• Home
  • ਭਾਰਤੀ ਵਿਦੇਸ਼ ਮੰਤਰੀ ਨੇ ਪਾਕਿ ਵਿਦੇਸ਼ ਮੰਤਰੀ ਨਾਲ ਅੱਖ ਵੀ ਨਾ ਮਿਲਾਈ

ਭਾਰਤੀ ਵਿਦੇਸ਼ ਮੰਤਰੀ ਨੇ ਪਾਕਿ ਵਿਦੇਸ਼ ਮੰਤਰੀ ਨਾਲ ਅੱਖ ਵੀ ਨਾ ਮਿਲਾਈ

ਨਿਊਯਾਰਕ, (ਖ਼ਬਰ ਵਾਲੇ ਬਿਊਰੋ) : ਇਥੇ ਚੱਲ ਰਹੀ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ 'ਚ ਹਿੱਸਾ ਲੈਣ ਲਈ ਵੱਖ ਵੱਖ ਦੇਸ਼ਾਂ ਦੇ ਪ੍ਰਤੀਨਿਧ ਪਹੁੰਚੇ ਹੋਏ ਹਨ। ਭਾਰਤ ਵਲੋਂ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਤੇ ਪਾਕਿਸਤਾਨ ਵਲੋਂ ਵਿਦੇਸ਼ ਮੰਤਰੀ ਮਹਿਮੂਦ ਕੁਰੈਸ਼ੀ ਪ੍ਰਤੀਨਿਧਤਾ ਕਰ ਰਹੇ ਹਨ।
ਹਾਲਾਂਕਿ ਇਸ ਅਸੈਂਬਲੀ ਤੋਂ ਪਹਿਲਾਂ ਇਕ ਵਾਰ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ 'ਚ ਮੀਟਿੰਗ ਹੋਣ ਬਾਰੇ ਐਲਾਨ ਕਰ ਦਿੱਤਾ ਸੀ ਪਰ ਅਗਲੇ ਦਿਨ ਪਾਕਿ ਸਿੱਖਿਅਤ ਅੱਤਵਾਦੀਆਂ ਵਲੋਂ ਕਸ਼ਮੀਰ 'ਚ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਤੋਂ ਬਾਅਦ ਭਾਰਤ ਵਲੋਂ ਇਹ ਮੀਟਿੰਗ ਰੱਦ ਕਰ ਦਿੱਤੀ ਗਈ।
ਬੀਤੇ ਦਿਨ ਸਾਰਕ ਦੇਸ਼ਾਂ ਦੀ ਵਿਦੇਸ਼ ਮੰਤਰੀ ਪੱਧਰ ਦੀ ਮੀਟਿੰਗ ਆਯੋਜਤ ਕੀਤੀ ਗਈ ਜਿਸ ਵਿਚ ਭਾਰਤ ਤੇ ਪਾਕਿ ਦੇ ਵਿਦੇਸ਼ ਮੰਤਰੀਆਂ ਨੇ ਵੀ ਹਿੱਸਾ ਲਿਆ। ਇਸ ਮੀਟਿੰਗ ਦੌਰਾਨ ਭਾਰਤੀ ਵਿਦੇਸ਼ ਮੰਤਰੀ ਨੇ ਪਾਕਿ ਵਿਦੇਸ਼ ਮੰਤਰੀ ਨਾਲ ਨਜਰ ਵੀ ਨਹੀਂ ਮਿਲਾਈ। ਫਿਰ ਸ਼ੁਸ਼ਮਾ ਸਵਰਾਜ ਦਾ ਭਾਸ਼ਣ ਹੋਇਆ ਤੇ ਭਾਸ਼ਣ ਦੇਣ ਤੋਂ ਤੁਰੰਤ ਬਾਅਦ ਉਹ ਸਮਾਗਮ ਛੱਡ ਕੇ ਚਲੇ ਗਏ।
ਭਾਰਤੀ ਵਿਦੇਸ਼ ਮੰਤਰੀ ਦੇ ਜਾਣ ਤੋਂ ਬਾਅਦ ਪਾਕਿ ਵਿਦੇਸ਼ ਮੰਤਰੀ ਭੜਕ ਗਏ ਕਿਉਂਕਿ ਸ਼ੁਸ਼ਮਾ ਸਵਰਾਜ ਤੋਂ ਬਾਅਦ ਮਹਿਮੂਦ ਕੁਰੈਸ਼ੀ ਦਾ ਭਾਸ਼ਣ ਸੀ। ਕੁਰੈਸ਼ੀ ਨੇ ਦੋਸ਼ ਲਾਇਆ ਕਿ ਸਾਰਕ ਦੇਸ਼ਾਂ ਦੀ ਤਰੱਕੀ 'ਚ ਭਾਰਤ ਰੋੜੇ ਅਟਕਾ ਰਿਹਾ ਹੈ।
ਕੁਰੈਸ਼ੀ ਦੀ ਇਸ ਟਿੱਪਣੀ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਸ਼ਣ ਤੋਂ ਬਾਅਦ ਸਮਾਗਮ ਛੱਡ ਕੇ ਜਾਣ ਵਾਲੀ ਵਿਦੇਸ਼ ਮੰਤਰੀ ਪਹਿਲੀ ਨਹੀਂ ਸੀ ਤੇ ਇਸ ਤੋਂ ਪਹਿਲਾਂ ਵੀ ਕਈ ਪ੍ਰਤੀਨਿਧ ਆਪਣਾ ਆਪਣਾ ਭਾਸ਼ਣ ਦੇ ਕੇ ਚਲੇ ਗਏ ਸਨ।