• Home
  • ਸੁਖਪਾਲ ਖਹਿਰਾ ਨੇ ਰਾਹੁਲ ਗਾਂਧੀ ਨੂੰ ਚਿੱਠੀ ਲਿਖ ਕੇਹੜੀ ਖੋਲ੍ਹੀ ਪੋਲ .? ਪੜ੍ਹੋ

ਸੁਖਪਾਲ ਖਹਿਰਾ ਨੇ ਰਾਹੁਲ ਗਾਂਧੀ ਨੂੰ ਚਿੱਠੀ ਲਿਖ ਕੇਹੜੀ ਖੋਲ੍ਹੀ ਪੋਲ .? ਪੜ੍ਹੋ

09.03.2019
ਵੱਲ

ਸ਼੍ਰੀ ਰਾਹੁਲ ਗਾਂਧੀ,
ਪ੍ਰਧਾਨ,
ਆਲ ਇੰਡੀਆ ਕਾਂਗਰਸ ਕਮੇਟੀ,
ਨਵੀਂ ਦਿੱਲੀ।

ਵਿਸ਼ਾ :- ਕਿਸਾਨ ਕਰਜਾ ਮੁਕਤੀ ਸਮਾਗਮ ਦੇ ਨਾਮ ਉੱਪਰ ਮੋਗਾ ਵਿਖੇ ਕਾਂਗਰਸ ਦੀ ਸਿਆਸੀ ਰੈਲੀ ਕਰਵਾਉਣ ਲਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰੀ ਖਜਾਨੇ ਦੀ ਦੁਰਵਰਤੋਂ। ਮੈਂ ਮੰਗ ਕਰਦਾ ਹਾਂ ਕਿ ਉਕਤ ਰੈਲੀ ਦਾ ਸਾਰਾ ਖਰਚਾ ਕਾਂਗਰਸ ਪਾਰਟੀ ਅਦਾ ਕਰੇ।
ਸਤਿਕਾਰਯੋਗ ਰਾਹੁਲ ਜੀ,
ਮੈਂ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਸਰਕਾਰੀ ਖਜਾਨੇ ਦੀ ਦੁਰਵਰਤੋਂ ਕਰਦਿਆਂ ਕਿਸਾਨ ਕਰਜ਼ਾ ਮੁਕਤੀ ਸਮਾਗਮ ਦੀ ਆੜ ਵਿੱ 7ਮਾਰਚ 2019 ਨੂੰ ਮੋਗਾ ਵਿਖੇ ਕਾਂਗਰਸ ਦੀ ਸਿਆਸੀ ਰੈਲੀ ਕਰਵਾਈ ਜਿਸ ਨੂੰ ਕਿ ਤੁਸੀਂ ਸੰਬੋਧਿਤ ਕੀਤਾ ਸੀ।
ਕਾਂਗਰਸ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਇਹ ਤੁਹਾਡੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਰੈਲੀ ਦੇ ਇੰਤਜਾਮ ਲਈ ਹੋਏ ਖਰਚੇ ਬਾਰੇ ਤੁਸੀਂ ਸੂਬਾ ਲੀਡਰਸ਼ਿਪ ਨੂੰ ਸਵਾਲ ਕਰੋ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਦੇ ਏਜੰਡੇ ਨੂੰ ਪਰਮੋਟ ਕਰਨ ਲਈ ਸਰਕਾਰੀ ਪੈਸੇ ਦੀ ਦੁਰਵਰਤੋਂ ਕੀਤੀ ਹੈ ਜੋ ਕਿ ਗੈਰਸਿਧਾਂਤਕ ਅਤੇ ਤੁਹਾਡੀ ਪਾਰਟੀ ਵੱਲੋਂ ਚੰਗੀ ਗਵਰਨੈਂਸ ਦੇ ਅਪਨਾਏ ਗਏ ਆਦਰਸ਼ਾਂ ਦੇ ਖਿਲਾਫ ਹੈ।
ਮੇਰੀ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਨੇ ਇਸ ਸਿਆਸੀ ਪ੍ਰੋਗਰਾਮ ਨੂੰ ਸੂਬਾ ਸਰਕਾਰ ਦਾ ਕਰਜ਼ਾ ਮੁਕਤੀ ਸਮਾਗਮ ਐਲਾਨਿਆ ਸੀ ਪਰੰਤੂ ਸਮੁੱਚੇ ਘਟਨਾਕ੍ਰਮ ਅਤੇ ਕਾਂਗਰਸੀ ਬੁਲਾਰਿਆਂ ਦੇ ਭਾਸ਼ਣਾਂ ਤੋਂ ਇਹ ਸਾਫ ਹੋ ਗਿਆ ਕਿ ਇਹ ਕਾਂਗਰਸ ਪਾਰਟੀ ਦਾ ਚੋਣਾਂ ਤੋਂ ਪਹਿਲਾਂ ਦਾ ਪ੍ਰਚਾਰ ਪ੍ਰੋਗਰਾਮ ਸੀ।
ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਇਸ ਸਮਾਗਮ ਉੱਪਰ ਜਨਤਾ ਦਾ ਕਰੋੜਾਂ ਰੁਪਇਆ ਖਰਚ ਕਰ ਦਿੱਤਾ। ਉਕਤ ਵੱਡੇ ਖਰਚੇ ਵਿੱਚ ਵਿਸ਼ਾਲ ਪੰਡਾਲ ਬਣਾਇਆ ਜਾਣਾ, ਲੋਕਾਂ ਨੂੰ ਲੈ ਕੇ ਆਉਣ ਲਈ ਸਰਕਾਰੀ ਟਰਾਂਸਪੋਰਟ ਦੀ ਦੁਰਵਰਤੋਂ, ਖਾਣ ਪੀਣ ਦਾ ਇੰਤਜਾਮ, ਜੱਸੀ ਵਰਗਾ ਮਹਿੰਗਾ ਗਾਇਕ ਬੁਲਾਇਆ ਜਾਣਾ, ਰੈਲੀ ਲਈ ਗਰਾਊਂਡ ਤਿਆਰ ਕਰਨ ਲਈ ਸਮੇਂ ਤੋਂ ਪਹਿਲਾਂ ਵੱਢੀ ਕਣਕ ਦੀ ਫਸਲ ਦੇ ਮਾਲਿਕ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਮੁਆਵਜਾ ਆਦਿ ਦਿੱਤਾ ਜਾਣਾ ਸ਼ਾਮਿਲ ਹਨ।
ਮੈਨੂੰ ਇਹ ਕਹਿਣ ਵਿੱਚ ਰਤਾ ਭਰ ਵੀ ਸੰਕੋਚ ਨਹੀਂ ਕਿ ਜੇਕਰ ਉਪਰੋਕਤ ਤੱਥ ਤੁਹਾਡੀ ਜਾਣਕਾਰੀ ਵਿੱਚ ਹਨ ਤਾਂ ਸਰਕਾਰੀ ਖਜਾਨੇ ਦਾ ਪੈਸਾ ਸਿਆਸੀ ਰੈਲੀ ਉੱਪਰ ਬਰਬਾਦ ਕਰਨ ਲਈ ਤੁਸੀਂ ਜਿੰਮੇਵਾਰ ਹੋ। ਰੈਲੀ ਵਿੱਚ ਤੁਹਾਡਾ ਭਾਸ਼ਣ ਪੂਰੀ ਤਰਾਂ ਨਾਲ ਸਿਆਸੀ ਸੀ ਅਤੇ ਪੰਜਾਬ ਵਿੱਚ ਰੋਜਾਨਾ ਵੱਡੀ ਗਿਣਤੀ ਵਿੱਚ ਖੁਦਕਸ਼ੀਆਂ ਕਰਣ ਵਾਲੇ ਕਰਜਾਈ ਕਿਸਾਨਾਂ ਦੇ ਦੁੱਖਾਂ ਨਾਲ ਰਤਾ ਭਰ ਵੀ ਸਬੰਧਿਤ ਨਹੀਂ ਸੀ। ਸ਼ਾਇਦ ਤੁਸੀਂ ਇਹ ਨਹੀਂ ਜਾਣਦੇ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਪਿਛਲੇ ਦੋ ਸਾਲਾਂ ਦੋਰਾਨ 750ਤੋਂ ਵੀ ਜਿਆਦਾ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ। ਪੰਜਾਬ ਦੇ ਕਿਸਾਨਾਂ ਨੂੰ ਮੁਕੰਮਲ ਕਰਜ਼ਾ ਮੁਕਤੀ ਦਾ ਕੀਤਾ ਵਾਅਦਾ ਪੂਰਾ ਕਰਨ ਵਿੱਚ ਮੁੱਖ ਮੰਤਰੀ ਫੇਲ ਰਹੇ ਹਨ ਜਿਸ ਕਾਰਨ ਅਖੋਤੀ ਕਰਜ਼ਾ ਮੁਕਤੀ ਮਹਿਜ ਇੱਕ ਡਰਾਮਾ ਬਣ ਕੇ ਰਹਿ ਗਈ ਹੈ।
ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਪੰਜਾਬ ਵਿੱਚ ਡਰੱਗਸ ਦਾ ਮੁੱਦਾ ਚੁੱਕਣ ਵਾਲੇ ਤੁਸੀਂ ਪਹਿਲੇ ਇਨਸਾਨ ਸੀ। ਤੁਹਾਡਾ ਇਹ ਬਿਆਨ ਸੁਰਖੀਆਂ ਬਣਿਆ ਕਿ ਪੰਜਾਬ ਦੇ ੭੦ ਫੀਸਦੀ ਨੋਜਵਾਨ ਨਸ਼ੇੜੀ ਹਨ। ਮੈਨੂੰ ਇਹ ਦੱਸਦੇ ਹੋਏ ਦੁੱਖ ਹੁੰਦਾ ਹੈ ਕਿ ਕਾਂਗਰਸ ਸਰਕਾਰ ਦੇ ਸਮੇਂ ਵੀ ਡਰੱਗਸ ਦਾ ਵਪਾਰ ਜਿਉਂ ਦਾ ਤਿਉਂ ਚੱਲ ਰਿਹਾ ਹੈ। ਸਾਬਕਾ ਮੰਤਰੀ ਬਿਕਰਮ ਮਜੀਠੀਆ ਵਰਗੇ ਵੱਡੇ ਡਰੱਗ ਮਾਫੀਆ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਬਚਾਏ ਜਾ ਰਹੇ ਹਨ। ਜਮੀਨੀ ਹਕੀਕਤ ਨੂੰ ਅਣਦੇਖਿਆ ਕਰਕੇ ਮੋਗਾ ਰੈਲੀ ਦੋਰਾਨ ਨਸ਼ਿਆਂ ਬਾਰੇ ਬੋਲਦੇ ਹੋਏ ਤੁਸੀਂ ਪੰਜਾਬ ਦੇ ਲੋਕਾਂ ਨੂੰ ਨਿਰਾਸ਼ ਕੀਤਾ ਕਿਉਂਕਿ ਲੋਕ ਸੱਭ ਜਾਣਦੇ ਹਨ ਅਤੇ ਸੂਬੇ ਵਿਚਲੇ ਵੱਡੇ ਪੱਧਰ ਦੇ ਡਰੱਗਸ ਦੇ ਕੋਹੜ ਦੇ ਸ਼ਿਕਾਰ ਹਨ।
ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਕਾਰਗੁਜਾਰੀ ਬਾਰੇ ਵੀ ਘੱਟ ਜਾਣਕਾਰੀ ਹੈ। ਸਮਾਜ ਦਾ ਕੋਈ ਵੀ ਵਰਗ ਖੁਸ਼ ਨਹੀਂ ਹੈ ਚਾਹੇ ਇਹ ਕਿਸਾਨ, ਕਰਮਚਾਰੀ, ਵਪਾਰੀ, ਸਨਅਤਕਾਰ ਅਤੇ ਬੋਰਜਗਾਰ ਨੋਜਵਾਨ ਹੋਣ ਜੋ ਕਿ ਸਨਮਾਨਜਨਕ ਰੋਟੀ ਲਈ ਹਰ ਹੀਲਾ ਲਗਾ ਰਹੇ ਹਨ।
ਇਸ ਲਈ ਮੈਂ ਮੰਗ ਕਰਦਾ ਹਾਂ ਕਿ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਨਿਰਦੇਸ਼ ਦਿਉ ਕਿ ਲੋਕਾਂ ਦਾ ਪੈਸਾ ਵਾਪਿਸ ਕਰਨ ਅਤੇ ਖਰਚਾ ਕਾਂਗਰਸ ਪਾਰਟੀ ਦੇ ਅਕਾਊਂਟ ਵਿੱਚੋਂ ਅਦਾ ਕਰਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਫਰਾਖਦਿਲੀ ਦਿਖਾਉਗੇ ਅਤੇ ਪਹਿਲਾਂ ਤੋਂ ਹੀ 2.5 ਲੱਖ ਕਰੋੜ ਰੁਪਏ ਦੇ ਵੱਡੇ ਕਰਜੇ ਦੇ ਬੋਝ ਹੇਠ ਦੱੱਬੇ ਸੂਬੇ ਨੂੰ ਹੋਰ ਆਰਥਿਕ ਤਬਾਹੀ ਤੋਂ ਬਚਾਉਣ ਲਈ ਰੈਲੀ ਦਾ ਖਰਚਾ ਆਪਣੇ ਪਾਰਟੀ ਖਾਤੇ ਵਿੱਚੋਂ ਜਮਾਂ ਕਰਵਾਉਗੇ।
ਧੰਨਵਾਦ ਸਹਿਤ,
ਸੁਖਪਾਲ ਸਿੰਘ ਖਹਿਰਾ