਮੇਟੀ ਵੱਲੋਂ ਅੱਜ ਸੇਮ ਉੱਪਰ ਪੁਲ ਦੀ ਉਸਾਰੀ ਦਾ ਅਰੰਭ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਰਕਬਾ ਦੇ ਮੁੱਖ ਸੇਵਾਦਾਰ ਨਿਹੰਗ ਮੁਖੀ ਜਥੇਦਾਰ ਜੁਗਿੰਦਰ ਸਿੰਘ ਨੇ ਅਰਦਾਸ ਉਪਰੰਤ ਟੱਕ ਲਾ ਕੇ ਕੀਤਾ, ਇਸ ਮੌਕੇ ਗੁਰਦੁਆਰਾ ਸ਼੍ਰੀ ਸੱਚਖੰਡ ਸਾਹਿਬ ਬੋਪਾਰਾਏ ਕਲਾਂ ਦੇ ਮੁੱਖ ਸੇਵਾਦਾਰ ਮਹੰਤ ਕਪੂਰ ਸਿੰਘ ਵੀ ਮੌਜੂਦ ਸਨ।
ਇਸ ਪੁਲ ਦੀ ਉਸਾਰੀ ਕਰਨ ਵਾਲੀ ਕਮੇਟੀ ਦੇ ਮੁਖੀ ਸਾਬਕਾ ਸਰਪੰਚ ਕੁਲਵੰਤ ਸਿੰਘ, ਗੁਰਿੰਦਰ ਸਿੰਘ ਸੰਘੇੜਾ, ਗੁਰਮੇਲ ਸਿੰਘ, ਪਿਆਰ ਸਿੰਘ, ਆਤਮਾ ਸਿੰਘ ਫ਼ੌਜੀ, ਰਘਵੀਰ ਸਿੰਘ, ਦਰਸ਼ਨ ਸਿੰਘ, ਸਾਧੂ ਸਿੰਘ, ਹਰਦੇਵ ਸਿੰਘ, ਅਤੇ ਸੰਤੋਖ ਸਿੰਘ ਸਮੇਤ ਮੌਜੂਦ ਹੋਰ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਅਮਰੀਕਾ ਵੱਸਦੇ ਮੇਜਰ ਸਿੰਘ ਦਿਉਲ ਦੇ ਪਰਿਵਾਰ ਨੇ ਪੁਲ ਦੀ ਉਸਾਰੀ ਲਈ ਤਿੰਨ ਲੱਖ ਰੁਪਏ ਦਾਨ ਕੀਤੇ ਹਨ। ਮੌਕੇ 'ਤੇ ਹੀ ਦਰਸ਼ਨ ਸਿੰਘ ਚੋਪੜਾ ਦੇ ਪਰਿਵਾਰ ਵੱਲੋਂ ਇੱਕ ਲੱਖ ਇੱਕ ਹਜ਼ਾਰ ਰੁਪਏ, ਪਿਆਰਾ ਸਿੰਘ ਵੱਲੋਂ ਵੀਹ ਹਜ਼ਾਰ ਰੁਪਏ ਅਤੇ ਗੁਰਮੇਲ ਸਿੰਘ ਵੱਲੋਂ ਗਿਆਰਾਂ ਹਜ਼ਾਰ ਰੁਪਏ ਦਿੱਤੇ ਗਏ। ਇਸ ਤੋਂ ਇਲਾਵਾ ਹੋਰ ਵੀ ਪਿੰਡ ਵਾਸੀਆਂ ਵੱਲੋਂ ਖੁੱਲ੍ਹੇ ਦਿਲ ਨਾਲ ਸਹਾਇਤਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਬਠਿੰਡਾ ਰਾਜ ਮਾਰਗ ਉੱਪਰ "ਮਾਲੂ ਦੀ ਖੂਹੀ" ਅੱਧੀ ਸਦੀ ਤੱਕ ਰਾਹਗੀਰਾਂ ਦੀ ਪਿਆਸ ਬੁਝਾਉਂਦੀ ਰਹੀ ਹੈ, ਭਾਵੇਂ ਹੁਣ ਖੂਹੀ ਦਾ ਤਾਂ ਨਾਮੋ-ਨਿਸ਼ਾਨ ਮਿਟ ਚੁੱਕਾ ਹੈ ਪਰ ਉਸ ਨਾਲ ਜੁੜੀਆਂ ਯਾਦਾਂ ਅੱਜ ਵੀ ਤਾਜ਼ਾ ਹਨ। ਡਰੇਨੇਜ ਵਿਭਾਗ ਤੋਂ ਪੁਲ ਬਣਾਉਣ ਦੀ ਮਨਜ਼ੂਰੀ ਲੈਣ ਸਬੰਧੀ ਸਰਪੰਚ ਕੁਲਵੰਤ ਸਿੰਘ ਨੇ ਕਿਹਾ ਕਿ ਮੰਡੀ ਬੋਰਡ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਹੋ ਚੁੱਕੀ ਹੈ।
ਇਸ ਪੁਲ ਦੇ ਬਣਨ ਨਾਲ ਪਿੰਡ ਵਾਸੀਆਂ ਤੋਂ ਇਲਾਵਾ ਕਰੀਬ ਅੱਧੀ ਦਰਜਨ ਪਿੰਡਾਂ ਦੇ ਲੋਕਾਂ ਨੂੰ ਤਾਂ ਵੱਡੀ ਰਾਹਤ ਮਿਲੇਗੀ ਪਰ ਲਾਗੇ ਹੀ ਬਣੇ ਟੋਲ ਪਲਾਜ਼ਾ ਚਲਾਉਣ ਵਾਲੀ ਕੰਪਨੀ ਲਈ ਇਹ ਪੁਲ ਵੱਡੀ ਸਿਰਦਰਦੀ ਬਣਨ ਦੀ ਸੰਭਾਵਨਾ ਹੈ। ਭਾਰੀ ਗੱਡੀਆਂ ਭਾਵੇਂ ਨਾ ਸਹੀ ਪਰ ਛੋਟੀਆਂ ਗੱਡੀਆਂ ਇਸ ਪੁਲ ਤੋਂ ਬਿਨਾਂ ਟੋਲ ਅਦਾਇਗੀ ਦੇ ਲੰਘਣਗੀਆਂ। ਇਸੇ ਕਾਰਨ ਸੜਕ ਦੇ ਰੱਖ-ਰਖਾਅ 'ਚ ਲੱਗੀ ਰੋਹਨ ਰਾਜਦੀਪ ਕੰਪਨੀ ਦੇ ਅਧਿਕਾਰੀਆਂ ਨੇ ਪੁਲ ਦੇ ਰਾਹ ਵਿਚ ਰੋੜੇ ਵਿਛਾਉਣ ਲਈ ਹੱਥ-ਪੈਰ ਮਾਰਨੇ ਅਰੰਭ ਦਿੱਤੇ ਹਨ। ਕੰਪਨੀ ਦੇ ਪ੍ਰਾਜੈਕਟ ਮੈਨੇਜਰ ਨਰੇਸ਼ ਕੁਮਾਰ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਦੀ ਜ਼ਿੰਮੇਵਾਰ ਬਣਦੀ ਹੈ ਕਿ ਲੋਕ ਟੋਲ ਦੀ ਪੂਰੀ ਅਦਾਇਗੀ ਕਰਨ। ਪਰ ਲੋਕ ਨਿਰਮਾਣ ਵਿਭਾਗ ਦੇ ਨਿਗਰਾਨ ਇੰਜੀਨੀਅਰ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਮੇਰੇ ਅਧਿਕਾਰ ਖੇਤਰ ਵਿਚ ਨਹੀਂ ਹੈ। ਉੱਧਰ ਡਰੇਨੇਜ ਵਿਭਾਗ ਦੇ ਐਕਸੀਅਨ ਹਰਜੋਤ ਸਿੰਘ ਵਾਲੀਆ ਅਤੇ ਐਸ.ਡੀ.ਓ ਵਿਜੇ ਕੁਮਾਰ ਨੇ ਕਿਹਾ ਕਿ ਡਰੇਨ ਉੱਪਰ ਪੁਲ ਬਣਾਉਣ ਲਈ ਵਿਭਾਗ ਤੋਂ ਕੋਈ ਮਨਜ਼ੂਰੀ ਨਹੀਂ ਲਈ ਗਈ ਹੈ।