• Home
  • “ਆਪ” ਵਿਧਾਇਕ ਦਲ ਦੀ ਫੁੱਟ ਅਤੇ ਜਸਟਿਸ ਰਣਜੀਤ ਕਮਿਸ਼ਨ ਦੀ ਰਿਪੋਰਟ ਤੇ ਹੀ ਕੇਂਦਰਿਤ ਰਹੇਗਾ ਮਾਨਸੂਨ ਸੈਸ਼ਨ 

“ਆਪ” ਵਿਧਾਇਕ ਦਲ ਦੀ ਫੁੱਟ ਅਤੇ ਜਸਟਿਸ ਰਣਜੀਤ ਕਮਿਸ਼ਨ ਦੀ ਰਿਪੋਰਟ ਤੇ ਹੀ ਕੇਂਦਰਿਤ ਰਹੇਗਾ ਮਾਨਸੂਨ ਸੈਸ਼ਨ 

ਚੰਡੀਗੜ੍ਹ (ਖ਼ਬਰ ਵਾਲੇ ਬਿਊਰੋ )- ਅੱਜ ਸ਼ੁਕਰਵਾਰ ਤੋਂ ਸ਼ੁਰੂ ਹੋ ਰਿਹਾ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਅਤੇ ਆਪ ਆਦਮੀ ਪਾਰਟੀ ਦੇ ਵਿਧਾਇਕ ਦਲ ਦੀ ਗੁੱਟਬਾਜ਼ੀ ਤੇ ਹੀ ਕੇਂਦਰਿਤ ਰਹਿਣ ਦੀ ਸੰਭਾਵਨਾ ਹੈ।
ਭਾਵੇਂ ਇਹ ਰਿਪੋਰਟ ਪਹਿਲਾਂ ਹੀ ਲੀਕ ਹੋ ਚੁੱਕੀ ਹੈ ਤੇ ਪੰਜਾਬ ਦੇ ਲੋਕਾਂ ਵਿਚ ਹੁਣ ਇਸ ਰਿਪੋਰਟ ਨੂੰ ਲੈ ਕੇ ਪਹਿਲਾਂ ਵਰਗੀ ਕੋਈ ਉਤਸਕਤਾ ਨਹੀਂ ਹੈ , ਪਰ ਹੁਣ ਪੰਜਾਬ ਨਾਲ ਜੁੜੇ ਲੋਕਾਂ ਦੀਆਂ ਨਜ਼ਰਾਂ ਇਸ ਕਮਿਸ਼ਨ ਦੀ ਹੋਣ ਵਾਲੀ ਬਹਿਸ ਤੇ ਲੱਗ ਗਈਆਂ ਹਨ ਕਿ ਕਿਆ ਇਹ ਬਹਿਸ ਹੋ ਸਕੇਗੀ ਜਾਂ ਨਹੀਂ।
ਇਸ ਸੈਸ਼ਨ ਦੀ ਦੂਜੀ ਖਿੱਚ ਆਮ ਆਦਮੀ ਪਾਰਟੀ ਦੀ ਪਾਟੋ ਧਾੜ ਹੋਵੇਗੀ। ਫਾਇਰ ਬ੍ਰਾਂਡ ਮੰਨੇ ਜਾਂਦੇ ਬਾਗੀ ਆਗੂ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਅਤੇ ਉਨ੍ਹਾਂ ਦੇ 6 ਹੋਰ ਵਿਧਾਇਕ ਸਾਥੀ ਸਦਨ ਵਿਚ ਕੀ ਰੁੱਖ ਅਖਤਿਆਰ ਕਰਨਗੇ।  ਪੱਗਾਂ ਦਾ ਰੰਗ ਬਦਲਣ ਤੋਂ ਬਾਅਦ ਉਹ ਹੋਰ ਕੀ ਕੀ ਬਦਲਣ ਦੀ ਤਿਆਰੀ ਵਿਚ ਹਨ।  ਸੱਤਾਧਾਰੀ ਕਾਂਗਰਸ ਕੋਲ ਰੱਜਵਾਂ ਬਹੁਮਤ ਹੈ , ਪਰ ਵਿਰੋਧੀ ਧਿਰ ਹੁਣ ਚਾਰ ਹਿੱਸਿਆਂ ਵਿਚ ਹੋ ਗਈ ਹੈ।  ਦੋ ਹਿੱਸੇ ਆਮ ਆਦਮੀ ਪਾਰਟੀ ਦੇ , ਇਸ ਹਿੱਸਾ ਲੋਕ ਇਨਸਾਫ ਪਾਰਟੀ ਦਾ ਅਤੇ ਚੌਥਾ ਹਿੱਸਾ ਅਕਾਲੀ ਦਲ -ਭਾਜਪਾ ਗਠਜੋੜ ਦਾ। ਭਾਵੇਂ ਸੱਤਾਧਾਰੀ ਪਾਰਟੀ ਨੇ ਜਸਟਿਸ ਕਮਿਸ਼ਨ ਦੀ ਰਿਪੋਰਟ ਤੇ ਬਹਿਸ ਲਈ ਬੋਲਣ ਵਾਲਿਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ , ਪਰ ਸੰਕੇਤ ਹਨ ਕਿ 5 ਦਿਨਾਂ ਦੇ ਨਾਮ ਤੇ ਕੰਮ-ਕਾਰ  ਲਈ ਮਹਿਜ ਤਿੰਨ ਸਿਟਿੰਗ ਵਾਲਾ ਸੈਸ਼ਨ ਟਕਰਾਅ ਦਾ ਗਵਾਹ ਬਣੇਗਾ। ਇਸੇ ਦੌਰਾਨ ਬਿੱਲ ਵੀ ਪੇਸ਼ ਕੀਤੇ ਜਾਣੇ ਹਨ। ਇਸ ਸੈਸ਼ਨ ਦੀ ਮਿਆਦ ਹੋਰ ਵਧਾਈ ਜਾਣੀ ਹੈ ਜਾਂ ਨਹੀਂ , ਇਸਦਾ ਫੈਸਲਾ ਅੱਜ ਹੀ ਹੋਵੇਗਾ।