• Home
  • ਪੰਜਾਬ ਸਰਕਾਰ ਵੱਲੋਂ 14 ਮੈਂਬਰੀ ਸ੍ਰੀ ਅਨੰਦਪੁਰ ਸਾਹਿਬ ਸ਼ਹਿਰੀ ਵਿਕਾਸ ਅਥਾਰਟੀ ਦਾ ਗਠਨ-1 ਟਾਊਨ ਅਤੇ 23 ਪਿੰਡ ਸ਼ਾਮਲ

ਪੰਜਾਬ ਸਰਕਾਰ ਵੱਲੋਂ 14 ਮੈਂਬਰੀ ਸ੍ਰੀ ਅਨੰਦਪੁਰ ਸਾਹਿਬ ਸ਼ਹਿਰੀ ਵਿਕਾਸ ਅਥਾਰਟੀ ਦਾ ਗਠਨ-1 ਟਾਊਨ ਅਤੇ 23 ਪਿੰਡ ਸ਼ਾਮਲ

ਚੰਡੀਗੜ੍ਹ, :ਪਵਿੱਤਰ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਦੇ ਯੋਜਨਾਬੱਧ ਅਤੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਵਜੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 14 ਮੈਂਬਰੀ ਸ੍ਰੀ ਅਨੰਦਪੁਰ ਸਾਹਿਬ ਸ਼ਹਿਰੀ ਵਿਕਾਸ ਅਥਾਰਟੀ (ਸਾਸੂਦਾ)ਦਾ ਗਠਨ ਕੀਤਾ ਗਿਆ ਹੈ।

ਇਹ ਜਾਣਕਾਰੀ ਦਿੰਦਿਆਂ ਅੱਜ ਇੱਥੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਇਸ ਅਥਾਰਟੀ ਦੇ ਚੇਅਰਮੈਨ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਇਸਦੇ ਵਾਈਸ-ਚੇਅਰਮੈਨ ਹੋਣਗੇ। ਕਮੇਟੀ ਦੇ ਹੋਰਨਾਂ ਮੈਂਬਰਾਂ ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਵਿਧਾਇਕ, ਸਕੱਤਰ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ,  ਸਕੱਤਰ, ਸਥਾਨਕ ਸਰਕਾਰਾਂ, ਸਕੱਤਰ, ਵਿੱਤ, ਸਕੱਤਰ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ, ਸਕੱਤਰ, ਜਲ ਸਪਲਾਈ ਤੇ ਸੈਨੀਟੇਸ਼ਨ, ਸਕੱਤਰ, ਲੋਕ ਨਿਰਮਾਣ, ਡਾਇਰੈਕਟਰ ਟਾਊਨ ਐਂਡ ਕੰਟਰੀ ਪਲਾਨਿੰਗ, ਚੀਫ਼ ਟਾਊਨ ਪਲੈਨਰ, ਡਿਪਟੀ ਕਮਿਸ਼ਨਰ, ਰੂਪਨਗਰ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਸਰਕਾਰ ਵੱਲੋਂ ਨਾਮਜ਼ਦ ਕੀਤੇ ਜਾਣ ਵਾਲੇ ਹੋਰ ਮੈਬਰ ਵੀ ਸ਼ਾਮਲ ਹੋਣਗੇ। ਸਾਸੂਦਾ ਦੇ ਮੁੱਖ ਪ੍ਰਸ਼ਾਸਕ ਇਸਦੇ ਮੈਂਬਰ ਸਕੱਤਰ ਹੋਣਗੇ।

ਵਿਕਾਸ ਅਥਾਰਟੀ ਦੇ ਹੈੱਡ ਕੁਆਟਰਜ਼ ਐਸ.ਏ.ਐਸ. ਨਗਰ ਵਿਖੇ ਸਥਿਤ ਹੋਣਗੇ। ਇਸ ਐਕਟ ਤਹਿਤ ਸ੍ਰੀ ਅਨੰਦਪੁਰ ਸਾਹਿਬ ਟਾਊਨ ਦੇ ਵਿਕਾਸ ਅਤੇ ਪੁਨਰ ਵਿਕਾਸ ਨਾਲ ਸਬੰਧਤ ਸਾਰੀਆਂ ਸ਼ਕਤੀਆਂ ਅਤੇ ਅਧਿਕਾਰ ਸ੍ਰੀ ਆਨੰਦਪੁਰ ਸਾਹਿਬ ਵਿਕਾਸ ਅਥਾਰਟੀ (ਸਾਸੂਦਾ) ਕੋਲ ਹੋਣਗੇ।

ਬੁਲਾਰੇ ਨੇ ਅੱਗੇ ਕਿਹਾ ਕਿ ਇਹ ਅਥਾਰਟੀ ਇਸ ਇਤਿਹਾਸਕ ਥਾਂ ਦੇ ਨਤੀਜਾ ਅਧਾਰਤ ਯੋਜਨਾਬੱਧ ਅਤੇ ਸੰਗਠਿਤ ਵਿਕਾਸ ਦੇ ਨਾਲ ਨਾਲ ਕੰਮ ਲਈ ਢੁੱਕਵਾਂ ਢਾਂਚਾ ਮੁਹੱਈਆ ਕਰਵਾਉਣ ਲਈ ਵਧੇਰੇ ਮੱਦਦਗਾਰ ਸਾਬਤ ਹੋਵੇਗੀ।

ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ 27 ਫਰਵਰੀ, 2019 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਾਰ ਸ੍ਰੀ ਆਨੰਦਪੁਰ ਸਾਹਿਬ ਸ਼ਹਿਰੀ ਵਿਕਾਸ ਅਥਾਰਟੀ ਦੀਆਂ ਹੱਦਾਂ ਨਿਰਧਾਰਿਤ ਕੀਤੀਆਂ ਗਈਆਂ ਹਨ ਜਿਸ ਵਿੱਚ  ''ਦ ਪੰਜਾਬ ਰੀਜ਼ਨਲ ਐਂਡ ਟਾਊਨ ਪਲਾਨਿੰਗ ਐਂਡ ਡਿਵੈਲਪਮੈਂਟ ਐਕਟ, 1995'' ਦੇ ਸੈਕਸ਼ਨ 29 (1) ਤਹਿਤ 5846 (14440 ਏਕੜ) ਹੈਕਟੇਅਰ ਦੀ ਕਵਰਿੰਗ ਅਤੇ 2011 ਦੀ ਜਨਗਣਨਾ ਅਨੁਸਾਰ 27195 ਦੀ ਆਬਾਦੀ ਵਾਲੇ ਇੱਕ ਟਾਊਨ ਅਤੇ 23 ਪਿੰਡ ਸ਼ਾਮਲ ਹਨ।

ਸਾਸੂਦਾ ਦੀ ਹੱਦਬੰਦੀ ਵਿੱਚ ਮਹਿਰੌਲੀ, ਚੰਡੇਸਰ, ਲੰਗ ਮਜਾਰੀ, ਮਜਾਰਾ, ਸੱਧੇਵਾਲ, ਬਨੀ, ਰਾਮਪੁਰ, ਝੱਜਰ, ਬਿਚੋਲੀ, ਲਮਲੇਹੜੀ, ਨਾਨੋਵਾਲ, ਮੀਆਂਪੁਰ, ਸਹੋਤਾ, ਥੱਪਲ, ਤਾਰਾਪੁਰ, ਮੋਹੀਵਾਲ, ਧਨੇੜਾ, ਲਖੇੜ, ਅਗੰਮਪੁਰ, ਚੱਕ, ਲੇਧੀਪੁਰ, ਮਟੌਰ, ਝਿੰਜੜੀ ਸਮੇਤ 23 ਪਿੰਡ ਸ਼ਾਮਲ ਹੋਣਗੇ।