• Home
  • ਸਿੱਖ ਸਦਭਾਵਨਾ ਦਲ ਨੇ ਦੂਸਰੇ ਦਿਨ ਵੀ ਜ਼ਿਲ੍ਹਾ ਪੱਧਰ ‘ਤੇ ਚੋਣ ਕਮਿਸ਼ਨਰ ਦੇ ਨਾਮ ਦਿੱਤੇ ਗਏ ਮੁੜ ਨਜ਼ਰਸਾਨੀ ਪੱਤਰ- ਬਾਦਲਾਂ ਵੱਲੋਂ ਕੌਮ ਨਾਲ ਕਮਾਏ ਧ੍ਰੋਹ ਲਈ ਕਦੇ ਮਾਫ਼ੀ ਨਹੀਂ : ਭਾਈ ਅਰਸ਼ਦੀਪ ਸਿੰਘ

ਸਿੱਖ ਸਦਭਾਵਨਾ ਦਲ ਨੇ ਦੂਸਰੇ ਦਿਨ ਵੀ ਜ਼ਿਲ੍ਹਾ ਪੱਧਰ ‘ਤੇ ਚੋਣ ਕਮਿਸ਼ਨਰ ਦੇ ਨਾਮ ਦਿੱਤੇ ਗਏ ਮੁੜ ਨਜ਼ਰਸਾਨੀ ਪੱਤਰ- ਬਾਦਲਾਂ ਵੱਲੋਂ ਕੌਮ ਨਾਲ ਕਮਾਏ ਧ੍ਰੋਹ ਲਈ ਕਦੇ ਮਾਫ਼ੀ ਨਹੀਂ : ਭਾਈ ਅਰਸ਼ਦੀਪ ਸਿੰਘ

ਲੁਧਿਆਣਾ, 16 ਅਪ੍ਰੈਲ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਮਾਮਲੇ 'ਚ ਕੈਪਟਨ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਚੋਣ ਕਮਿਸ਼ਨ ਵੱਲੋਂ ਲਾਂਭੇ ਕੀਤੇ ਜਾਣ ਤੋਂ ਬਾਅਦ ਸਿੱਖ ਸੰਗਤਾਂ 'ਚ ਰੋਸ ਦੀ ਲਹਿਰ ਹੋਰ ਪ੍ਰੱਪਕ ਹੁੰਦੀ ਜਾ ਰਹੀ ਹੈ। ਇਸ ਲੜੀ ਤਹਿਤ ਸਿੱਖ ਸਦਭਾਵਨਾ ਦਲ ਵੱਲੋਂ ਅੱਜ ਦੂਸਰੇ ਦਿਨ ਵੀ ਚੋਣ ਕਮਿਸ਼ਨ ਨੂੰ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ ਲਈ ਜ਼ਿਲ੍ਹਾ ਪੱਧਰ 'ਤੇ ਡਿਪਟੀ ਕਮਿਸ਼ਨਰਾਂ ਰਾਹੀਂ ਮੁੜ ਨਜ਼ਰਸਾਨੀ ਪੱਤਰ ਭੇਜੇ ਗਏ। ਇਸ ਲੜੀ ਤਹਿਤ ਸਿੱਖ ਸਦਭਾਵਨਾ ਦਲ ਅੱਜ ਲੁਧਿਆਣਾ ਸਮੇਤ ਵੱਖ-ਵੱਖ ਜ਼ਿਲ੍ਹਿਆਂ ਵਿਖੇ ਸਿੱਖ ਸਦਭਾਵਨਾ ਦਲ ਦੇ ਸੇਵਾਦਾਰਾਂ ਵੱਲੋਂ ਮੁੜ ਨਜ਼ਰਸਾਨੀ ਪੱਤਰ ਦਿੱਤੇ ਗਏ। ਇਸ ਮੌਕੇ ਲੁਧਿਆਣਾ ਵਿਖੇ ਮੁੜ ਨਜ਼ਰਸਾਨੀ ਪੱਤਰ ਦੇਣ ਉਪਰੰਤ ਪੱਤਰਕਾਰਾਂ ਨਾਲ ਗ਼ੱਲਬਾਤ ਕਰਦਿਆਂ ਭਾਈ ਅਰਸ਼ਦੀਪ ਸਿੰਘ ਨੇ ਚੋਣ ਕਮਿਸ਼ਨ ਨੂੰ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ ਲਈ ਆਖਦਿਆਂ ਕਿਹਾ ਕਿ ਹੁਣ ਜਦੋਂ ਵਿਸ਼ੇਸ਼ ਜਾਂਚ ਟੀਮ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੇ ਗ਼ਲਾਵੇਂ ਨੂੰ ਹੱਥ ਪਾਉਣ ਦੇ ਇਨ੍ਹੀ ਨੇੜੇ ਪੁੱਜ ਚੁੱਕੀ ਹੈ, ਅਜਿਹੇ 'ਚ ਚੋਣ ਕਮਿਸ਼ਨ ਵੱਲੋਂ ਅਜਿਹਾ ਫੈਸਲਾ, ਜਿੱਥੇ ਸਿੱਖ ਹਿਰਦਿਆਂ ਨੂੰ ਵਲੂੰਧਰ ਰਿਹਾ ਹੈ, ਉਥੇਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਬਚਾਉਣ ਵੱਲ ਵੀ ਸਾਫ਼ ਇਸ਼ਾਰਾ ਕਰ ਰਿਹਾ ਹੈ। ਉਨ੍ਹਾਂ ਨੇ ਆਖਿਆ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਇਹ ਗ਼ੱਲ ਹਰ ਸੰਗਤ ਦੀ ਜ਼ੁਬਾਨ 'ਤੇ ਹੈ ਕਿ ਬਾਦਲ ਦਲ ਨੇ ਵਿਸ਼ੇਸ਼ ਜਾਂਚ ਟੀਮ ਦਾ ਹੱਥ ਆਪਣੇ ਗ਼ਲਾਵੇਂ ਨੂੰ ਪੈਂਦਾ ਦੇਖ ਕੇਂਦਰ 'ਤੇ ਕਾਬਜ਼ ਆਪਣੀ ਭਾਈਵਾਲ ਭਾਜਪਾ ਦੀ ਸਰਕਾਰ ਨੂੰ ਆਖ ਕੇ ਚੋਣ ਕਮਿਸ਼ਨ 'ਤੇ ਦਬਾਅ ਬਣਾ ਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ 'ਤੇ ਅਕਾਲੀ ਦਲ ਦੀ ਖੁਸ਼ੀ ਨੇ ਮੋਹਰ ਵੀ ਲਾਈ ਹੈ। ਉਨ੍ਹਾਂ ਆਖਿਆ ਕਿ ਚੋਣ ਕਮਿਸ਼ਨ ਦੇ ਇਸ ਫੈਸਲੇ ਨਾਲ ਜਿੱਥੇ ਸਿੱਖਾਂ ਦੇ ਅੰਦਰ ਜਾਗੀ ਇਨਸਾਫ਼ ਦੀ ਕਿਰਨ ਕਿਤੇ ਅਲੋਪ ਹੋ ਗਈ ਹੈ, ਉਥੇਂ ਹੀ ਦੇਸ਼ ਅੰਦਰ ਫਿਰ ਤੋਂ ਸਿੱਖਾਂ ਨੂੰ ਬੇਗਾਨੀਅਤ ਦਾ ਅਹਿਸਾਸ ਕਰਵਾਇਆ ਗਿਆ ਹੈ। ਭਾਈ ਅਰਸ਼ਦੀਪ ਸਿੰਘ ਨੇ ਆਖਿਆ ਕਿ ਬਾਦਲ ਆਪਣੇ ਆਪ ਨੂੰ ਬਚਾਉਣ ਲਈ ਚਾਹੇ ਜੋ ਮਰਜ਼ੀ ਕਰ ਲੈਣ, ਪਰ ਸਿੱਖ ਸੰਗਤਾਂ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰਨਗੀਆਂ। ਉਨ੍ਹਾਂ ਆਖਿਆ ਕਿ ਸਿੱਖ ਸਦਭਾਵਨਾ ਦਲ ਵੱਲੋਂ 24 ਫਰਵਰੀ ਨੂੰ ਵੀ ਸ਼ਹੀਦ ਭਾਈ ਲਛਮਣ ਸਿੰਘ ਦੇ ਪਿੰਡ ਧਾਰੋਵਾਲੀ ਤੋਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਪੰਥ ਰੁਸ਼ਨਾਈਏ, ਨਰੈਣੂ ਭਜਾਈਏ ਦੇ ਹੋਕੇ ਅਧੀਨ ਸੰਗਤਾਂ ਨੂੰ ਆਪਣੇ ਘਰਾਂ ਦੀਆਂ ਛੱਤਾਂ 'ਤੇ ਪੰਥ ਦੀ ਚੜ੍ਹਦੀ ਕਲਾਂ ਲਈ ਇੱਕ ਕੇਸਰੀ ਨਿਸ਼ਾਨ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਇੱਕ ਕਾਲੀ ਝੰਡੀ ਲਾਉਣ ਲਈ ਆਖਿਆ ਗਿਆ, ਜਿਸ ਨੂੰ ਸੰਗਤਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ ਅਤੇ ਕੁੰਵਰ ਵਿਜੈ ਪ੍ਰਤਾਪ ਦੀ ਮੁੜ ਬਹਾਲੀ ਲਈ ਵੀ ਸਿੱਖ ਸੰਗਤਾਂ ਆਪ ਮੁਹਾਰੇ ਸੜਕਾਂ 'ਤੇ ਉਤਰ ਰਹੀਆਂ ਹਨ, ਜਿਸ ਤੋਂ ਇੱਕ ਗ਼ੱਲ ਤਾਂ ਸਾਫ਼ ਹੈ ਕਿ ਸਿੱਖ ਸੰਗਤਾਂ ਹੁਣ ਪੰਥ ਤੇ ਕੌਮ ਦਾ ਘਾਣ ਕਰਨ ਵਾਲੇ ਇਨ੍ਹਾਂ ਨਰੈਣੂ ਸੋਚ ਦੇ ਧਾਰਨੀਆਂ ਨੂੰ ਗੁਰੂ ਘਰਾਂ ਦੇ ਪ੍ਰਬੰਧਾਂ ਤੋਂ ਲਾਂਭੇ ਕਰਨ ਨੂੰ ਤਿਆਰ ਹਨ। ਇਸ ਮੌਕੇ ਗੁਰਚਰਨ ਸਿੰਘ, ਪ੍ਰਨੀਤ ਸਿੰਘ, ਅਨਿੰਦਰ ਸਿੰਘ, ਅਰਸ਼ਦੀਪ ਸਿੰਘ, ਪਵਨਪ੍ਰੀਤ ਸਿੰਘ, ਅਮ੍ਰਿੰਤਪਾਲ ਸਿੰਘ, ਫਤਹਿ ਸਿੰਘ, ਪ੍ਰਭਜੋਤ ਸਿੰਘ, ਤਜਿੰਦਰ ਸਿੰਘ, ਅਮਰਵਿਕਰਮ ਸਿੰਘ, ਹਰਪ੍ਰੀਤ ਸਿੰਘ ਸਮੇਤ ਹੋਰ ਸਿੱਖ ਸੰਗਤਾਂ ਹਾਜ਼ਰ ਸਨ।