• Home
  • ਪ੍ਰਿੰਟਿੰਗ ਪ੍ਰੈਸਾਂ ਦੇ ਮਾਲਕ ਅਣਅਧਿਕਾਰਤ ਤੌਰ ‘ਤੇ ਚੋਣ ਸਮੱਗਰੀ ਨਾ ਛਾਪਣ : ਵਧੀਕ ਡਿਪਟੀ ਕਮਿਸ਼ਨਰ

ਪ੍ਰਿੰਟਿੰਗ ਪ੍ਰੈਸਾਂ ਦੇ ਮਾਲਕ ਅਣਅਧਿਕਾਰਤ ਤੌਰ ‘ਤੇ ਚੋਣ ਸਮੱਗਰੀ ਨਾ ਛਾਪਣ : ਵਧੀਕ ਡਿਪਟੀ ਕਮਿਸ਼ਨਰ

ਬਠਿੰਡਾ, 14 ਮਾਰਚ : ਵਧੀਕ ਜ਼ਿਲਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਅੱਜ ਪ੍ਰੈਸ ਨੂੰ ਜਾਰੀ ਇੱਕ ਬਿਆਨ ਵਿਚ ਦੱਸਿਆ ਹੈ ਕਿ ਚੋਣ ਸਮੱਗਰੀ ਦੀ ਪ੍ਰਕਾਸ਼ਨਾ ਦੌਰਾਨ ਪ੍ਰਿੰਟਿੰਗ ਪੈ੍ਰਸ ਦੇ ਮਾਲਕ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ। ਉਨਾਂ ਜ਼ਿਲੇ ਨਾਲ ਸਬੰਧਤ ਪ੍ਰਿੰਟਿੰਗ ਪੈ੍ਰਸ ਮਾਲਕਾਂ ਨੂੰ ਕਿਹਾ ਹੈ ਕਿ ਚੋਣ ਕਮਿਸ਼ਨ ਵਲੋਂ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 127-ਏ ਅਧੀਨ ਚੋਣਾਂ ਸਮੇਂ ਪ੍ਰਿਟਿੰਗ ਪੈ੍ਰਸਾਂ 'ਤੇ ਉਮੀਦਵਾਰਾਂ ਵੱਲੋਂ ਛਪਵਾਈ ਜਾਣ ਵਾਲੀ ਚੋਣ ਪ੍ਰਚਾਰ ਸਮੱਗਰੀ ਲਈ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ। ਵਧੀਕ ਜ਼ਿਲਾ ਚੋਣ ਅਫ਼ਸਰ ਸ਼੍ਰੀ ਸਿੱਧੂ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਿਸੇ ਵੀ ਪ੍ਰੈਸ ਮਾਲਕ ਵਲੋਂ ਆਪਣੀ ਪ੍ਰੈਸ 'ਤੇ ਛਪਣ ਵਾਲੀ ਚੋਣ ਸਮੱਗਰੀ 'ਤੇ ਆਪਣੀ ਪ੍ਰੈਸ ਦਾ ਨਾਂ ਦਰਸਾਏ ਬਿਨਾਂ ਕੋਈ ਸਮੱਗਰੀ ਨਹੀਂ ਛਾਪੀ ਜਾ ਸਕੇਗੀ। ਉਨਾਂ ਸਮੂਹ ਪ੍ਰੈਸ ਮਾਲਕਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਨਾਂ ਵੱਲੋਂ ਛਾਪੇ ਜਾ ਰਹੇ ਫਲੈਕਸ, ਪੋਸਟਰ ਅਤੇ ਬੈਨਰ ਆਦਿ 'ਤੇ ਆਪਣੀ ਪ੍ਰਿੰਟਿੰਗ ਪ੍ਰੈਸ ਦਾ ਨਾਮ, ਫੋਨ ਨੰਬਰ ਅਤੇ ਛਾਪੀ ਗਈ ਸਮੱਗਰੀ ਦੀ ਗਿਣਤੀ ਵੀ ਲਿਖਣੀ ਯਕੀਨੀ ਬਣਾਉਣ। ਇਸ ਤੋਂ ਇਲਾਵਾ ਚੋਣ ਸਮੱਗਰੀ ਛਪਵਾਉਣ ਵਾਲੇ ਤੋਂ ਪਹਿਚਾਣ ਪੱਤਰ ਲਿਆ ਜਾਣਾ ਵੀ ਲਾਜ਼ਮੀ ਬਣਾਇਆ ਜਾਵੇ। ਸ਼੍ਰੀ ਸਿੱਧੂ ਨੇ ਪ੍ਰੈਸ ਮਾਲਕਾਂ ਨੂੰ ਖ਼ਾਸ ਹਦਾਇਤ ਇਹ ਕੀਤੀ ਹੈ ਕਿ ਉਨਾਂ ਵਲੋਂ ਜਾਤ, ਮਜ਼ਬ, ਧਰਮ ਆਦਿ ਵਿਰੁੱਧ ਕੋਈ ਵੀ ਇਤਰਾਜ਼ਯੋਗ ਸਮੱਗਰੀ ਨਹੀਂ ਛਾਪੀ ਜਾਵੇਗੀ ਅਤੇ ਰਜਿਸਟਰਡ ਪ੍ਰੈਸ ਤਂੋ ਬਿਨਾਂ ਕੋਈ ਵੀ ਛਪਾਈ ਦਾ ਕੰਮ ਨਹੀਂ ਕਰੇਗਾ। ਉਨਾਂ ਦੱਸਿਆ ਕਿ ਅਧਿਕਾਰੀਆਂ ਵਲੋਂ ਪ੍ਰਿੰਟਿੰਗ ਪ੍ਰੈਸ ਦੀ ਕਿਸੇ ਸਮੇਂ ਵੀ ਚੈਕਿੰਗ ਕੀਤੀ ਜਾ ਸਕਦੀ ਹੈ। ਪ੍ਰਿੰਟਿੰਗ ਪ੍ਰੈਸ ਮਾਲਕ ਬਿਨਾਂ ਕਿਸੇ ਪੱਖਪਾਤ ਤੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ।