• Home
  • ਸੰਨੀ ਦਿਓਲ ਦੁਆਰਾ ਜਾਖੜ ਦੀ ਆਲੋਚਨਾ ਕਰਨਾ ਸਿਆਸੀ ਅਗਿਆਨਤਾ ਦੀ ਨਿਸ਼ਾਨੀ : ਬਾਜਵਾ

ਸੰਨੀ ਦਿਓਲ ਦੁਆਰਾ ਜਾਖੜ ਦੀ ਆਲੋਚਨਾ ਕਰਨਾ ਸਿਆਸੀ ਅਗਿਆਨਤਾ ਦੀ ਨਿਸ਼ਾਨੀ : ਬਾਜਵਾ

ਗੁਰਦਾਸਪੁਰ 8 ਮਈ: 

ਸੀਨੀਅਰ ਕਾਂਗਰਸੀ ਨੇਤਾ ਅਤੇ ਪੰਜਾਬ ਦੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਆਏ ਦਿਨ ਭਾਜਪਾ ਉਮੀਦਵਾਰ ਦੀ ਸਿਆਸੀ ਅਗਿਆਨਤਾ ਸਾਹਮਣੇ ਆ ਰਹੀ ਹੈ।

ਦਿਓਲ ਵਲੋਂ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਦੀ ਆਲੋਚਨਾ ਕਰਨ ਦੇ ਮੁੱਦੇ ਤੇ ਪ੍ਰਤੀਕਰਮ ਦਿੰਦਿਆਂ ਬਾਜਵਾ ਨੇ ਕਿਹਾ ਕਿ ਇਸ ਵਿੱਚ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ ਸਾਨੂੰ ਸਭ ਨੂੰ ਪਤਾ ਹੈ ਕਿ ਸੰਨੀ ਦਿਓਲ ਸਿਆਸਤ ਬਾਰੇ ਪੂਰੀ ਤਰ੍ਹਾਂ ਨਾਲ ਅਣਜਾਣ ਹਨ ਅਤੇ ਇੱਥੋਂ ਤੱਕ ਕਿ ਉਨ੍ਹਾਂ ਨੂੰ ਰਾਜਨੀਤੀ ਦੀਆਂ ਬੁਨਿਆਦੀ ਗੱਲਾਂ ਬਾਰੇ ਵੀ ਨਹੀਂ ਪਤਾ। 

ਸੰਨੀ ਦਿਓਲ ਨੂੰ ਸਲਾਹ ਦਿੰਦਿਆਂ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਬਹਿਸ, ਵਿਚਾਰ-ਵਟਾਂਦਰਾ ਅਤੇ ਸਵਾਲ - ਜਵਾਬ ਰਾਜਨੀਤੀ ਦਾ ਹਿੱਸਾ ਹਨ। ਇਹ ਕੋਈ ਫਿਲਮ ਸੈੱਟ ਨਹੀਂ ਹੈ ਜਿੱਥੇ ਤੁਹਾਨੂੰ ਆਪਣੀਆਂ ਮੁਸਕਰਾਹਟ ਅਤੇ ਦੁੱਖਾਂ ਸਮੇਤ ਹਰ ਇਕ ਗੱਲ ਲਈ ਸਕ੍ਰਿਪਟ ਦਿੱਤੇ ਜਾਂਦੇ ਹਨ, ਇਹ ਕਠੋਰ ਰਾਜਨੀਤੀ ਹੈ ਜਿੱਥੇ ਤੁਸੀਂ ਆਪਣੇ ਖੁਦ ਦੇ ਮਾਲਕ ਹੋਣੇ ਚਾਹੀਦੇ ਹੋ।

ਬਾਜਵਾ ਨੇ ਅੱਗੇ ਕਿਹਾ ਕਿ ਸੰਨੀ ਬੇਸ਼ੱਕ ਇਕ ਚੰਗੇ ਅਭਿਨੇਤਾ ਹੋ ਸਕਦੇ ਹਨ ਪਰ ਇਕ ਨੇਤਾ ਅਤੇ ਲੋਕਾਂ ਦਾ ਪ੍ਰਤੀਨਿਧੀ ਬਣਨ ਲਈ ਇਹ ਯੋਗਤਾ ਕੋਈ ਜ਼ਰੂਰੀ ਨਹੀਂ, ਖ਼ਾਸਕਰਕੇ ਉਹ ਵੀ ਗੁਰਦਾਸਪੁਰ ਵਰਗੇ ਸਰਹੱਦੀ ਇਲਾਕੇ ਲਈ।

ਉਨਾਂ ਕਿਹਾ ਕਿ ਸੰਨੀ ਨੂੰ ਜਾਖੜ ਤੇ ਸਵਾਲ ਉਠਾਉਣ ਦੀ ਬਜਾਏ ਜਾਖੜ ਦੁਆਰਾ ਉਠਾਏ ਗਏ ਸਵਾਲਾਂ ਦੇ ਜਵਾਬ ਲੈ ਕੇ ਸਾਹਮਣੇ ਆਉਣਾ ਚਾਹੀਦਾ ਹੈ ਅਤੇ ਕਿਸੇ ਵੀ ਗੱਲ ਨੂੰ ਦਿਲ ਨਾਲ ਨਹੀਂ ਲਾਉਣਾ ਚਾਹੀਦਾ।

ਬਾਜਵਾ ਨੇ ਕਿਹਾ ਕਿ ਗੁਰਦਾਸਪੁਰ ਵਿੱਚ ਪਹਿਲੇ ਦਿਨ ਦੇ ਨਿੱਘੇ ਸਵਾਗਤ ਤੋਂ ਬਾਅਦ ਹੁਣ ਭਾਜਪਾ ਉਮੀਦਵਾਰ ਨੂੰ ਅਹਿਸਾਸ ਹੋਣ ਲੱਗ ਪਿਆ ਹੈ ਕਿ ਹੁਣ ਲੋਕ ਉਨ੍ਹਾਂ ਤੋਂ ਸਵਾਲ ਪੁੱਛਣਗੇ ਜਿਸ ਦਾ ਉਨ੍ਹਾਂ ਕੋਲ ਕੋਈ ਜਵਾਬ ਨਹੀਂ। ਜਿਸਦੇ ਕਰਕੇ ਹੁਣ ਸੰਨੀ ਦਿਓਲ ਨੇ ਗੁੱਸੇ ਅਤੇ ਨਿਰਾਸ਼ ਹੋਣਾ ਸ਼ੁਰੂ ਕਰ ਦਿੱਤਾ ਹੈ, ਜਦੋਂਕਿ ਉਨ੍ਹਾਂ ਨੂੰ ਆਪਣੇ ਸਵਾਲਾਂ ਦੇ ਜਵਾਬ ਦੇਣ ਲਈ ਸੰਜਮੀ ਅਤੇ ਸਮਝਦਾਰ ਹੋਣਾ ਚਾਹੀਦਾ ਹੈ।